550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਆਵਾਜਾਈ ਲਈ ਪ੍ਰਸ਼ਾਸਨ ਵਲੋਂ ਰੋਡ ਮੈਪ ਜਾਰੀ

ਕਪੂਰਥਲਾ, ਨਵੰਬਰ  2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )-

550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਵਿਚ ਹੋਣ ਵਾਲੇ ਸਮਾਗਮਾਂ ਵਿਚ ਸੰਗਤ ਦਾ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਪੁੱਜਣਾ ਯਕੀਨੀ ਬਣਾਉਣ ਦੇ ਮਨੋਰਥ ਨਾਲ ਸੁਲਤਾਨਪੁਰ ਲੋਧੀ ਨੂੰ ਆਉਂਦੇ ਮੁੱਖ ਮਾਰਗਾਂ 'ਤੇ ਆਵਾਜਾਈ ਨੂੰ ਨਿਰੰਤਰ ਬਹਾਲ ਰੱਖਣ ਲਈ ਵਨ ਵੇਅ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਿੰਦਰ ਸਿੰਘ ਐਸ.ਐਸ.ਪੀ. ਕਪੂਰਥਲਾ ਨੇ ਦੱਸਿਆ ਕਿ 3 ਨਵੰਬਰ ਤੋਂ ਗੋਇੰਦਵਾਲ ਸਾਹਿਬ ਤੋਂ ਵਾਇਆ ਤਲਵੰਡੀ ਚੌਧਰੀਆਂ, ਸੁਲਤਾਨਪੁਰ ਲੋਧੀ ਤੋਂ ਆਉਣ ਵਾਲੀਆਂ ਕਾਰਾਂ, ਜੀਪਾਂ, ਟਰਾਲੀਆਂ, ਅਕਾਲ ਅਕੈਡਮੀ ਸੁਲਤਾਨਪੁਰ ਲੋਧੀ ਨੇੜੇ ਬਣਾਏ ਪਾਰਕ 'ਚ ਖੜ੍ਹੀਆਂ ਹੋਣਗੀਆਂ, ਜਦਕਿ ਟਰੱਕ, ਬੱਸਾਂ ਕਪੂਰਥਲਾ ਤੋਂ ਕਾਂਜਲੀ, ਪੁਲਿਸ ਲਾਇਨ, ਡੀ.ਸੀ. ਚੌਕ, ਜਲੰਧਰ ਬਾਈਪਾਸ ਬਾਬਾ ਝੋਟੇ ਸ਼ਾਹ ਦੀ ਦਰਗਾਹ, ਰਮਨੀਕ ਚੌਕ ਤੋਂ ਡਡਵਿੰਡੀ ਆਉਣਗੀਆਂ | ਇਸੇ ਤਰ੍ਹਾਂ ਅੰਮਿ੍ਤਸਰ ਤੋਂ ਆਉਣ ਵਾਲੀ ਸੰਗਤ ਸੁਭਾਨਪੁਰ, ਕਾਂਜਲੀ, ਪੁਲਿਸ ਲਾਇਨ, ਡੀ.ਸੀ. ਚੌਕ, ਜਲੰਧਰ ਬਾਈਪਾਸ ਬਾਬਾ ਝੋਟੇ ਸ਼ਾਹ ਦੀ ਦਰਗਾਹ, ਰਮਨੀਕ ਚੌਕ ਤੋਂ ਡਡਵਿੰਡੀ ਦਾਖਲ ਹੋਵੇਗੀ ਤੇ ਕਰਤਾਰਪੁਰ ਵਲੋਂ ਆਉਣ ਵਾਲੀਆਂ ਗੱਡੀਆਂ ਵੀ ਇਸੇ ਰੂਟ 'ਤੇ ਹੀ ਡਡਵਿੰਡੀ ਆਉਣਗੀਆਂ, ਜਿੱਥੇ ਇਨ੍ਹਾਂ ਗੱਡੀਆਂ ਲਈ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ | ਐਸ.ਐਸ.ਪੀ. ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਤੋਂ ਵਾਪਸੀ ਸਮੇਂ ਇਹ ਸਾਰੀਆਂ ਗੱਡੀਆਂ ਡਡਵਿੰਡੀ ਮੋੜ ਤੋਂ ਰਾਮਪੁਰ ਜਗੀਰ, ਤਾਸ਼ਪੁਰ ਮੋੜ ਤੋਂ ਕਾਲਾ ਸੰਘਿਆਂ, ਜਲੰਧਰ ਤੇ ਕਪੂਰਥਲਾ ਨੂੰ ਆਉਣ ਵਾਲੀਆਂ ਗੱਡੀਆਂ ਕਾਲਾ ਸੰਘਿਆਂ ਤੋਂ ਕਪੂਰਥਲਾ ਆਉਣਗੀਆਂ | ਇਸੇ ਤਰ੍ਹਾਂ ਲੁਧਿਆਣਾ ਤੋਂ ਆਉਣ ਵਾਲੀਆਂ ਗੱਡੀਆਂ, ਫਿਲੌਰ, ਨਕੋਦਰ, ਕਾਲਾ ਸੰਘਿਆਂ ਤੋਂ ਕਪੂਰਥਲਾ ਤੇ ਕਪੂਰਥਲਾ ਤੋਂ ਡਡਵਿੰਡੀ ਆਉਣਗੀਆਂ ਤੇ ਇਨ੍ਹਾਂ ਗੱਡੀਆਂ ਦੀ ਵਾਪਸੀ ਵੀ ਡਡਵਿੰਡੀ ਮੋੜ ਤੋਂ ਰਾਮਪੁਰ ਜਗੀਰ, ਤਾਸ਼ਪੁਰ ਮੋੜ ਤੋਂ ਮਲਸੀਆਂ, ਨਕੋਦਰ, ਫਿਲੌਰ ਰਸਤੇ ਹੋਵੇਗੀ, ਜਦਕਿ ਫ਼ਿਰੋਜ਼ਪੁਰ, ਮੱਖੂ ਜ਼ੀਰਾ ਤੋਂ ਆਉਣ ਵਾਲੀਆਂ ਗੱਡੀਆਂ ਲੋਹੀਆਂ ਨੇੜਲੀ ਪਾਰਕਿੰਗ ਵਿਚ ਖੜ੍ਹੀਆਂ ਹੋਣਗੀਆਂ ਤੇ ਉਨ੍ਹਾਂ ਦੀ ਵਾਪਸੀ ਲੋਹੀਆਂ ਤੋਂ ਤਾਸ਼ਪੁਰ ਮੋੜ, ਮਲਸੀਆਂ, ਸ਼ਾਹਕੋਟ ਵੱਲ ਦੀ ਹੋਵੇਗੀ | ਇਸੇ ਤਰ੍ਹਾਂ ਮੋਗਾ ਤੋਂ ਆਉਣ ਵਾਲੀਆਂ ਗੱਡੀਆਂ ਬਾਜਵਾ ਕਲਾਂ, ਸ਼ਾਹਕੋਟ, ਮਲਸੀਆਂ, ਨਕੋਦਰ ਤੋਂ ਕਾਲਾ ਸੰਘਿਆਂ, ਕਪੂਰਥਲਾ ਵੱਲ ਦੀ ਹੁੰਦੀਆਂ ਹੋਈਆਂ ਡਡਵਿੰਡੀ ਪਹੁੰਚਣਗੀਆਂ ਤੇ ਇਨ੍ਹਾਂ ਦੀ ਵਾਪਸੀ ਡਡਵਿੰਡੀ ਤੋਂ ਤਾਸ਼ਪੁਰ ਮੋੜ, ਮਲਸੀਆਂ, ਸ਼ਾਹਕੋਟ ਵੱਲ ਦੀ ਹੋਵੇਗੀ | ਜਗਰਾਉਂ ਤੋਂ ਆਉਣ ਵਾਲੀਆਂ ਗੱਡੀਆਂ ਮਹਿਤਪੁਰ, ਬਾਜਵਾ ਕਲਾਂ, ਸ਼ਾਹਕੋਟ, ਨਕੋਦਰ, ਕਾਲਾ ਸੰਘਿਆਂ, ਕਪੂਰਥਲਾ ਤੇ ਕਪੂਰਥਲਾ ਤੋਂ ਡਡਵਿੰਡੀ ਵੱਲ ਦੀ ਹੋਵੇਗੀ ਤੇ ਵਾਪਸੀ ਸਮੇਂ ਇਹ ਗੱਡੀਆਂ ਤਾਸ਼ਪੁਰ ਤੋਂ ਮਲਸੀਆਂ ਵੱਲ ਦੀ ਵਾਪਸ ਜਾਣਗੀਆਂ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਮਾਗਮਾਂ ਵਿਚ ਆਵਾਜਾਈ ਨੂੰ ਬਹਾਲ ਰੱਖਣ ਲਈ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ |