ਘਰ ‘ਚ ਹੀ ਕਰ ਰਿਹਾ ਮੁਲਜ਼ਮ ਡੋਡਿਆਂ ਦੀ ਖੇਤੀ, ਪੁਲਿਸ ਨੇ ਇੰਝ ਕੀਤਾ ਪਰਦਾਫਾਸ਼

ਲੋਹਟਬੱਧੀ/ਰਾਏਕੋਟ ,ਮਾਰਚ 2021 (  ਜਗਰੂਪ ਸਿੰਘ ਸੁਧਾਰ  ,ਗੁਰਸੇਵਕ ਸੋਹੀ )-

ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਿਆਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਰਾਏਕੋਟ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਜਾਣਕਾਰੀ ਮੁਤਾਬਕ ਰਾਏਕੋਟ ਸਦਰ ਪੁਲਿਸ ਥਾਣੇ ਅਧੀਨ ਪੈਂਦੀ ਚੌਕੀ ਲੋਹਟਬੱਦੀ ਦੀ ਪੁਲਿਸ ਨੇ ਇਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਡੋਡਿਆਂ(ਪੋਸਤ) ਦੀ ਖੇਤੀ ਕਰ ਰਿਹਾ ਸੀ। ਇਸ ਸਬੰਧ ‘ਚ ਚੌਕੀ ਇੰਚਾਰਜ ਐੱਸ.ਆਈ ਅਮਰਜੀਤ ਸਿੰਘ ਦੀ ਅਗਵਾਈ ਹੇਠ ਛਾਪੇਮਾਰੀ ਕੀਤੀ ਗਈ ਅਤੇ ਮੁਲਜ਼ਮ ਨੂੰ ਕਾਬੂ ਕੀਤਾ ਗਿਆ।ਇਸ ਮਾਮਲੇ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਪੁਲਸ ਚੌਕੀ ਲੋਹਟਬੱਦੀ ਦੇ ਇੰਚਾਰਜ ਐੱਸ.ਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਚੌਕੀ ਲੋਹਟਬੱਦੀ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਪਾਲ ਸਿੰਘ ਉਰਫ ਰਾਜੂ ਪੁੱਤਰ ਟਹਿਲ ਸਿੰਘ ਵਾਸੀ ਲੋਹਟਬੱਦੀ ਵੱਲੋਂ ਆਪਣੇ ਘਰ ਦੇ ਵਿਹੜੇ ‘ਚ ਪੋਸਤ ਦੇ ਪੌਦੇ ਉਗਾਏ ਗਏ ਹਨ, ਜਿਸ ‘ਤੇ ਪੁਲਿਸ ਪਾਰਟੀ ਨੇ ਮੌਕੇ ‘ਤੇ ਛਾਪਾ ਮਾਰ ਕੇ ਉਕਤ ਵਿਅਕਤੀ ਦੇ ਘਰੋਂ ਪੋਸਤ(ਡੋਡਿਆਂ) ਦੇ 608 ਪੌਦੇ ਬਰਾਮਦ ਕੀਤੇ ਗਏ, ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਕੱਟ ਕੇ ਸੀਲਬੰਦ ਕੀਤਾ ਅਤੇ ਉਕਤ ਵਿਅਕਤੀ ਖਿਲਾਫ ਐੱਨ.ਡੀ.ਪੀ.ਐੱਸ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ, ਜਿਸ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨਸ਼ਾ ਵੇਚਣ ਦਾ ਆਦੀ ਹੈ। ਜਿਸ ਖਿਲਾਫ਼ ਪਹਿਲਾ ਵੀ ਹੋਰਨਾਂ ਸੂਬਿਆਂ ਦੀ ਸ਼ਰਾਬ ਵੇਚਣ ਦੇ ਮੁਕੱਦਮੇ ਦਰਜ ਹਨ।