ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਹਰ ਪਿੰਡ 'ਚ ਲਗਾਏ ਜਾ ਰਹੇ 550 ਬੂਟੇ-ਧਰਮਸੋਤ

ਖੰਨਾ ਚ ਇਕ ਸਮਾਜਿਕ ਸਮਾਰੋਹ ਤੇ ਬੋਲਦੇ ਕੈਬਨਿਟ ਮੰਤਰੀ ਧਰਮਸੋਤ ਨੇ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਮੈਡੀਕਲ ਜਾਂਚ ਸਮੇਂ-ਸਮੇਂ 'ਤੇ ਕਰਵਾਉਣ ਲਈ ਅਪੀਲ ਕੀਤੀ

ਖੰਨਾ, ਜੁਲਾਈ 2019 ( ਮਨਜਿੰਦਰ ਗਿੱਲ )-ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਹਰੇਕ ਪਿੰਡ ਵਿੱਚ 550 ਬੂਟੇ ਲਗਾਏ ਜਾਣਗੇ।ਪੰਜਾਬ ਸਰਕਾਰ ਦੇ ਇਨਾਂ ਯਤਨਾਂ ਨਾਲ ਘਰ-ਘਰ ਹਰਿਆਲੀ, ਘਰ-ਘਰ ਖੁਸ਼ਹਾਲੀ ਲਿਆਂਦੀ ਜਾ ਰਹੀ ਹੈ।ਇਨਾਂ ਬੂਟਿਆਂ ਨੂੰ ਸੰਭਾਲਣ ਦੀ ਲੋੜ ਹੈ। ਇਹ ਪ੍ਰਗਟਾਵਾ ਜੰਗਲਾਤ, ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ, ਛਪਾਈ ਤੇ ਲਿਖਣ ਸਮੱਗਰੀ ਵਿਭਾਗਾਂ ਬਾਰੇ ਕੈਬਨਿਟ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਨੇ ਸ਼ਿਰਡੀ ਸਾਂਈਂ ਮੰਦਰ ਹਾਲ, ਅਮਲੋਹ ਰੋਡ, ਖੰਨਾ ਵਿਖੇ ਮੁਫਤ ਮੈਡੀਕਲ ਕੈਂਪ ਚੈੱਕਅਪ ਕਰਵਾਉਣ ਲਈ ਆਏ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨਾਂ ਨਾਲ ਖੰਨਾ ਦੇ ਵਿਧਾਇਕ  ਗੁਰਕੀਰਤ ਸਿੰਘ ਕੋਟਲੀ, ਸਮਰਾਲਾ ਦੇ ਵਿਧਾਇਕ  ਅਮਰੀਕ ਸਿੰਘ ਢਿੱਲੋਂ ਅਤੇ ਪਾਇਲ ਦੇ ਵਿਧਾਇਕ ਸ੍ਰ. ਲਖਵੀਰ ਸਿੰਘ ਲੱਖਾ ਵੀ ਹਾਜ਼ਰ ਸਨ। ਸਾਧੂ ਸਿੰਘ ਧਰਮਸੋਤ ਇਸ ਮੁਫਤ ਮੈਡੀਕਲ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਨ। ਰਮਸੋਤ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਤੰਦਰੁਸਤ ਜੀਵਨ, ਵਧੀਆ ਸਿੱਖਿਆ ਅਤੇ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਸਿਹਤਮੰਦ ਕਰਨ ਦੇ ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ  ਸ਼ੁਰੂ ਕੀਤਾ ਗਿਆ ਹੈ, ਜਿਸ ਨੂੰ ਭਾਰੀ ਸਫਲਤਾ ਮਿਲ ਰਹੀ ਹੈ। ਲੋਕਾਂ ਨੂੰ ਚੰਗੇ ਖਾਣ ਪੀਣ, ਰਹਿਣ ਸਹਿਣ ਅਤੇ ਆਪਣਾ ਆਲਾ ਦੁਆਲਾ ਸਾਫ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਮੈਡੀਕਲ ਜਾਂਚ ਸਮੇਂ ਸਮੇਂ 'ਤੇ ਕਰਵਾਉਣ ਲਈ ਅਪੀਲ ਵੀ ਕੀਤੀ ਅਤੇ ਉਨਾਂ ਕਿਹਾ ਕਿ ਸਮਾਜਿਕ ਸੰਗਠਨ ਵੱਧ ਤੋਂ ਵੱਧ ਮੁਫਤ ਮੈਡੀਕਲ ਚੈੱਕਅਪ ਲਗਾ ਕੇ ਆਮ ਲੋਕਾਂ ਦੀ ਮਦਦ ਕਰਨ।ਇਸ ਮੌਕੇ ਉਨਾਂ ਪੰਜਾਬ ਕੇਸਰੀ ਗਰੁੱਪ ਖੰਨਾ ਦੇ ਪੱਤਰਕਾਰ  ਕਮਲਜੀਤ ਸਿੰਘ ਕਮਲ ਅਤੇ ਸੁਖਵਿੰਦਰ ਕੌਰ ਵੱਲੋਂ ਲੋਕ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸ਼ੰਸ਼ਾ ਕੀਤੀ। ਇਸ ਮੌਕੇ ਉਨਾਂ ਦੇ ਪੱਤਰਕਾਰਾਂ ਵੱਲੋਂ ਉਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਜੋ ਨਹਿਰ ਦੇ ਆਲੇ ਦੁਆਲੇ ਬੂਟੇ ਲਗਾਏ ਜਾ ਰਹੇ ਹਨ, ਉਨਾਂ ਨੂੰ ਨਹਿਰੀ ਵਿਭਾਗ ਵੱਲੋਂ ਸਾਈਡਾਂ 'ਤੇ ਸਾਫ ਸਫਾਈ ਕਰਨ ਮੌਕੇ ਅੱਗ ਲਗਾਉਣ ਨਾਲ ਸਾੜਿਆ ਜਾ ਰਿਹਾ ਹੈ ਜਿਸ ਸਬੰਧੀ ਉਨਾਂ ਕਿਹਾ ਕਿ ਜੇਕਰ ਅਜਿਹੀ ਕਾਰਵਾਈ ਸਾਹਮਣੇ ਆਈ ਤਾਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਚਾਹੇ ਕੋਈ ਵੀ ਵਿਭਾਗ ਹੋਵੇ ਅਤੇ ਉਨਾਂ 'ਤੇ ਪਰਚਾ ਤੱਕ ਦਰਜ ਕਰਵਾਇਆ ਜਾਵੇਗਾ। ਇਸ ਮੁਫਤ ਮੈਡੀਕਲ ਕੈਂਪ ਵਿੱਚ ਖੰਨਾ ਸ਼ਹਿਰ ਦੇ ਮਾਹਿਰ ਡਾਕਟਰਾਂ ਵੱਲੋਂ ਭਾਰੀ ਗਿਣਤੀ ਵਿੱਚ ਆਏ ਲੋਕਾਂ ਦਾ ਮੁਫਤ ਚੈੱਕਅਪ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ।ਇਸ ਮੌਕੇ ਧਰਮਸੋਤ ਦਾ ਸਨਮਾਨ ਵੀ ਕੀਤਾ ਗਿਆ ਅਤੇ ਇਸ ਮੌਕੇ ਵਿਕਾਸ ਮਹਿਤਾ ਪ੍ਰਧਾਨ ਨਗਰ ਕੌਂਸਲ ਖੰਨਾ, ਵਿਕਰਮਜੀਤ ਸਿੰਘ ਚੀਮਾ ਪੰਜਾਬ ਪ੍ਰਧਾਨ ਕਿਸਾਨ ਮੋਰਚਾ ਬੀ.ਜੇ.ਪੀ. ਅਤੇ ਅੰਤਰਰਾਸ਼ਟਰੀ ਗਾਇਕ ਸਰਦੂਲ ਸਿਕੰਦਰ ਤੋਂ ਇਲਾਵਾ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।