ਤਿੰਨ ਮਈ"ਇੱਕੀ ਵਿਸਾਖ ਲਈ ਵਿਸ਼ੇਸ਼ ✍️ ਜਸਵੀਰ ਸ਼ਰਮਾਂ ਦੱਦਾਹੂਰ

"ਆਓ ਜਾਣੀਏ(ਖਿਦਰਾਣੇ ਦੀ ਢਾਬ)ਸ੍ਰੀ ਮੁਕਤਸਰ ਸਾਹਿਬ ਵਿਖੇ ਜੁੜਨ ਵਾਲੇ ਸ਼ਹੀਦੀ ਜੋੜ ਮੇਲੇ ਤਿੰਨ ਮਈ ਦੀ ਇਤਿਹਾਸਕ ਮਹੱਤਤਾ"

ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ।ਇਸ ਦੀਆਂ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਉਦਾਹਰਣਾਂ ਸਿੱਖਾਂ ਦੇ ਗੌਰਵਮਈ ਇਤਿਹਾਸ ਵਿੱਚ ਦਰਜ ਹਨ।ਆਪਣੀ ਅਣਖ ਗ਼ੈਰਤ ਲਈ ਜਾਣੀ ਜਾਂਦੀ ਇਹ ਸਿੱਖ ਕੌਮ ਧੀਆਂ ਭੈਣਾਂ ਦੀਆਂ ਇੱਜ਼ਤਾਂ ਦੀ ਰਖਵਾਲੀ ਵੀ ਜਾਨ ਤਲੀ ਤੇ ਧਰਕੇ ਕਰਦੀ ਹੈ।ਇਹ ਗੁੜ੍ਹਤੀ ਸਰਬੰਸ ਦਾਨੀ, ਧਰਮ ਦੇ ਰਾਖੇ, ਪੁੱਤਰਾਂ ਦੇ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਸਿੱਖਾਂ ਨੂੰ ਦਿੱਤੀ ਹੈ।ਇਸ ਦਾ ਗੌਰਵਸ਼ਾਲੀ ਇਤਿਹਾਸ ਗਵਾਹ ਹੈ।
      ਤਿੰਨ ਮਈ ਦਾ ਦਿਨ ਵੀ ਸ਼ਹਾਦਤਾਂ ਦੀ ਜਿਉਂਦੀ ਜਾਗਦੀ ਮਿਸਾਲ ਹੈ। ਇਸੇ ਦਿਨ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ (ਸ੍ਰੀ ਮੁਕਤਸਰ ਸਾਹਿਬ) ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਪਹੁੰਚੇ ਸਨ। ਇਸੇ ਜਗ੍ਹਾ ਤੇ ਹੀ ਮੁਗਲਾਂ ਦੀ ਤੇ ਸਿੱਖ ਕੌਮ ਦੀ ਆਖਰੀ ਅਤੇ ਫੈਸਲਾ ਕੁੰਨ ਲੜਾਈ ਲੜੀ ਗਈ, ਤੇ ਗੁਰੂ ਗੋਬਿੰਦ ਸਿੰਘ ਜੀ ਦੀ ਅਪਾਰ ਰਹਿਮਤ ਨਾਲ ਸਿੱਖਾਂ ਦੀ ਇਸ ਜਿੱਤ ਨੂੰ ਸਿੱਖ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ। ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਜੋ ਚਾਲੀ ਸਿੰਘ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ ਓਨਾਂ ਚਾਲੀ ਸਿੰਘਾਂ ਨੇ ਸ਼ਹੀਦੀ ਜਾਮ ਵੀ ਇਸ ਧਰਤੀ ਤੇ ਪੀਤਾ। ਗੁਰੂ ਸਾਹਿਬ ਜੀ ਨੇ ਓਹਨਾ ਦੀ ਭੁੱਲ ਬਖਸ਼ ਕੇ ਛਾਤੀ ਨਾਲ ਲਾਇਆ ਤੇ ਓਹਨਾਂ ਦੀ ਕੁਰਬਾਨੀ ਤੋਂ ਬਾਅਦ ਉਨ੍ਹਾਂ ਨੂੰ ਪੰਜ ਹਜ਼ਾਰੀ ਦਸ ਹਜ਼ਾਰੀ ਦੇ ਖਿਤਾਬ ਦੇ ਕੇ ਨਿਵਾਜਿਆ, ਤੇ ਓਹਨਾਂ ਵੱਲੋਂ ਲਿਖਿਆ ਹੋਇਆ ਬੇਦਾਵਾ ਵੀ ਗੁਰੂ ਸਾਹਿਬ ਜੀ ਨੇ ਆਪਣੇ ਹੱਥੀਂ ਭਾਈ ਮਹਾਂ ਸਿੰਘ ਦੇ ਸਾਹਮਣੇ ਪਾੜਿਆ, ਜਦੋਂ ਇਹ ਚਾਲੀ ਸਿੰਘ ਮਾਤਾ ਭਾਗ ਕੌਰ ਜੀ ਦੀ ਪ੍ਰੇਰਨਾ ਸਦਕਾ ਖਿਦਰਾਣੇ ਦੀ ਢਾਬ ਤੇ ਆ ਕੇ ਮੁਗਲਾਂ ਨਾਲ ਲੜਦਿਆਂ ਵੀਰਗਤੀ ਨੂੰ ਪ੍ਰਾਪਤ ਹੋਏ।
    ਇਹ ਤਿੰਨ ਮਈ ਦਾ ਹੀ ਦਿਨ ਸੀ ਜਦੋਂ ਗੁਰੂ ਸਾਹਿਬ ਇਥੇ ਪਹੁੰਚੇ, ਟਿੱਬੀ ਤੇ ਬੈਠ ਕੇ ਤੀਰਾਂ ਦੀ ਵਰਖਾ ਵੈਰੀ ਤੇ ਕਰਦੇ ਰਹੇ ਤੇ ਅਖੀਰ ਲੜਾਈ ਦੀ ਸ਼ਾਮ ਨੂੰ ਸਮਾਪਤੀ ਤੋਂ ਬਾਅਦ ਜਦ ਮੁਗਲਾਂ ਦੀ ਫੌਜ ਮੈਦਾਨ ਛੱਡ ਕੇ ਭੱਜੀ ਤੇ ਗੁਰੂ ਸਾਹਿਬ ਜੀ ਨੇ ਜੰਗ ਦੇ ਮੈਦਾਨ ਵਿੱਚ ਆ ਕੇ ਸ਼ਹੀਦ ਸਿੰਘਾਂ ਨੂੰ ਇਕੱਠੇ ਕਰਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਾਲੀ ਜਗ੍ਹਾ ਤੇ ਸਭਨਾਂ ਦੇ ਪੂਰਨ ਗੁਰਮਰਿਆਦਾ ਅਨੁਸਾਰ ਸੰਸਕਾਰ ਕੀਤੇ।
      ਪਹਿਲਾਂ ਇਹ ਦਿਨ (ਚਾਲੀ ਸਿੰਘਾਂ ਦਾ ਸ਼ਹੀਦੀ ਦਿਹਾੜਾ) ਛੋਟੇ ਪੱਧਰ ਤੇ ਮਨਾਇਆ ਜਾਂਦਾ ਰਿਹਾ ਹੈ। ਸਿੱਖ ਇਤਹਾਸ ਕਾਰਾਂ ਅਨੁਸਾਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਨਾਲ ਸੰਤ ਬਾਬਾ ਸਰੋਵਰ ਸਿੰਘ ਜੀ ਦਾ ਇੱਕ ਡੇਰਾ ਹੋਇਆ ਕਰਦਾ ਸੀ, ਜਿਨ੍ਹਾਂ ਦੇ ਸੰਚਾਲਕ ਸੰਤ ਬਾਬਾ ਰਾਮ ਸਿੰਘ ਜੀ ਸਨ ਜੋ ਅੱਖਾਂ ਤੋਂ ਮਨਾਖੇ ਸਨ, ਓਹਨਾਂ ਨੇ ਸਿੱਖ ਇਤਿਹਾਸ ਵਿਚ ਇਹ ਚਾਲੀ ਸਿੰਘਾਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਦੀ ਪਰੰਪਰਾ ਸ਼ੁਰੂ ਕੀਤੀ ਸੀ ਜੋ ਬਿਲਕੁਲ ਛੋਟੇ ਜਿਹੇ ਪੱਧਰ ਤੇ ਹੀ ਮਨਾਉਂਦੇ ਸਨ।ਇਸ ਇਤਹਾਸ ਨੂੰ ਘੋਖਣ ਲਈ ਦਾਸ ਨੇ ਗੁਰਪ੍ਰੀਤ ਸਿੰਘ ਬਾਵਾ (ਬਾਵਾ ਨਿਊਜ਼ ਏਜੰਸੀ) ਵਾਲਿਆਂ ਨਾਲ ਸੰਪਰਕ ਕੀਤਾ ਤੇ ਓਨਾਂ ਨੇ ਸ੍ਰ ਕੇਹਰ ਸਿੰਘ ਦੇ ਪਰਿਵਾਰ ਚੋਂ ਕਾਨੂੰਗੋ ਗੁਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਜਿਨ੍ਹਾਂ ਦਾ ਘਰ ਬਿਲਕੁਲ ਡੇਰੇ ਦੇ ਨਾਲ ਲੱਗਦਾ ਸੀ।ਉਸ ਤੋਂ ਬਾਅਦ ਜਥੇਦਾਰ ਗੁਰਬਰਨ ਸਿੰਘ ਜੀ ਸਾਬਕਾ ਪ੍ਰਧਾਨ ਸ੍ਰੀ ਆਕਾਲ ਤਖਤ ਸਾਹਿਬ ਜੀ ਨਾਲ ਸੰਪਰਕ ਕਰਨ ਤੇ ਪਤਾ ਲੱਗਾ ਕਿ ਜਦੋਂ ਓਸ ਪੁਰਾਤਨ ਡੇਰੇ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਨਾਲ ਰਲਾ ਲਿਆ ਗਿਆ ਤੇ ਇਸ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਧੀਨ ਆਈ ਤਾਂ ਉਸ ਤੋਂ ਬਾਅਦ ਹੀ ਇਨ੍ਹਾਂ ਚਾਲੀ ਸਿੰਘਾਂ ਦੇ ਸ਼ਹੀਦੀ ਦਿਹਾੜੇ ਨੂੰ ਵੱਡੇ ਪੱਧਰ ਤੇ ਮਨਾਇਆ ਜਾਣ ਲੱਗਾ।
     ਜਥੇਦਾਰ ਗੁਰਬਰਨ ਸਿੰਘ ਜੀ ਮੁਤਾਬਿਕ ਤਿੰਨ ਮਈ (ਇੱਕੀ ਵਿਸਾਖ ਦਾ ਦਿਹਾੜਾ)ਬਹੁਤ ਹੀ ਗਰਮੀ ਦੇ ਦਿਨ ਕਰਕੇ ਓਨਾਂ ਸਮਿਆਂ ਵਿੱਚ ਪਾਣੀ ਦੀ ਤੇ ਆਵਾਜਾਈ ਦੇ ਸਾਧਨਾਂ ਦੀ ਘਾਟ ਕਾਰਨ ਸੰਗਤਾਂ ਨੂੰ ਅਤਿਅੰਤ ਔਖਿਆਈ ਮਹਿਸੂਸ ਕਰਦਿਆਂ ਤੇ ਸੰਗਤਾਂ ਦੀ ਪੁਰਜ਼ੋਰ ਮੰਗ ਤੇ ਹੀ ਲੋਹੜੀ ਦੇ ਤਿਉਹਾਰ ਤੋਂ ਅਗਲੇ ਹੀ ਦਿਨ ਭਾਵ ਮਾਘੀ ਦੀ ਸੰਗ੍ਰਾਂਦ ਦੇ ਪਵਿੱਤਰ ਦਿਹਾੜੇ ਤੇ ਮਨਾਇਆ ਜਾਣ ਲੱਗਾ। ਕਿਉਂਕਿ ਲੋਹੜੀ ਦੀ ਤੇ ਮਾਘੀ ਦੇ ਪਵਿੱਤਰ ਨਹਾਉਣ ਦਾ ਤਿਉਹਾਰ ਬੇਸ਼ੱਕ ਸਦੀਆਂ ਪੁਰਾਣਾ ਹੈ,ਇਸ ਦਿਨ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਵਿਖੇ ਲੱਖਾਂ ਸੰਗਤਾਂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਆਪਣਾ ਜੀਵਨ ਸੁਫ਼ਲਾ ਕਰਦੀਆਂ ਹਨ, ਤੇ ਓਸੇ ਦਿਨ ਹੀ ਚਾਲੀ ਸਿੰਘਾਂ ਦੀ ਸ਼ਹਾਦਤ ਨੂੰ ਵੀ ਸਾਰੀ ਸੰਗਤ ਸਿਜਦਾ ਕਰਦੀ ਕਰਕੇ ਹੀ ਇਸ ਮਾਘੀ ਦੇ ਮੇਲੇ ਨੂੰ (ਚਾਲੀ ਸਿੰਘਾਂ ਦਾ ਸ਼ਹੀਦੀ ਜੋੜ ਮੇਲਾ ਕਿਹਾ ਜਾਣ ਲੱਗਾ)ਇਸ ਸ਼ਹੀਦੀ ਜੋੜ ਮੇਲੇ ਵਿੱਚ ਦੇਸ਼ ਵਿਦੇਸ਼ ਵਿਚੋਂ ਲੱਖਾਂ ਸ਼ਰਧਾਲੂ ਆਉਂਦੇ ਹਨ ਤੇ ਇਹ ਦੇਸ਼ ਭਰ ਦੇ ਮੇਲਿਆਂ ਵਿੱਚ ਵੱਖਰੀ ਪਛਾਣ ਰੱਖਦਾ ਹੈ, ਇਸੇ ਦਿਨ ਹੀ ਸੰਗਤਾਂ ਦੇ ਭਾਰੀ ਇਕੱਠ ਤੋਂ ਲਾਹਾ ਲੈਣ ਲਈ ਸਿਆਸੀ ਪਾਰਟੀਆਂ ਵੀ ਆਪੋ ਆਪਣੀਆਂ ਕਾਨਫਰੰਸਾਂ ਵੀ ਕਰਦੀਆਂ ਹਨ, ਹੁਣ ਬੇਸ਼ੱਕ ਲੌਕ ਡਾਊਨ ਤੇ ਇਕੱਠ ਦੀ ਪਾਬੰਦੀ ਕਰਕੇ ਪਿਛਲੇ ਤਿੰਨ ਕੁ ਸਾਲਾਂ ਤੋਂ ਇਨ੍ਹਾਂ ਕਾਨਫਰੰਸਾਂ ਤੇ ਪਾਬੰਦੀ ਵੀ ਲੱਗੀ ਹੋਈ ਹੈ, ਇਸੇ ਦਿਨ ਹੀ ਭਾਈ ਮਹਾਂ ਸਿੰਘ ਹਾਲ ਵਿਖੇ ਰਾਗੀ ਢਾਡੀ ਕਵੀਸ਼ਰੀ ਜਥਿਆਂ ਵੱਲੋਂ ਬੀਰ ਰਸ ਵਾਰਾਂ ਤੇ ਪੁਰਾਤਨ ਇਤਿਹਾਸ ਨੂੰ ਦਰਸਾਉਂਦੀਆਂ ਕਥਾ ਕਹਾਣੀਆਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਂਦਾ ਅਤੇ ਜਾਣੂੰ ਕਰਵਾਇਆ ਜਾਂਦਾ ਹੈ।
    ਸਹੀ ਦਿਨ ਤਾਂ ਤਿੰਨ ਮਈ ਦਾ ਹੀ ਓਹ ਇਤਿਹਾਸਕ ਦਿਨ ਹੈ। ਇਸੇ ਇਤਹਾਸਕ ਦਿਨ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਪਿਛੇ ਜਿਹੇ ਇੱਕ ਸਾਲ ਜਦੋਂ ਓਹ ਮੁੱਖ ਮੰਤਰੀ ਬਣੇ ਹੀ ਸਨ ਇਸੇ ਦਿਨ ਭਾਵ ਤਿੰਨ ਮਈ ਨੂੰ ਹੀ ਬਹੁਤ ਵਧੀਆ ਢੰਗ ਨਾਲ ਵੱਡੇ ਪੱਧਰ ਤੇ ਮਨਾਇਆ ਵੀ ਸੀ,ਇਸ ਤੋਂ ਬਿਨਾਂ ਵੀ ਕੈਪਟਨ ਸਾਹਿਬ ਜੀ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਆਉਣ ਵਾਲੀਆਂ ਮੇਨ ਸੜਕਾਂ ਤੇ ਯਾਦਗਾਰੀ ਸ਼ਹੀਦੀ ਗੇਟ ਅਤੇ ਮੁਕਤੇ ਮੀਨਾਰ ਜ਼ਿਲ੍ਹਾ ਕਚਹਿਰੀਆਂ ਦੇ ਨੇੜੇ ਬਣਵਾਏ ਜਿਸ ਤੇ ਚਾਲੀ ਸ਼ਹੀਦ ਸਿੰਘਾਂ ਦੇ ਨਾਮ,ਚਾਲੀ ਕੜਿਆਂ ਵਾਲਾ ਖੰਡਾ ਵੀ ਕਾਂਗਰਸ ਸਰਕਾਰ ਦੀ ਹੀ ਦੇਣ ਹੈ। ਬੇਸ਼ੱਕ  ਇਸ ਦਿਨ ਸੰਗਤਾਂ ਓਹਨਾਂ ਚਾਲੀ ਸਿੰਘਾਂ ਦੀ ਸ਼ਹਾਦਤ ਨੂੰ ਸਿਜਦਾ ਕਰਦੀਆਂ ਆ ਰਹੀਆਂ ਹਨ,ਪਰ ਜੋ ਇਕੱਠ ਮਾਘੀ ਵਾਲੇ ਦਿਨ ਹੁੰਦਾ ਓਨਾਂ ਨਹੀਂ ਹੁੰਦਾ।ਸੰਗਤਾਂ ਦੀ ਪੁਰਜ਼ੋਰ ਮੰਗ ਤੇ ਹੀ ਇਸ ਦਿਨ ਨੂੰ ਮਾਘੀ ਦੇ ਦਿਨ ਨਾਲ ਜੋੜਿਆ ਗਿਆ ਸੀ।ਪਰ ਹੁਣ ਅਗਾਂਹ ਵਧੂ ਜ਼ਮਾਨੇ ਵਿੱਚ ਸਾਧਨਾਂ ਅਤੇ ਪਾਣੀ ਦੀ ਕੋਈ ਕਮੀ ਨਹੀਂ ਰਹੀ ਕਰਕੇ ਹੀ ਤਿੰਨ ਮਈ ਨੂੰ ਵੀ ਗੁਰਦੁਆਰਾ ਟਿੱਬੀ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਓਹਨਾਂ ਚਾਲੀ ਸਿੰਘਾਂ ਨੂੰ ਸਿੱਖ ਸੰਗਤਾਂ ਸਿਜਦਾ ਕਰਦੀਆਂ ਹਨ। ਦੁਨੀਆਂ ਭਰ ਵਿੱਚ ਬੈਠੇ ਸਿੱਖ ਸ਼ਰਧਾਲੂ ਇਸ ਦਿਨ ਇਸ ਗੁਰੂ ਸਾਹਿਬ ਜੀ ਦੀ ਚਰਨ ਛੋਹ ਸਰਜਮੀਂ ਨੂੰ ਸਿਜਦਾ ਕਰਨ ਪਹੁੰਚਦੀਆਂ ਹਨ, ਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਖਿਦਰਾਣੇ ਦੀ ਢਾਬ ਤੋਂ ਬਣੇ ਮੁਕਤਸਰ ਅਤੇ ਬਾਅਦ ਵਿੱਚ ਸਵ:ਹਰਚਰਨ ਸਿੰਘ ਬਰਾੜ ਜੀ ਵੱਲੋਂ ਜ਼ਿਲ੍ਹਾ ਬਣਾਉਣ ਤੇ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਨਮਨ ਤੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੋਰ ਵੀ ਸੱਤ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ ਦੀਦਾਰ ਕਰਕੇ ਗੁਰੂ ਸਾਹਿਬ ਜੀ ਤੋਂ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ।

ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556