ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਖ ਵੱਖ ਆਗੂਆਂ ਨੇ ਟਿਕਰੀ ਬਾਰਡਰ 'ਤੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਸਟੇਜ ਤੋਂ ਸੰਬੋਧਨ ਕੀਤਾ 

ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਦੇ ਭਰਵੇਂ ਇਕੱਠ ਲਾਹਨਤਾਂ ਪਾ ਰਹੇ ਹਨ ਮੋਦੀ ਸਰਕਾਰ ਨੂੰ    

ਨਵੀਂ ਦਿੱਲੀ 4 ਮਈ (ਗੁਰਸੇਵਕ ਸਿੰਘ ਸੋਹੀ ) ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਦਿੱਲੀ ਦੀਆਂ ਹੱਦਾਂ 'ਤੇ ਚੱਲ ਰਹੇ ਮੋਰਚੇ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ( ਉਗਰਾਹਾਂ) ਦੀ ਟਿਕਰੀ ਬਾਰਡਰ 'ਤੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਸਟੇਜ ਦੀ ਸ਼ੁਰੂਆਤ ਨੌਜਵਾਨ ਸਟੇਜ ਸਕੱਤਰ ਯੁਵਰਾਜ ਘੁਡਾਣੀ ਰਾਹੀਂ ਡਾ: ਦਵਿੰਦਰ ਧੋਲਾ,ਜੋਗੀ ਨੰਗਲਾ, ਹਰਮੇਲ ਘਾਲੀ,ਰਾਮ ਨਿਰਮਾਣ, ਕਵੀਸ਼ਰ ਜਗਦੇਵ ਛਾਜਲੀ ਆਦਿ ਜਥੇਬੰਦੀ ਦੇ ਕਲਾਕਾਰਾਂ ਵੱਲੋਂ ਗਾਏ ਇਨਕਲਾਬੀ ਗੀਤਾਂ,ਕਵੀਸ਼ਰੀਆਂ ਨਾਲ ਕੀਤੀ ਗਈ।ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾਂ ਨੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਬਲਯੂ ਟੀ ਓ ਦੀਆਂ ਸਿਫ਼ਾਰਸ਼ਾਂ ਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਦਾ ਅਮਲ ਹਿੰਦੋਸਤਾਨ ਅੰਦਰ 1991 ਤੋਂ ਲਗਤਾਰ ਚੱਲ ਰਿਹਾ ਹੈ।ਕਿਸਾਨਾਂ ਦੀਆਂ ਜ਼ਮੀਨਾਂ ਲੁਕਵੇਂ ਢੰਗ ਰਾਹੀਂ ਸਾਮਰਾਜ ਦੇ ਦਾਬੇ ਹੇਠ ਕਾਰਪੋਰੇਟਾ ਘਰਾਣਿਆਂ ਦੇ ਹਵਾਲੇ ਕੀਤੀਆਂ ਜਾ ਰਹੀਆਂ ਹਨ।ਮੋਦੀ ਹਕੂਮਤ ਵੱਲੋਂ ਦੂਸਰੀ ਪਾਰੀ ਜਿੱਤਣ ਤੋਂ ਬਾਅਦ ਇਸ ਦੀ ਸ਼ੁਰੂਆਤ ਜੰਮੂ- ਕਸ਼ਮੀਰ 'ਚ ਧਾਰਾ 370‌ ਅਤੇ 35 ਏ ਤੋੜ ਕੇ ਜੰਮੂ-ਕਸ਼ਮੀਰ ਨੂੰ ਸੂਬੇ ਦੇ ਹੱਕਾਂ ਤੋਂ ਵਾਂਝਾ ਕੀਤਾ ਫਿਰ ਸਾਰੇ ਸੂਬਿਆਂ ਅੰਦਰ ਡਾਂਗ ਦੇ ਜ਼ੋਰ ਨਾਲ ਸਾਮਰਾਜੀ ਤੇ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆ ਹਨ।ਉਨ੍ਹਾਂ ਕਿਹਾ ਕਿ ਇਸ ਵਰਤਾਰੇ ਨੂੰ ਠੱਲਣ ਲਈ ਸਿਆਸੀ ਪਾਰਟੀਆਂ ਦੇ ਝੰਡੇ ਛੱਡ ਕੇ ਕਿਸਾਨੀ ਝੰਡੇ ਚੁੱਕਣ ਦੀ ਅੱਜ ਵੱਡੀ ਲੋੜ ਹੈ ਫਿਰ ਹੀ ਜ਼ਮੀਨਾਂ ਨੂੰ ਬਚਾਇਆ ਜਾ ਸਕਦਾ ਹੈ।ਹਰਿਆਣਾ ਤੋਂ ਵੇਦ ਪ੍ਰਕਾਸ਼ ਨੇ ਕਿਹਾ ਕਿ ਕਿਸਾਨਾਂ ਦੀ ਕੋਈ ਜਾਤ ਜਾਂ ਧਰਮ ਨਹੀਂ ਹੁੰਦਾ ਸਿਰਫ਼ ਕਿਸਾਨੀ ਹੀ ਸਾਡਾ ਧਰਮ ਹੈ।ਧਰਮ ਨੂੰ ਮੰਨਣਾ ਜਾਂ ਨਾ ਮੰਨਣਾ ਹਰ ਇਕ ਵਿਅਕਤੀ ਦਾ ਨਿੱਜੀ ਮਾਮਲਾ ਹੈ।ਇਸ ਕਰਕੇ ਸਾਡਾ ਕੌਮੀ ਝੰਡਾ ਧਰਮ ਨਿਰਪੱਖ ਬਣਾਇਆ ਗਿਆ ਹੈ।ਸੋ ਆਓ ਧਰਮਾ,ਜਾਤਾ ਤੋਂ ਉੱਪਰ ਉੱਠ ਕੇ ਸੰਘਰਸ਼ ਦੇ ਰਾਹ ਪਈਏ।ਕੁਲਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਨੇ ਕਿਹਾ ਕਿ ਕਿਵੇਂ ਸੰਵਿਧਾਨ ਦੀ 73ਵੀਂ ਸੋਧ ਰਾਹੀਂ ਨਿੱਜੀਕਰਨ, ਉਦਾਰੀਕਰਨ,ਸੰਸਾਰੀਕਰਨ ਦਾ ਰਾਹ ਖੋਲ੍ਹਿਆ ਗਿਆ ਹੈ।ਭਾਰੀ ਬਹੁਮਤ ਨਾਲ ਬਣੀ ਬੀਜੇਪੀ ਦੀ ਕੇਂਦਰ ਸਰਕਾਰ ਇਨ੍ਹਾਂ ਨੀਤੀਆਂ ਨੂੰ ਛੇਤੀ ਲਾਗੂ ਕਰ ਰਹੀ ਹੈ।ਸਾਡਾ ਸਭ ਕੁਝ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ।ਨੌਜਵਾਨ ਬੁਲਾਰੇ ਮਨਪ੍ਰੀਤ ਸਿੰਘ ਸਿੰਘੇਵਾਲਾ ਨੇ ਕਿਹਾ ਕਿ ਕਿਵੇਂ ਕੋਰੋਨਾ ਦੀ ਆੜ ਹੇਠ ਸਕੂਲ,ਕਾਲਜਾਂ,ਯੂਨੀਵਰਸਿਟੀਆਂ ਨੂੰ ਬੰਦ ਕਰਕੇ ਨੌਜਵਾਨਾਂ ਨੂੰ ਪੜ੍ਹਾਈ ਤੋਂ ਦੂਰ ਧੱਕਿਆ ਜਾ ਰਿਹਾ ਹੈ ਅਤੇ ਬੇਰੁਜਗਾਰੀ ਦੇ ਦੈਂਤ ਮੂਹਰੇ ਧੱਕਿਆ ਜਾ ਰਿਹਾ ਹੈ ਉਨਾਂ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਸੰਘਰਸ਼ ਵਿੱਚ ਵੱਡੇ ਪੱਧਰ ਤੇ ਸਮੂਲੀਅਤ ਕਰਨ ਦਾ ਸੱਦਾ ਦਿੱਤਾ।  ਰਾਮ ਸਿੰਘ ਚੁੱਘੇ ਕਲਾਂ ਨੇ ਦੱਸਿਆ ਕਿ ਕਿਵੇਂ ਸਾਡੇ ਪਿੰਡਾਂ ਨੇੜੇ ਕਿਸਾਨਾਂ ਤੋਂ  ਧੱਕੇ ਨਾਲ ਜ਼ਮੀਨ ਲੈ ਕੇ ਇੱਕ ਹਜਾਰ ਏਕੜ ਵਿੱਚ ਅਡਾਨੀ ਗਰੁੱਪ ਦਾ ਸੋਲਰ ਪਲਾਂਟ ਲਗਾਇਆ ਗਿਆ ਅਤੇ ਹੁਣ ਉਨ੍ਹਾਂ ਪਰਿਵਾਰਾਂ ਦੇ ਬੱਚਿਆਂ ਦੇ ਵਿਆਹ ਵਗੈਰਾ ਵੀ ਕਰਨੇ ਮੁਸ਼ਕਲ ਹੋਏ ਪਏ ਹਨ ਕਿਉਂ ਕਿ ਜੋ ਜ਼ਮੀਨ ਸੀ ਉਹ ਸੋਲਰ ਪਲਾਂਟ ਕੋਲ ਚਲੀ ਗਈ।ਅੱਜ ਦੀ ਸਟੇਜ ਤੋਂ ਬਹਾਦਰ ਸਿੰਘ ਭੁਟਾਲ,ਹਰਬੰਸ ਸਿੰਘ ਕੋਟਲੀ ਅਤੇ ਸਰਬਜੀਤ ਸਿੰਘ ਭਰਥਲਾ ਨੇ ਵੀ ਸੰਬੋਧਨ ਕੀਤਾ।