You are here

ਮਹਿਲ ਕਲਾਂ ਹਲਕੇ ਵਿੱਚ ਕੁਲਵੰਤ ਸਿੰਘ ਟਿੱਬਾ ਵੱਲੋਂ ਚੋਣ ਸਰਗਰਮੀਆਂ ਵਿਰੋਧੀਆਂ ਨੂੰ ਪਈ ਚਿੰਤਾ  

 ਮਹਿਲ ਕਲਾਂ/ਬਰਨਾਲਾ-ਅਪ੍ਰੈਲ 2021- (ਗੁਰਸੇਵਕ ਸਿੰਘ ਸੋਹੀ)-

ਇਲਾਕੇ ਅੰਦਰ ਲੋਕ ਹਿਤਾਂ ਲਈ ਸਮਰਪਿਤ ਸੰਸਥਾ "ਹੋਪ ਫਾਰ ਮਹਿਲ ਕਲਾਂ" ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਵੱਲੋਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਚੋਣ ਲੜਨ ਦੀਆਂ ਚਰਚਾਵਾਂ ਨੇ ਜ਼ੋਰ ਫੜ ਲਿਆ ਹੈ। ਉਂਜ ਭਾਵੇਂ ਕੁਲਵੰਤ ਸਿੰਘ ਟਿੱਬਾ ਨੇ ਇਸ ਬਾਰੇ ਕੋਈ ਸਪੱਸ਼ਟ ਨਹੀਂ ਕੀਤਾ। ਦੂਜੇ ਪਾਸੇ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਬੇਸ਼ੱਕ ਅਜੇ ਕੁਲਵੰਤ ਟਿੱਬਾ ਵੱਲੋਂ ਚੋਣ ਲੜਨ ਸਬੰਧੀ ਕੋਈ ਐਲਾਨ ਤਾਂ ਨਹੀਂ ਕੀਤਾ ਗਿਆ ਪਰ ਇਲਾਕੇ ਵਿੱਚ ਉਨ੍ਹਾਂ ਦੀਆਂ ਸਰਗਰਮੀਆਂ ਨੇ ਵਿਰੋਧੀ ਸਿਆਸੀ ਧਿਰਾਂ  ਨੂੰ ਚਿੰਤਾ ਵਿੱਚ ਜ਼ਰੂਰ ਪਾ ਦਿੱਤਾ ਹੈ।ਹਰ ਪਿੰਡ ਅਤੇ ਹਰ ਲੋੜਵੰਦ ਪਰਿਵਾਰ ਤੱਕ ਪਹੁੰਚ ਕਰਨ ਦੀ ਨੀਤੀ ਨਾਲ ਲੋਕ ਮਸਲਿਆਂ ਦੇ ਹੱਲ ਲਈ ਯਤਨਸ਼ੀਲ ਕੁਲਵੰਤ ਸਿੰਘ ਟਿੱਬਾ ਵੱਲੋਂ ਕੀਤੀਆਂ ਜਾ ਰਹੀਆਂ ਸਮਾਜਿਕ ਅਤੇ ਲੋਕ ਭਲਾਈ ਦੀਆਂ ਕਾਰਵਾਈਆਂ ਦੇ ਸਿਆਸੀ ਮਾਇਨੇ ਕੱਢੇ ਜਾ ਰਹੇ ਹਨ।ਉਨ੍ਹਾਂ ਵੱਲੋਂ ਸ਼ੁਰੂ ਕੀਤੀ ਮੁਹਿੰਮ "ਸਾਨੂੰ ਦੱਸੋ, ਅਸੀਂ ਸੁਣਾਂਗੇ, ਅਸੀਂ ਕਰਾਂਗੇ" ਤਹਿਤ ਇਲਾਕੇ ਦੇ ਲੋਕ ਉਨ੍ਹਾਂ ਕੋਲ ਮੁਸ਼ਕਲਾਂ ਲੈ ਕੇ ਪਹੁੰਚ ਰਹੇ ਹਨ ਅਤੇ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਵੱਲੋਂ ਬਗੈਰ ਕੋਈ ਸੰਵਿਧਾਨਕ ਸਕਤੀ ਹੁੰਦਿਆਂ ਮੁਸ਼ਕਲਾਂ ਦੇ ਹੱਲ ਵੀ ਕੀਤੇ ਜਾ ਰਹੇ ਹਨ।ਮਹਿਲ ਕਲਾਂ ਹਲਕੇ ਵਿਚ 'ਹੋਪ ਫਾਰ ਮਹਿਲ ਕਲਾਂ' ਦੇ ਪੋਸਟਰ ਪਿੰਡਾਂ ਦੀਆਂ ਕੰਧਾਂ ਅਤੇ ਸੱਥਾਂ 'ਤੇ ਦਿਖਾਈ ਦੇਣ ਲੱਗੇ ਨੇ ਜਦਕਿ ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਚਰਚਾ ਕੁਲਵੰਤ ਟਿੱਬਾ ਦੀ ਹੋ ਰਹੀ ਹੈ।ਤੇਜ਼ ਤਰਾਰ ਆਗੂ ਵਜੋਂ ਇਲਾਕੇ ਅੰਦਰ ਪਹਿਚਾਣ ਬਣਾ ਚੁੱਕੇ ਕੁਲਵੰਤ ਸਿੰਘ ਟਿੱਬਾ ਹਮੇਸ਼ਾ ਤੱਥਾਂ ਸਮੇਤ ਗੱਲ ਕਰਦੇ ਹਨ ਅਤੇ ਹਰ ਵਿਸ਼ੇ ਤੇ ਉਨ੍ਹਾਂ ਦੀ ਚੰਗੀ ਪਕੜ ਹੈ ਜਦਕਿ ਮਹਿਲ ਕਲਾਂ ਦੇ ਸਾਰੀਆਂ ਸਿਆਸੀ ਧਿਰਾਂ ਦੇ ਆਗੂਆਂ  ਦੇ ਮੁਕਾਬਲੇ ਕੁਲਵੰਤ ਟਿੱਬਾ ਇੱਕ ਚੰਗੇ ਬੁਲਾਰੇ ਹਨ ਤੇ ਕਾਨੂੰਨੀ ਨੁਕਤਿਆ ਨਾਲ ਭਾਸ਼ਨ ਕਰਕੇ ਨਵਾਂ ਜੋਸ਼ ਭਰ ਦਿੰਦੇ ਹਨ। ਵਿਧਾਨ ਸਭਾ ਚੋਣ ਲੜਨ ਸਬੰਧੀ ਪੁੱਛੇ ਜਾਣ ਤੇ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਉਹ ਸਿਰਫ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਆਮ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਧਿਆਨ ਕੇਂਦਰਿਤ ਕਰ ਰਹੇ ਹਨ ।ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣ ਲੜਨ ਜਾਂ ਕਿਸੇ ਸਿਆਸੀ ਪਾਰਟੀ ਵਿੱਚ ਸ਼ਾਮਲ ਹੋਣ ਸਬੰਧੀ ਉਹ ਆਪਣੀ ਸਾਰੀ ਟੀਮ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਕੋਈ ਫੈਸਲਾ ਲੈਣਗੇ।ਉਨ੍ਹਾਂ ਅੱਗੇ ਕਿਹਾ ਕਿ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਮੁੱਖ ਕਾਰਣ ਮਹਿਲ ਕਲਾਂ ਹਲਕੇ ਦੀ ਕਮਜ਼ੋਰ ਲੀਡਰਸ਼ਿਪ ਹੈ।ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਚੋਣ ਲੜਨਾ ਹਰ ਇੱਕ ਦਾ ਸੰਵਿਧਾਨਕ ਹੱਕ ਹੈ ਅਤੇ ਚੋਣ ਲੜਨਾ ਕੋਈ ਮਾੜੀ ਗੱਲ ਵੀ ਨਹੀਂ ਹੈ।
ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਕਿ ਕੁਲਵੰਤ ਟਿੱਬਾ ਨਾਲ ਪ੍ਰਮੁੱਖ ਸਿਆਸੀ ਧਿਰਾਂ ਵੱਲੋਂ ਸੰਪਰਕ ਕੀਤਾ ਜਾ ਰਿਹਾ ਹੈ।ਜੇਕਰ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਕੁਲਵੰਤ ਸਿੰਘ ਟਿੱਬਾ ਚੋਣ ਲੜਨ ਦੀ ਹਾਮੀ ਭਰ ਦਿੰਦੇ ਹਨ  ਤਾਂ ਅਗਾਮੀ ਚੋਣਾਂ ਵਿੱਚ ਗਹਿਗੱਚ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ ਅਤੇ ਇਲਾਕੇ ਵਿੱਚ ਇੱਕ ਧੜੱਲੇਦਾਰ ਆਗੂ ਦੀ ਘਾਟ ਵੀ ਪੂਰੀ ਹੋ ਸਕਦੀ ਹੈ।