ਜਗਰਾਉਂ ਵੈੱਲਫੇਅਰ ਸੁਸਾਇਟੀ ਨੇ ਡਾਕਟਰ ਹਰੀਹਰ ਮੋਹਨ ਸ਼ਰਮਾ ਨੂੰ ਵਧੀਆ ਸੇਵਾਵਾਂ ਬਦਲੇ ਕੀਤਾ ਸਨਮਾਨਿਤ

ਜਗਰਾਉਂ( ਅਮਿਤ ਖੰਨਾ)  ਧਨਵੰਤਰੀ ਹਸਪਤਾਲ ਕੇਰਲਾ ਤੋਂ ਆਯੁਰਵੈਦਿਕ ਡਿਗਰੀ ਹਾਸਲ ਕਰ ਕੇ ਦਿਹਾਤੀ ਇਲਾਕੇ 'ਚ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਡਾ. ਹਰੀਹਰ ਮੋਹਨ ਸ਼ਰਮਾ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਜਗਰਾਓਂ ਵੈੱਲਫੇਅਰ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਦਾ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਸ਼ਰਮਾ ਨੇ ਆਯੁਰਵੈਦਿਕ ਪ੍ਰਣਾਲੀ ਦੇ ਹੈਰਾਨੀਜਨਕ ਨਤੀਜਿਆਂ ਦੀ ਕਈ ਉਦਾਹਰਣਾਂ ਦਿੰਦਿਆਂ ਬੀਮਾਰੀਆਂ ਦੇ ਇਲਾਜ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਆਯੁਰਵੈਦ ਦੇਸ਼ ਦੀ ਸੰਸਕ੍ਰਿਤੀ ਦਾ ਹਿੱਸਾ ਹੈ, ਜਿਸ ਰਾਹੀਂ ਅੱਜ ਵਿਦੇਸ਼ਾਂ ਤੋਂ ਵੀ ਅੰਗਰੇਜ਼ ਭਾਰਤ ਆ ਕੇ ਇਲਾਜ ਕਰਵਾਉਂਦੇ ਹਨ ਪਰ ਭਾਰਤੀਆਂ 'ਚ ਇਸ ਪ੍ਰਤੀ ਜਾਗਰੂਕਤਾ ਨਾ ਹੋਣ ਕਾਰਨ ਬੀਮਾਰੀਆਂ ਵੱਧ ਰਹੀਆਂ ਹਨ। ਉਨ੍ਹਾਂ ਆਯੁਰਵੈਦ ਰਾਹੀਂ ਕਈ ਭਿਆਨਕ ਬੀਮਾਰੀਆਂ ਦੇ ਇਲਾਜ ਦੌਰਾਨ ਤੰਦਰੁਸਤ ਹੋਏ ਮਰੀਜ਼ਾਂ ਦੀ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਆਯੁਰਵੈਦ ਇਲਾਜ ਪ੍ਰਤੀ ਸੰਜੀਦਾ ਹੋਣ ਦੀ ਅਪੀਲ ਕੀਤੀ। ਇੱਥੇ ਇਹ ਵੀ ਵਰਣਨਯੋਗ ਹੈ ਕਿ ਡਾ. ਸ਼ਰਮਾ ਵੱਲੋਂ ਕੋਰੋਨਾ ਮਹਾਮਾਰੀ ਦੇ ਕਹਿਰ 'ਚ ਜਿੱਥੇ ਆਯੁਰਵੈਦ ਡਾਕਟਰੀ ਸਹੂਲਤਾਂ ਨਿਰੰਤਰ ਜਾਰੀ ਰੱਖੀਆਂ, ਉਥੇ ਕੋਰੋਨਾ ਤੋਂ ਬਚਾਉਣ ਲਈ ਮੁਫਤ ਆਯੁਰਵੈਦ ਬੂਸਟਰ ਵੰਡੇ। ਇਸ ਦੌਰਾਨ ਸੰਸਥਾ ਦੇ ਕੈਪਟਨ ਨਰੇਸ਼ ਵਰਮਾ, ਰਾਜ ਕੁਮਾਰ ਭੱਲਾ ਤੇ ਗੁਰਿੰਦਰ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਸਨਮਾਨਿਤ ਕਰਦਿਆਂ ਕੋਰੋਨਾ ਮਹਾਮਾਰੀ 'ਚ ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਰਵੀ ਗੋਇਲ, ਪਵਨ ਵਰਮਾ, ਬਿੰਦਰ ਮਨੀਲਾ, ਡਾ. ਨਰਿੰਦਰ ਸਿੰਘ, ਰਜਿੰਦਰ ਜੈਨ ਆਦਿ ਹਾਜ਼ਰ ਸਨ।