ਇਸ਼ਮੀਤ ਅਕਾਦਮੀ ਵਿਖੇ 'ਸਮਰ ਕਰੈਸ਼ ਕੋਰਸ' ਕਰਨ ਵਾਲੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਸਮਾਰੋਹ

ਇਸ਼ਮੀਤ ਅਕਾਦਮੀ ਵਿੱਚ ਵਿਸ਼ਵ ਪੱਧਰ ਦੀਆਂ ਸਿਖ਼ਲਾਈ ਸੁਵਿਧਾਵਾਂ ਉਪਲੱਬਧ-ਡਾ. ਚਰਨ ਕਮਲ ਸਿੰਘ

ਲੁਧਿਆਣਾ, ਜੁਲਾਈ ( ਮਨਜਿੰਦਰ ਗਿੱਲ)-ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਊਟ ਵਿਖੇ ਕਰਵਾਏ ਜਾ ਰਹੇ 'ਸਮਰ ਕਰੈਸ਼ ਕੋਰਸ' ਪੂਰਾ ਹੋਣ 'ਤੇ 'ਸਰਟੀਫਿਕੇਟ ਵੰਡ ਸਮਾਰੋਹ' ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਬਾਲੀਵੁੱਡ ਸੰਗੀਤ, ਨ੍ਰਿਤ ਦੀਆਂ ਅਤੇ ਸਾਜ਼ਾਂ ਦੀਆਂ ਪੇਸ਼ਕਾਰੀਆਂ ਦਿੱਤੀਆਂ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਡਾ: ਚਰਨ ਕਮਲ ਸਿੰਘ ਡਾਇਰੈਕਟਰ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਨੇ ਪਹੁੰਚੇ ਹੋਏ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਆਖਿਆ ਅਤੇ ਇੰਸਟੀਚਊਟ ਵਿਖੇ ਕਰਵਾਏ ਜਾ ਰਹੇ ਕੋਰਸਾਂ 'ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਇੰਸਟੀਚਿਊਟ ਵਿਚ ਗਾਇਕੀ, ਨ੍ਰਿਤ ਅਤੇ ਹਰ ਤਰਾਂ ਦੇ ਸਾਜ਼ ਵਜਾਉਣ ਦੀ ਸਿਖਲਾਈ, ਮੇਕਅੱਪ ਅਤੇ ਆਡੀਓ-ਵੀਡੀਓ ਤਕਨਾਲੋਜੀ ਆਦਿ ਦੇ ਕੋਰਸ ਪਾਠ-ਕ੍ਰਮ ਵਿਧੀ ਅਨੁਸਾਰ ਕਰਵਾਏ ਜਾਂਦੇ ਹਨ। ਉਨਾਂ ਨੇ ਦੱਸਿਆ ਕਿ ਇੰਸਟੀਚਿਊਟ ਵਿਚ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਸੁਵਿਧਾਵਾਂ ਉਪਲੱਬਧ ਹਨ ਅਤੇ ਇਥੋਂ ਸਿਖ਼ਲਾਈ ਲੈ ਕੇ ਸਿੱਖਿਆਰਥੀ ਚੰਗੇ ਭਵਿੱਖ ਵੱਲ ਵਧ ਸਕਦੇ ਹਨ ਅਤੇ ਫਿਲਮ ਅਤੇ ਸੰਗੀਤ ਵਿਚ ਵੀ ਆਪਣੀ ਚੰਗੀ ਪਹਿਚਾਣ ਬਣਾ ਸਕਦੇ ਹਨ।ਕਰੈਸ਼ ਕੋਰਸ ਦੇ ਸਿਖਿਆਰਥੀਆਂ ਨੇ 10 ਦਿਨਾਂ ਲਈ ਸਿਖ਼ਲਾਈ ਪ੍ਰਾਪਤ ਕੀਤੀ ਤੇ ਪੇਸ਼ਕਾਰੀਆਂ ਦਿੱਤੀਆਂ।ਇਸ ਤੋਂ ਬਾਅਦ ਉਨਾਂ ਸਿਖਿਆਰਥੀਆਂ ਵੱਲੋਂ ਪੇਸ਼ਕਾਰੀ ਕੀਤੀ ਗਈ, ਜੋ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਲੰਮੇਰੇ ਸਮੇਂ ਤੋਂ ਸਿੱਖਿਆ ਲੈ ਰਹੇ ਹਨ।ਸਰੋਤੇ ਪੁਰਾਣੇ ਸਿਖਿਆਰਥੀਆਂ ਦੀਆਂ ਪੇਸ਼ਕਾਰੀਆਂ ਨੂੰ ਸੁਣ ਕੇ, ਅਸ਼-ਅਸ਼ ਕਰ ਉਠੇ। ਕ੍ਰੈਸ਼ ਕੋਰਸ ਦੇ ਵਿਦਿਆਰਥੀਆਂ ਨੇ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੇ ਪੁਰਾਣੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਸੁਣ ਕੇ ਇਹ ਫੈਸਲਾ ਕੀਤਾ ਕਿ ਉਹ ਆਪਣੇ ਬੱਚਿਆਂ ਨੂੰ ਵੀ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਰੈਗੂਲਰ ਕੋਰਸ ਵਿਚ ਦਾਖਲਾ ਕਰਵਾਉਣਗੇ।ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਚ ਸੁਮਿਤਾ ਗੋਗੀਆ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪਹੁੰਚੇ। ਸੁਮਿਤਾ ਗੋਗੀਆ ਦਾ ਜਾਨਲੇਵਾ ਬਿਮਾਰੀਆਂ ਨਾਲ ਜੂਝਣਾ ਅਤੇ ਦਿਮਾਗੀ ਲਕਵੇ ਨਾਲ ਗ੍ਰਸਤ ਹੋਣ ਦੇ ਬਾਵਜੂਦ ਆਪਣੇ ਬਚਪਨ ਸਮੇਂ ਦੇ ਗਾਇਨ ਅਤੇ ਨ੍ਰਿਤ ਦੇ ਹੁਨਰ ਨੂੰ ਮੁੜ ਤਰਾਸ਼ਣ ਦੀ ਰੀਝ ਨੇ ਸਾਰੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।ਉਨਾਂ ਨੇ ਮਿਹਨਤ ਅਤੇ ਆਤਮ ਵਿਸ਼ਵਾਸ਼ 'ਤੇ ਜ਼ੋਰ ਦਿੱਤਾ। ਅਖੀਰ ਵਿਚ ਡਾ. ਚਰਨ ਕਮਲ ਸਿੰਘ ਨੇ ਸਾਰੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਅਤੇ ਮੁਬਾਰਕਬਾਦ ਦਿੱਤੀ।ਮਿਸ਼ਿਜ ਦਵਿੰਦਰ ਕੌਰ ਸੈਣੀ, ਡੀਨ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਨੇ ਸਟੇਜ ਦਾ ਸੁਚੱਜੇ ਢੰਗ ਨਾਲ ਸੰਚਾਲਨ ਕੀਤਾ।ਸਾਰਾ ਮਾਹੌਲ ਬਹੁਤ ਹੀ ਦਿਲ-ਖਿੱਚਵਾਂ ਅਤੇ ਯਾਦਗਾਰੀ ਹੋ ਨਿਬੜਿਆ।