ਦਿੱਲੀ ਬਾਰਡਰ ਤੇ ਕਰੰਟ ਲੱਗਣ ਵਾਲ਼ੇ ਨੌਜਵਾਨ ਦਾ ਪਿੰਡ ਕਾਉਂਕੇ ਕਲਾਂ ਵਿਚ ਹੋਇਆ ਸ਼ਰਧਾਂਜਲੀ ਸਮਾਗਮ

 ਪਰਿਵਾਰ ਨੂੰ 8 ਲੱਖ ਦੀ ਸਹਾਇਤਾ ਭੇਟ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਬੀਤੇ ਦਿਨੀਂ ਸਿੰਘੂ ਬਾਰਡਰ ਤੇ ਸ਼ਹੀਦ ਹੋਏ ਪਿੰਡ ਕਾਉਂਕੇ ਕਲਾਂ ਦੇ ਮਜਦੂਰ ਸੋਹਣ ਸਿੰਘ  ਬਿੱਲਾ ਦੇ ਭੋਗ ਸਮਾਗਮ ਤੇ ਗੁਰਦੂਆਰਾ ਪੂਰਤੀ ਬਾਦਾ ਵਿਖੇ ਪਿੰਡ ਅਤੇ ਇਲਾਕੇ ਭਰ ਚੋਂ ਸੈਂਕੜੇ ਮਜਦੂਰ ਕਿਸਾਨ ਮਰਦ ਔਰਤਾਂ ਨੇ ਸ਼ਿਰਕਤ ਕੀਤੀ। ਇਸ ਸਮੇਂ ਕਿਸਾਨ ਮਜਦੂਰ ਲਹਿਰ ਦੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਸੋਹਣ ਸਿੰਘ ਦੀ ਸ਼ਹਾਦਤ ਨੇ 1974 ਦੇ ਕਿਸਾਨਾਂ ਦੇ ਤੇਲ ਦੀ ਬਲੈਕ ਖਿਲਾਫ ਚੱਲੇ ਕਿਸਾਨ ਸੰਘਰਸ਼ ਦੀ ਯਾਦ ਤਾਜਾ ਕਰਵਾ ਦਿੱਤੀ ਜਦੋਂ ਕਾਂਗਰਸ ਹਕੂਮਤ ਦੇ ਰਾਜ ਚ ਪੁਲਸ ਗੋਲੀ ਨਾਲ ਪਿੰਡ ਗਾਲਬ ਕਲਾਂ ਦਾ ਮਜਦੂਰ ਪਿਆਰਾ ਸਿੰਘ ਸ਼ਹੀਦ ਹੋਇਆ ਸੀ। ਇਕ ਬੇਜ਼ਮੀਨੇ ਮਜਦੂਰ ਵਜੋਂ ਲਗਾਤਾਰ ਡੇਢ ਮਹੀਨੇ ਤੋ ਸੰਘਰਸ਼ ਚ ਡਟਿਆ  ਸੋਹਣ ਸਿੰਘ ਕਿਸਾਨ ਅੰਦੋਲਨ ਦੀ ਸੇਵਾ ਕਰ ਰਿਹਾ ਸੀ। ਉਨਾਂ ਕਿਹਾ ਕਿ ਪੈਸੇ ਦੀ ਸਾਮਰਾਜੀ ਹਵਸ ਨੇ ਸਾਡੇ 600 ਦੇ ਕਰੀਬ ਕਿਸਾਨ ਮਜ਼ਦੂਰ ਸਾਥੋਂ ਖੋਹ ਲਏ ਹਨ।ਇਹ ਕਿਸਾਨ ਸੰਘਰਸ਼ ਅਸਲ ਚ ਸਾਮਰਾਜੀ ਨੀਤੀਆਂ ਯਾਨਿ ਵਡੇ ਕਾਰਪੋਰੇਟ ਲੁਟੇਰਿਆਂ ਦੇ ਖਿਲਾਫ ਸੰਘਰਸ਼ ਹੈ। ਸੋਹਣ ਸਿੰਘ ਜਮੀਨਾਂ ਬਚਾਉਣ,ਦੇਸ਼ ਬਚਾਉਣ ਦੇ ਹੱਕੀ ਸੰਘਰਸ਼ ਦਾ ਅਮਰ ਸ਼ਹੀਦ ਹੈ। ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ,ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਆਗੂ ਗੁਰਪ੍ਰੀਤ ਸਿੰਘ ਸਿਧਵਾਂ, ਲੱਖੋਵਾਲ ਗਰੁੱਪ ਦੇ ਜੋਗਿੰਦਰ ਸਿੰਘ ਬਜੁਰਗ, ਟਰੱਕ ਯੂਨੀਅਨ ਦੇ ਪ੍ਰਧਾਨ ਬਿੰਦਰ ਮਨੀਲਾ,ਸਾਬਕਾ ਸਰਪੰਚ ਮਨਜਿੰਦਰ ਸਿੰਘ ਮਨੀ, ਅਵਤਾਰ ਸਿੰਘ ਮੱਲੀ  ਨੇ ਸ਼ਰਧਾਂਜਲੀ ਭੇਟ ਕਰਦਿਆਂ ਪੀੜ੍ਹਤ ਪਰਿਵਾਰ ਨਾਲ ਖੜਣ ਦਾ ਵਚਨ ਦਿੰਦਿਆਂ ਕਿਸਾਨ ਸੰਘਰਸ਼ ਨੂੰ ਜਿੱਤ ਤੱਕ ਪੁਚਾਉਣ ਲਈ ਜੀ ਜਾਨ ਲਾਉਣ ਦਾ ਭਰੋਸਾ ਦਿੱਤਾ।  ਇਸ ਸਮੇਂ ਪਿੰਡ ਨਿਵਾਸੀਆਂ ਤੇ ਐਨ ਆਈ ਆਰਜ ਭਰਾਵਾਂ ਤੇ ਵਖ ਵਖ ਸੰਸਥਾਵਾਂ ਵਲੋ ਭੇਜੀ ਗਈ ਲਗਭਗ 8 ਲੱਖ ਰੁਪਏ ਦੀ ਮਦਦ ਪਰਿਵਾਰ ਨੂੰ ਸੌਂਪੀ ਗਈ। ਬਚਿਆਂ ਦੀ ਪੜਾਈ ਦਾ ਜਿੰਮਾ ਉਟਣ ਦਾ ਵੀ ਭਰੋਸਾ ਦਿੱਤਾ ਗਿਆ। ਸੰਯੁਕਤ ਕਿਸਾਨ ਮੋਰਚੇ ਵਲੋਂ ਸ਼ਹੀਦ ਦੇ 10 ਸਾਲਾ ਬੇਟੇ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ ਜਿਲਾ ਸਕਤਰ, ਆਤਮਜੀਤ ਸਿੰਘ , ਗੁਰਚਰਨ ਸਿੰਘ ਗੁਰੂਸਰ ਪ੍ਰਧਾਨ, ਜਸਪਾਲ ਸਿੰਘ 
ਪ੍ਰਧਾਨ, ਸੁਖਦੇਵ ਸਿੰਘ ਮਾਣੂਕੇ , ਕੁੰਡਾ ਸਿੰਘ ਕਾਉਂਕੇ, ਮਾਸਟਰ ਸੁਰਜੀਤ ਸਿੰਘ ਦੋਧਰ, ਦੇਵਿੰਦਰ ਸਿੰਘ ਕਾਉਂਕੇ, ਸਰਪ੍ਰੀਤ ਸਿੰਘ, ਹਰੀ ਸਿੰਘ ਆਦਿ ਹਾਜਰ ਸਨ ।