ਕਿਹਾ ਪਹਿਲਾਂ ਮੇਰੀ ਤੀਹ ਏਕੜ ਖੜ੍ਹੀ ਕਣਕ ਦੀ ਫ਼ਸਲ ਵੱਢ ਲਈ ਹੁਣ ਜ਼ਮੀਨ ਤੇ ਕਰਨਾ ਚਾਹੁੰਦਾ ਹੈ ਕਬਜ਼ਾ
ਮੇਰਾ ਜਾਨੀ ਮਾਲੀ ਨੁਕਸਾਨ ਹੋਣ ਤੇ ਕੈਪਟਨ ਸੰਧੂ ਅਤੇ ਇੰਸਪੈਕਟਰ ਪ੍ਰੇਮ ਸਿੰਘ ਹੋਣਗੇ ਜ਼ਿੰਮੇਵਾਰ
ਮੁੱਲਾਂਪੁਰ ਦਾਖਾ (ਜਗਰੂਪ ਸਿੰਘ ਸੁਧਾਰ)
ਪਿੰਡ ਹਸਨਪੁਰ ਵਿਖੇ ਤੀਹ ਏਕੜ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਮਾਰਕੀਟ ਕਮੇਟੀ ਮੂਨਕ ਦੇ ਕਾਂਗਰਸੀ ਚੇਅਰਪਰਸਨ ਬੀਬੀ ਸੁਖਜੀਤ ਕੌਰ ਤੇ ਬੀਤੀ ਰਾਤ ਹੋਏ ਕਾਤਲਾਨਾ ਹਮਲੇ ਨੂੰ ਲੈ ਕੇ ਹਲਕਾ ਦਾਖਾ ਕਾਂਗਰਸ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਅਤੇ ਥਾਣਾ ਦਾਖਾ ਦੇ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਉੱਪਰ ਗੰਭੀਰ ਦੋਸ਼ ਲੱਗੇ ਹਨ। ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਬੀਬੀ ਸੁਖਜੀਤ ਕੌਰ ਨੇ ਕਿਹਾ ਕਿ ਕਣਕ ਦੀ ਵਾਢੀ ਦੌਰਾਨ ਕੈਪਟਨ ਸੰਦੀਪ ਸੰਧੂ ਦੀ ਸ਼ਹਿ ਤੇ ਇੰਸਪੈਕਟਰ ਪ੍ਰੇਮ ਸਿੰਘ ਵੱਲੋਂ ਕੋਲ ਖੜ੍ਹ ਕੇ ਗੁੰਡਿਆਂ ਦੀ ਸਹਾਇਤਾ ਨਾਲ ਮੇਰੀ ਤੀਹ ਏਕੜ ਜ਼ਮੀਨ ਦੀ ਕਣਕ ਵੱਢ ਕੇ ਵੇਚ ਦਿੱਤੀ ਅਤੇ ਹੁਣ ਮੇਰੀ ਜ਼ਮੀਨ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਮੈਨੂੰ ਕਤਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਤੀਹ ਏਕੜ ਜੱਦੀ ਜ਼ਮੀਨ ਪਿੰਡ ਹਸਨਪੁਰ ਵਿਖੇ ਸਥਿਤ ਹੈ ਅਤੇ ਪਿਛਲੇ ਲੰਮੇ ਸਮੇਂ ਤੋਂ ਉਹ ਮਾਣਯੋਗ ਅਦਾਲਤ ਦੇ ਹੁਕਮਾਂ ਨਾਲ ਜ਼ਮੀਨ ਵਿੱਚ ਖੇਤੀ ਕਰਵਾ ਰਹੇ ਹਨ, ਪ੍ਰੰਤੂ ਪਿਛਲੇ ਸਮੇਂ ਦੌਰਾਨ ਹਲਕਾ ਦਾਖਾ ਅੰਦਰ ਕਾਂਗਰਸ ਦੀ ਵਾਗਡੋਰ ਸੰਭਾਲਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਮੇਰੀ ਜ਼ਮੀਨ ਹੜੱਪਣ ਲਈ ਯਤਨ ਕੀਤੇ ਜਾ ਰਹੇ ਹਨ
ਉਨ੍ਹਾਂ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ ਅੱਠ ਵਜੇ ਜਦੋਂ ਮੈਂ ਝੋਨਾ ਨੂੰ ਖਾਦ ਪਵਾਉਣ ਤੋਂ ਬਾਅਦ ਖੇਤ ਤੋਂ ਘਰ ਵੱਲ ਜਾਣ ਲੱਗੀ ਤਾਂ ਸਾਹਮਣੇ ਤੋਂ ਟਰੈਕਟਰ ਟਰਾਲੀ ਅਤੇ ਮੋਟਰਸਾਈਕਲਾਂ ਤੇ ਸਵਾਰ ਗੁੰਡਿਆਂ ਵੱਲੋਂ ਬੋਤਲਾਂ ਡੰਡਿਆਂ ਅਤੇ ਕਿਰਚਾਂ ਨਾਲ ਮੇਰੇ ਤੇ ਹਮਲਾ ਕਰ ਦਿੱਤਾ ਗਿਆ ਅਤੇ ਟਰੈਕਟਰ ਮਾਰ ਕੇ ਮੇਰੀ ਗੱਡੀ ਭੰਨ ਦਿੱਤੀ ਗਈ ਅਤੇ ਮੇਰੇ ਉਪਰ ਦੋ ਫਾਇਰ ਵੀ ਕੀਤੇ ਗਏ, ਬੇਸ਼ੱਕ ਇਸ ਹਮਲੇ ਦੌਰਾਨ ਮੇਰਾ ਬਚਾਅ ਹੋ ਗਿਆ ਪਰ ਫਾਇਰ ਮੇਰੀ ਗੱਡੀ ਵਿਚ ਲੱਗ ਕੇ ਪਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਹਮਲੇ ਦੌਰਾਨ ਜਦੋਂ ਆਸ ਪਾਸ ਦੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ ਤਾਂ ਉਕਤ ਹਮਲਾਵਰ ਆਪਣਾ ਇੱਕ ਟਰੈਕਟਰ ਟਰਾਲੀ ਅਤੇ ਇਕ ਮੋਟਰਸਾਈਕਲ ਛੱਡ ਕੇ ਫ਼ਰਾਰ ਹੋ ਗਏ। ਬੀਬੀ ਸੁਖਜੀਤ ਕੌਰ ਨੇ ਦੋਸ਼ ਲਗਾਇਆ ਕਿ ਹਮਲਾਵਰਾਂ ਵੱਲੋਂ ਵਾਰ ਵਾਰ ਮੈਨੂੰ ਇਹ ਕਿਹਾ ਜਾ ਰਿਹਾ ਸੀ ਕਿ ਇਸ ਜ਼ਮੀਨ ਦਾ ਕਬਜ਼ਾ ਛੱਡ ਦਿਓ ਤੁਸੀਂ ਕੈਪਟਨ ਸੰਦੀਪ ਸੰਧੂ ਨਾਲ ਦੁਸ਼ਮਣੀ ਪਾ ਕੇ ਜਿਊਂਦੇ ਨਹੀਂ ਰਹਿ ਸਕਦੇ। ਉਨ੍ਹਾਂ ਕਿਹਾ ਕਿ ਬੀਤੀ ਰਾਤ ਇਸ ਘਟਨਾ ਤੋਂ ਬਾਅਦ ਮੇਰੇ ਵੱਲੋਂ ਸੀਨੀਅਰ ਪੁਲੀਸ ਅਫ਼ਸਰਾਂ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆਂਦਾ ਗਿਆ ,ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਇੰਸਪੈਕਟਰ ਪ੍ਰੇਮ ਸਿੰਘ ਤੇ ਪੁਲਸ ਪਾਰਟੀ ਨੂੰ ਹਮਲਾਵਰਾਂ ਵੱਲੋਂ ਹਮਲਾ ਕਰਨ ਲਈ ਲਿਆਂਦੀਆਂ ਬੋਤਲਾਂ ਡੰਡੇ ਕਿਰਚਾਂ ਟਰੈਕਟਰ ਟਰਾਲੀ ਅਤੇ ਮੋਟਰਸਾਈਕਲ ਸਪੁਰਦ ਕਰ ਦਿੱਤੇ ਗਏ। ਬੀਬੀ ਸੁਖਜੀਤ ਕੌਰ ਨੇ ਕਿਹਾ ਕਿ ਕਾਤਲਾਨਾ ਹਮਲਾ ਹੋਣ ਦੇ ਬਾਵਜੂਦ ਪੁਲਸ ਵੱਲੋਂ ਅਜੇ ਤੱਕ ਦੋਸ਼ੀਆਂ ਖ਼ਿਲਾਫ਼ ਕੋਈ ਵੀ ਮੁਕੱਦਮਾ ਦਰਜ ਨਹੀਂ ਕੀਤਾ ਗਿਆ । ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੰਦੇ ਕਿਹਾ ਕਿ ਜੇਕਰ ਇਸ ਮਾਮਲੇ ਵਿਚ ਪੁਲਸ ਕਾਰਵਾਈ ਨਹੀਂ ਕਰਦੀ ਤਾਂ ਉਹ ਦਾਖਾ ਥਾਣਾ ਅਤੇ ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਬਾਹਰ ਲਗਾਤਾਰ ਧਰਨੇ ਤੇ ਬੈਠਣਗੇ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ਵਿੱਚ ਮੇਰਾ ਕਿਸੇ ਤਰ੍ਹਾਂ ਦਾ ਬੀ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਇੰਸਪੈਕਟਰ ਪ੍ਰੇਮ ਸਿੰਘ ਅਤੇ ਕੈਪਟਨ ਸੰਦੀਪ ਸਿੰਘ ਸੰਧੂ ਹੋਣਗੇ।
ਬੀਬੀ ਸੁਖਜੀਤ ਕੌਰ ਨੇ ਕਿਹਾ ਕਿ ਉਹ ਜੱਦੀ ਪੁਸ਼ਤੀ ਕਾਂਗਰਸੀ ਹਨ ਅਤੇ ਮੌਜੂਦਾ ਸਮੇਂ ਕਾਂਗਰਸ ਪਾਰਟੀ ਵੱਲੋਂ ਮਾਰਕੀਟ ਕਮੇਟੀ ਮੂਨਕ ਦੇ ਚੇਅਰਪਰਸਨ ਹਨ। ਉਨ੍ਹਾਂ ਕੈਪਟਨ ਸੰਦੀਪ ਸੰਧੂ ਤੇ ਉਨ੍ਹਾਂ ਦੀ ਜ਼ਮੀਨ ਨੂੰ ਹੜੱਪਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਇਸ ਪੂਰੇ ਮਾਮਲੇ ਨੂੰ ਪਾਰਟੀ ਹਾਈ ਕਮਾਂਡ ਤਕ ਪਹੁੰਚ ਦਾ ਕਰਨਗੇ ਅਤੇ ਕੈਪਟਨ ਸੰਦੀਪ ਸੰਧੂ ਦੇ ਖ਼ਿਲਾਫ਼ ਪਾਰਟੀ ਵੱਲੋਂ ਕਾਰਵਾਈ ਦੀ ਮੰਗ ਕਰਨਗੇ