ਡੀ.ਸੀ. ਵੱਲੋਂ ਸਵਾਮੀ ਗੰਗਾ ਨੰਦ ਭੂਰੀਵਾਲੇ ਇੰਟਰਨੈਸ਼ਨਲ ਫਾਉਂਡੇਸ਼ਨ ਵੱਲੋਂ ਚਲਾਈ ਜਾ ਰਹੀ ਬੱਚਿਆਂ ਨੂੰ ਗੋਦ ਲੈਣ ਵਾਲੀ ਏਜੰਸੀ ਦਾ ਕੀਤਾ ਨੀਰੀਖਣ

ਅਧਿਕਾਰੀਆਂ ਨੂੰ ਕੇਂਦਰ 'ਚ ਬੱਚਿਆਂ ਦੇ ਆਧਾਰ ਕਾਰਡ ਬਣਾਉਣ ਦਾ ਕੈਂਪ ਲਗਾਉਣ ਦੇ ਵੀ ਦਿੱਤੇ ਆਦੇਸ਼

ਬੱਚਿਆਂ ਦਾ ਵਿਆਪਕ ਪਾਲਣ ਪੋਸ਼ਣ ਤੇ ਉੱਜਵਲ ਭਵਿੱਖ ਨੂੰ ਸੁਰੱਖਿਅਤ ਕਰਨਾ ਸਮੇਂ ਦੀ ਲੋੜ

ਲੁਧਿਆਣਾ, ਮਾਰਚ 2021 (ਸਤਪਾਲ ਸਿੰਘ ਦੇਹਡ਼ਕਾ, ਗਿੱਲ  ) - ਚਾਈਲਡ ਕੇਅਰ ਇੰਸਟੀਚਿਊਟ ਵਿੱਚ ਬੱਚਿਆਂ ਦੇ ਵਧੀਆ ਜੀਵਨ ਪੱਧਰ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਜ਼ਿਲ੍ਹੇ ਦੇ ਤਲਵੰਡੀ ਖੁਰਦ ਪਿੰਡ ਵਿੱਚ ਸਵਾਮੀ ਗੰਗਾ ਨੰਦ ਭੂਰੀਵਾਲੇ ਇੰਟਰਨੈਸ਼ਨਲ ਫਾਉਂਡੇਸ਼ਨ ਵੱਲੋਂ ਚਲਾਈ ਜਾ ਰਹੀ ਅਜਿਹੀ ਸੰਸਥਾ ਦਾ ਨਿਰੀਖਣ ਕੀਤਾ।

ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਬੱਚਿਆਂ ਅਤੇ ਪ੍ਰਬੰਧਨ ਅਧਿਕਾਰੀਆਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ।

ਡਿਪਟੀ ਕਮਿਸ਼ਨਰ ਵੱਲੋਂ ਐਸ.ਡੀ.ਐਮ. ਜਗਰਾਉਂ ਸ.ਨਰਿੰਦਰ ਧਾਲੀਵਾਲ ਨਾਲ ਇਸ ਕੇਂਦਰ ਦਾ ਦੌਰਾ ਕੀਤਾ ਜਿਸ ਦੀ ਬੱਚਿਆ ਨੂੰ ਗੋਦ ਲੈਣ ਵਾਲੀ ਏਜੰਸੀ ਵੀ ਹੈ, ਜਿਥੇ ਬੇਸਹਾਰਾ/ਅਨਾਥ ਵਿਦਿਆਰਥੀਆਂ ਨੂੰ ਪੜ੍ਹਨ ਅਤੇ ਰਹਿਣ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।

ਉਨ੍ਹਾਂ ਸੰਸਥਾ ਵੱਲੋਂ ਬੱਚਿਆਂ ਨੂੰ ਦਿੱਤੇ ਜਾ ਰਹੇ ਖਾਣੇ ਦੀ ਗੁਣਵੱਤਾ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ ਥਾਵਾਂ ਦਾ ਵੀ ਮੁਆਇਨਾ ਕੀਤਾ ਜਿਥੇ ਬੱਚੇ ਰਹਿ ਰਹੇ ਹਨ।

ਇਸੇ ਤਰ੍ਹਾਂ ਸ੍ਰੀ ਸ਼ਰਮਾ ਨੇ ਬੱਚਿਆਂ ਨਾਲ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵੀ ਵਿਸਥਾਰ ਨਾਲ ਗੱਲਬਾਤ ਕੀਤੀ।

ਇਨ੍ਹਾਂ ਅਦਾਰਿਆਂ ਦੇ ਪ੍ਰਬੰਧਨ ਲਈ ਪੂਰਨ ਸਹਾਇਤਾ ਅਤੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਅਤੇ ਵਿਸ਼ਵਾਸ ਦਿਵਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਸੰਸਥਾਵਾਂ ਵਿੱਚ ਰਹਿੰਦੇ ਬੱਚਿਆਂ ਨੂੰ ਉਨ੍ਹਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਧੀਆ ਸਹੂਲਤਾਂ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਦਾ ਵਿਆਪਕ ਪਾਲਣ ਪੋਸ਼ਣ ਅਤੇ ਉੱਜਵਲ ਭਵਿੱਖ ਨੂੰ ਸੁਰੱਖਿਅਤ ਕਰਨਾ ਸਮੇਂ ਦੀ ਲੋੜ ਹੈ।

ਸ੍ਰੀ ਸ਼ਰਮਾ ਨੇ ਪ੍ਰਬੰਧਕਾਂ ਨੂੰ ਉਥੇ ਰਹਿਣ ਵਾਲੀਆਂ ਲੜਕੀਆਂ ਦੀ ਸੁਰੱਖਿਆ ਅਤੇ ਚੰਗੇ ਵਾਤਾਵਰਣ ਦੀ ਸਥਿਤੀ ਵਿੱਚ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਇਨ੍ਹਾਂ ਕੇਂਦਰਾਂ/ ਸੰਸਥਾਵਾਂ ਦਾ ਅਕਸਰ ਦੌਰਾ ਕਰਨ ਤਾਂ ਜੋ ਅਜਿਹੀਆਂ ਸੰਸਥਾਵਾਂ ਵਿੱਚ ਬੇਸਹਾਰਾ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਨਿਯਮਤ ਜਾਂਚ ਕੀਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਫਰਜ਼ ਬਣਦਾ ਹੈ ਕਿ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਇਹ ਬੱਚੇ ਸਵੈਮਾਣ ਨਾਲ ਆਪਣੀ ਜ਼ਿੰਦਗੀ ਬਤੀਤ ਕਰਨ।

ਸ੍ਰੀ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਭਾਈਵਾਲੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।

ਉਨ੍ਹਾਂ ਅਧਿਕਾਰੀਆਂ ਨੂੰ ਇਸ ਕੇਂਦਰ ਵਿੱਚ ਯੂ.ਆਈ.ਡੀ. ਕਾਰਡ ਬਣਾਉਣ ਦਾ ਕੈਂਪ ਲਗਾਉਣ ਦੇ ਆਦੇਸ਼ ਵੀ ਦਿੱਤੇ ਤਾਂ ਜੋ ਸਾਰੇ ਬੱਚਿਆਂ ਦਾ ਆਪਣਾ ਆਧਾਰ ਹੋ ਸਕੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਜਸਬੀਰ ਕੌਰ, ਸੇਵਾ ਸਿੰਘ, ਡਾ. ਰਾਜਿੰਦਰ ਸਿੰਘ, ਮਹਿਕ ਬਾਂਸਲ, ਡਾ. ਜੈਸਿਕਾ ਸਿੰਘ ਅਤੇ ਏਕਮਦੀਪ ਕੌਰ ਵੀ ਹਾਜ਼ਰ ਸਨ।