ਚਾਰ ਨੌਜਵਾਨਾਂ ਦੇ ਕਤਲ ਮਗਰੋਂ ਪੰਜਾਬੀ ਭਾਈਚਾਰਾ ਚਿੰਤਤ

ਕੈਲਗਰੀ, ਮਈ 2019,  ਕੈਲਗਰੀ ਵਿੱਚ ਪਿਛਲੇ ਦਿਨਾਂ ਦੌਰਾਨ ਹੋਏ ਚਾਰ ਪੰਜਾਬੀ ਮੁੰਡਿਆਂ ਦੇ ਕਤਲਾਂ ਮਗਰੋਂ ਪੰਜਾਬੀ ਭਾਈਚਾਰਾ ਬੁਰੀ ਤਰ੍ਹਾਂ ਸਹਿਮ ਗਿਆ ਹੈ। ਜਵਾਨੀ ਦੇ ਭਵਿੱਖ ਨੂੰ ਲੈ ਕੇ ਚਿੰਤਤ ਲੋਕਾਂ ਨੇ ਇਨ੍ਹਾਂ ਘਟਨਾਵਾਂ ਦਾ ਹੱਲ ਕੱਢਣ ਲਈ ਮਿਲ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ ਹੈ। ਕੈਲਗਰੀ ਪੁਲੀਸ ਨੇ ਇਨ੍ਹਾਂ ਕਤਲਾਂ ਦੀ ਪੈੜ ਨੱਪਦਿਆਂ ਘਟਨਾ ਦੇ ਸਰੀ ਨਾਲ ਤਾਰਾਂ ਜੁੜਨ ਦੀ ਜਾਂਚ ਵੀ ਆਰੰਭੀ ਹੈ। ਇਸ ਦੇ ਨਾਲ ਹੀ ਪੁਲੀਸ ਇਨ੍ਹਾਂ ਚਾਰੋਂ ਕਤਲਾਂ ਦੇ ਆਪਸੀ ਸਬੰਧ ਹੋਣ ਬਾਰੇ ਵੀ ਜਾਂਚ ਕਰ ਰਹੀ ਹੈ। ਅਜਿਹੀਆਂ ਘਟਨਾਵਾਂ ਨਾਲ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕੈਲਗਰੀ ਪੁਲੀਸ ਜ਼ਿਆਦਾ ਚਿੰਤਤ ਹੈ।
ਨਾਰਥ ਈਸਟ ਵਿੱਚ 37 ਐਵੇਨਿਊ ਦੇ 2400 ਬਲਾਕ ਵਿੱਚ 3 ਅਪਰੈਲ ਦੀ ਸਵੇਰੇ ਗੋਲੀਬਾਰੀ ਦੀ ਘਟਨਾ ਵਿੱਚ ਦੋ ਘਰਾਂ ਦੇ ਚਿਰਾਗ ਬੁਝ ਗਏ। ਇਸ ਘਟਨਾ ਵਿੱਚ 25 ਸਾਲਾ ਜਸਦੀਪ ਸਿੰਘ ਤੇ 22 ਸਾਲਾ ਜਪਨੀਤ ਮੱਲ੍ਹੀ ਮਾਰੇ ਗਏ ਸਨ। ਭਰ ਜਵਾਨੀ ਤੁਰ ਗਏ ਇਨ੍ਹਾਂ ਗੱਭਰੂਆਂ ਦੇ ਸਿਵੇ ਅਜੇ ਠੰਢੇ ਨਹੀਂ ਸਨ ਹੋਏ ਕਿ ਨਾਰਥ ਵੈਸਟ ਵਿੱਚ ਇੱਕ ਪੰਜਾਬੀ ਗੱਭਰੂ ਬਿਕਰਮਜੀਤ ਢੀਂਡਸਾ ਦੀ ਲਾਸ਼ ਹੈਂਪਸਟਨ ਕਮਿਊਨਿਟੀ ਵਿੱਚੋਂ ਸ਼ੱਕੀ ਹਾਲਤ ਵਿੱਚ ਮਿਲੀ। ਨਗਰ ਕੀਰਤਨ ਮਗਰੋਂ ਮਾਂ ਦਿਵਸ ਦੀਆਂ ਖੁਸ਼ੀਆਂ ਵਿੱਚ ਰੁੱਝੇ ਪੰਜਾਬੀ ਭਾਈਚਾਰੇ ਨੂੰ ਇਸ ਘਟਨਾ ਨੇ ਬੁਰੀ ਤਰ੍ਹਾਂ ਝੰਜੋੜ ਦਿੱਤਾ।
ਚੌਥੀ ਘਟਨਾ ਟੈਰਾਡੇਲ ਵਿੱਚ ਵਾਪਰੀ ਜਿੱਥੇ 23 ਸਾਲਾ ਸੌਰਭ ਸੈਣੀ ਇਸ ਜਹਾਨੋਂ ਕੂਚ ਕਰ ਗਿਆ। ਇਨ੍ਹਾਂ ਕਤਲਾਂ ਦੀ ਚਰਚਾ ਕੈਨੇਡੀਅਨ ਮੀਡੀਆ ਵਿੱਚ ਵੀ ਹੋ ਰਹੀ ਹੈ। ਕੈਲਗਰੀ ਦੇ ਵਾਰਡ ਨੰਬਰ-5 ਤੋਂ ਕੌਂਸਲਰ ਜੌਰਜ ਚਾਹਲ ਨੇ ਕਿਹਾ ਹੈ ਕਿ ਅਜਿਹੀਆਂ ਘਟਨਾਵਾਂ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹਨ ਤੇ ਇਨ੍ਹਾਂ ਨਾਲ ਜਨਤਕ ਥਾਵਾਂ ’ਤੇ ਵਿਚਰ ਰਹੇ ਆਮ ਲੋਕਾਂ ਦੀ ਜਾਨ ਨੂੰ ਵੀ ਖਤਰਾ ਹੈ।