ਭਾਰਤ ਦੀ ਬਣੀ ਆਧੁਨਿਕ ਰੇਲ ਗੱਡੀ ਆਸਟਰੇਲੀਆ ’ਚ ਦੌੜੀ

ਸਿਡਨੀ, ਮਈ 2019   ਭਾਰਤ ਦੀ ਬਣੀ ਆਧੁਨਿਕ ਰੇਲ ਗੱਡੀ ਅੱਜ ਇਥੋਂ ਦੀ ਪਟੜੀ ’ਤੇ ਦੌੜੀ। ਬਿਨਾਂ ਡਰਾਈਵਰ ਤੋਂ ਚੱਲਣ ਵਾਲੀ ਇਸ ਰੇਲ ਗੱਡੀ ਨੇ ਆਸਟਰੇਲਿਆਈ ਲੋਕਾਂ ਦਾ ਮਨ ਮੋਹ ਲਿਆ ਤੇ ਹਜ਼ਾਰਾਂ ਯਾਤਰੀਆਂ ਨੇ ਗੱਡੀ ਵਿਚ ਸਫਰ ਕੀਤਾ। ਟਰਾਂਸਪੋਰਟ ਵਿਭਾਗ ਨੇ ਨਵੀਂ ਰੇਲ ਦੇ ਆਗਮਨ ਦੇ ਪਹਿਲੇ ਦਿਨ ਯਾਤਰੀਆਂ ਨੂੰ ਮੁਫਤ ਸਫਰ ਕਰਨ ਦੀ ਸਹੂਲਤ ਦਿੱਤੀ ਸੀ।
ਆਸਟਰੇਲੀਆ ਦੇ ਪੱਛਮੀ ਸਿਡਨੀ ’ਚ ਭਾਰਤੀ ਹੋਰਨਾਂ ਖੇਤਰਾਂ ਨਾਲੋਂ ਵਧੇਰੇ ਹਨ। ਇਥੇ ਨਵੇਂ ਉਸਰੇ ਅਰਧ ਸ਼ਹਿਰੀ ਖੇਤਰ ਦੇ ਲੋਕ ਜਨਤਕ ਬੱਸ ਸੇਵਾ ’ਤੇ ਹੀ ਨਿਰਭਰ ਹਨ। ਉਨ੍ਹਾਂ ਦੀ ਮੰਗ ਅਤੇ ਸੜਕੀ ਆਵਾਜਾਈ ਦੀ ਭੀੜ ਨੂੰ ਘਟਾਉਣ ਲਈ ਹੀ ਨਵੀਂ ਰੇਲਵੇ ਲਾਈਨ ਵਿਛਾਈ ਗਈ ਹੈ। ਸੂਬਾ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਮ ਤੇ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਕਰੀਬ 7 ਅਰਬ ਤੋਂ ਵੱਧ ਬਜਟ ਵਾਲਾ ਆਧੁਨਿਕ ਰੇਲ ਪ੍ਰਾਜੈਕਟ ਮੁਕੰਮਲ ਕਰ ਲਿਆ ਗਿਆ ਹੈ। ਸਰਕਾਰ ਨੇ ਤੇਜ਼ ਰਫਤਾਰ, ਸਰੁੱਖਿਅਤ, ਬਿਹਤਰ ਰੇਲ ਸੇਵਾ ਦੇਣ ਦੀ ਵਚਨਬੱਧਤਾ ਪੁਗਾਈ ਹੈ। ਰੇਲਵੇ ਸਟੇਸ਼ਨਾਂ ਨੇੜੇ ਕਰੀਬ 4000 ਕਾਰ ਪਾਰਕਿੰਗ, ਸਾਈਕਲ ਲਈ ਸਟੈਂਡ ਤੇ ਸਥਾਨਕ ਬੱਸ ਸਰਵਿਸ ਨਾਲ ਰੇਲ ਲਿੰਕ ਨੂੰ ਜੋੜਿਆ ਗਿਆ ਹੈ।
ਦੂਜੇ ਪਾਸੇ ਆਸਟਰੇਲੀਆ ਸਰਕਾਰ ਨੇ ਕਿਹਾ ਕਿ ਭਾਰਤ ਨਾਲ ਵਪਾਰਕ ਰਿਸ਼ਤੇ ਹੋਰ ਮਜ਼ਬੂਤ ਕੀਤੇ ਜਾਣਗੇ। ਰੇਲ ਪ੍ਰਾਜੈਕਟ ਤਹਿਤ 22 ਰੇਲ ਗੱਡੀਆਂ ਪ੍ਰਤੀ 6 ਕੋਚ ਦਾ ਨਿਰਮਾਣ ਭਾਰਤ ਤੋਂ ਕਰਵਾਇਆ ਜਾ ਰਿਹਾ ਹੈ। ਜਦੋਂਕਿ ਆਸਟਰੇਲਿਆਈ ਟਰੇਡ ਯੂਨੀਅਨਾਂ ਮੰਗ ਕਰ ਰਹੀਆਂ ਹਨ ਕਿ ਵਿਦੇਸ਼ ਤੋਂ ਸਸਤੇ ਭਾਅ ਰੇਲ ਨਿਰਮਾਣ ਕਰਵਾਏ ਜਾਣ ਨਾਲ ਮੁਲਕ ’ਚ ਬੇਰੁਜ਼ਗਾਰੀ ਵਧ ਰਹੀ ਹੈ।