ਸਾਂਝਾ ਮੁਲਾਜ਼ਮ ਮੰਚ ਪੰਜਾਬ ਵੱਲੋਂ ਗੁਰੂਸਰ ਸਧਾਰ ਵਿਖੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ

  ਸੁਧਾਰ , (ਜਗਰੂਪ ਸਿੰਘ ਸੁਧਾਰ ) ਛੇਵੇਂ ਤਨਖਾਹ ਕਮਿਸ਼ਨ ਵਿਚਲੀਆਂ ਤਰੁੱਟੀਆਂ ਦੇ ਵਿਰੋਧ ਵਿੱਚ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੇ ਸੱਦੇ ਉੱਪਰ ਪੂਰੇ ਪੰਜਾਬ ਦੇ ਮੁਲਾਜ਼ਮਾਂ ਨੇ 8 ਅਤੇ  9 ਜੁਲਾਈ ਦੀ ਕਲਮ ਛੋੜ ਹੜਤਾਲ ਵਿਚ ਵਧ ਚਡ਼੍ਹ ਕੇ ਭਾਗ ਲਿਆ  । ਇਸ ਦੇ ਸਬੰਧ ਵਿਚ ਅੱਜ ਗੁਰੂਸਰ ਸੁਧਾਰ ਵਿਖੇ ਸਮੂਹ ਮੁਲਾਜ਼ਮ ਜਥੇਬੰਦੀਆਂ  ਵੱਲੋਂ ਸਰਕਾਰੀ ਹਸਪਤਾਲ ਸੁਧਾਰ ਦੇ ਸਾਹਮਣੇ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ ਅਤੇ   ਇਸ ਮੌਕੇ ਤੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਦੀ ਅਰਥੀ ਨੂੰ ਲਾਂਬੂ ਲਾਇਆ ਗਿਆ  । ਇਸ ਮੌਕੇ ਤੇ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਬਲਾਕ ਸੁਧਾਰ ਦੇ ਸਕੱਤਰ ਹਰਜੀਤ ਸਿੰਘ ਸੁਧਾਰ ਨ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਬਾਰੇ ਦੱਸਦੇ ਹੋਏ ਕਿਹਾ  ਕਿ ਛੇਵੇਂ ਤਨਖਾਹ ਕਮਿਸ਼ਨ ਵਿਚ ਮੁਲਾਜ਼ਮਾਂ ਲਈ ਪ੍ਰਾਪਤ ਕਰਨਯੋਗ ਕੋਈ ਵੀ ਗੱਲ ਨਹੀਂ ਹੈ  ।ਉਨ੍ਹਾਂ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਮੁਲਾਜ਼ਮਾਂ ਦੀ ਤਨਖਾਹ ਪੇ  ਕਮਿਸ਼ਨ ਕਾਰਨ  ਵਧਣ ਦੀ ਬਜਾਏ ਘਟ ਰਹੀ ਹੈ  ।ਉਨ੍ਹਾਂ ਨੇ ਕਿਹਾ ਕਿ ਅਗਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਪੰਜਾਬ ਦੇ ਸਮੂਹ ਮੁਲਾਜ਼ਮ ਮਿਲਕੇ 2022 ਦੀਆਂ ਵੋਟਾਂ ਵਿੱਚ ਪੰਜਾਬ ਸਰਕਾਰ ਨੂੰ ਚੰਗਾ ਸਬਕ ਸਿਖਾਉਣਗੇ ।ਇਸ ਮੌਕੇ ਤੇ ਸਿਹਤ ਵਿਭਾਗ ਦੇ ਮੁਲਾਜ਼ਮ ਆਗੂ ਦਵਿੰਦਰ ਸਿੰਘ ਸੁਧਾਰ ਨੇ ਕਿਹਾ  ਕਿ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਕੋਰੋਨਾ ਕਾਲ ਵਿੱਚ  ਅੱਗੇ ਹੋ ਕੇ ਜਿੱਥੇ ਲੋਕਾਂ ਦੀ ਸੇਵਾ ਕੀਤੀ ਅਤੇ ਇਸ  ਬਿਮਾਰੀ ਦੇ ਨਾਲ ਲੜਦੇ ਹੋਏ ਬਹੁਤ ਸਾਰੇ ਮੁਲਾਜ਼ਮ   ਸ਼ਹੀਦ ਹੋ ਗਏ  ।ਉਸ ਦਾ ਇਨਾਮ ਸਰਕਾਰ ਨੇ ਤਨਖਾਹ ਕਮਿਸ਼ਨ ਵਿਚ ਇਨ੍ਹਾਂ ਸਿਹਤ ਮੁਲਾਜ਼ਮਾਂ ਦੀ ਤਨਖ਼ਾਹ ਘਟਾ ਕੇ ਦਿੱਤਾ ਹੈ  ।ਇਸ ਮੌਕੇ ਤੇ ਅਧਿਆਪਕ ਆਗੂ ਗੁਰਦੀਪ ਸਿੰਘ ਹੇਰਾਂ ਅਤੇ ਸੁਖਵਿੰਦਰ ਸਿੰਘ ਸੁਧਾਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅਗਰ ਸਰਕਾਰ ਨੇ ਛੇਵੇਂ ਤਨਖਾਹ ਕਮਿਸ਼ਨ ਨੂੰ ਮੁਲਾਜ਼ਮ ਪੱਖੀ ਬਣਾ ਕੇ ਲਾਗੂ ਨਾ ਕੀਤਾ ਤਾਂ ਪੰਜਾਬ ਦੇ ਸਮੂਹ ਮੁਲਾਜ਼ਮ ਸੜਕਾਂ ਤੇ ਆ ਕੇ ਸਰਕਾਰ ਦਾ ਪਿੱਟ ਸਿਆਪਾ ਕਰਨਗੇ  ।ਇਸ ਮੌਕੇ ਤੇ ਬਹੁਤ ਸਾਰੀਆਂ ਔਰਤ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਰਥੀ ਨੂੰ ਲਾਂਬੂ ਲਾਇਆ ਗਿਆ  ।ਇਸ ਮੌਕੇ ਤੇ ਮੁਲਾਜ਼ਮ ਆਗੂ  ਬਾਲਕ੍ਰਿਸ਼ਨ ਸੀਨੀਅਰ ਸਹਾਇਕ, ਗੁਰਪ੍ਰੀਤ ਸਿੰਘ ਪ੍ਰਧਾਨ  MDHW,ਅਮਨਿੰਦਰ ਸਿੰਘ ,ਮਾਸਟਰ ਰਣਜੀਤ ਸਿੰਘ ਰੁੜਕਾ, ਸੁਖਜੀਤ  ਸਿੰਘ ਬੁਰਜ ਲਿੱਟਾਂ, ਗੁਰਸੇਵਕ ਸਿੰਘ ,ਬਲਵਿੰਦਰ ਸਿੰਘ ਹੇਰਾਂ, ਧਰਮਜੀਤ ਸਿੰਘ ,ਜਸਵੰਤ ਸਿੰਘ, ਗੁਰਮਿੰਦਰ ਸਿੰਘ, ਗੁਰਦੀਸ਼ ਕੌਰ ,ਗੁਰਜੀਤ ਕੌਰ ਦਵਿੰਦਰ ਕੌਰ ਅਤੇ ਸਰਬਜੀਤ  ਕੌਰ ਆਦਿ ਹਾਜ਼ਰ ਸਨ  ।