ਲੁਧਿਆਣਾ, ਲੁਧਿਆਣਾ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ 76 ਹਜ਼ਾਰ 372 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਰਵਨੀਤ ਸਿੰਘ ਬਿੱਟੂ ਨੇ ਤਿਕੋਣੇ ਮੁਕਾਬਲੇ ਵਿੱਚ ਪੀਡੀਏ ਦੇ ਸਾਂਝੇ ਉਮੀਦਵਾਰ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਹਰਾਇਆ। ਲੁਧਿਆਣਾ ਲੋਕ ਸਭਾ ਹਲਕੇ ਦੇ ਵੋਟਰਾਂ ਨੇ ਦੂਜੀ ਵਾਰ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ’ਤੇ ਵਿਸ਼ਵਾਸ ਜਤਾਉਂਦੇ ਹੋਏ ਉਨ੍ਹਾਂ ਨੂੰ 2014 ਦੇ ਮੁਕਾਬਲੇ ਵੱਧ ਵੋਟਾਂ ਨਾਲ ਜੇਤੂ ਬਣਾਇਆ। ਵੋਟਾਂ ਦੇ ਨਤੀਜਿਆਂ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਦੇ ਵੋਟਰਾਂ, ਪਾਰਟੀ ਵਰਕਰਾਂ ਤੇ ਸਮਰਥਕਾਂ ਦਾ ਧੰਨਵਾਦ ਕੀਤਾ ਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਪਹਿਲੇ ਦਿਨ ਤੋਂ ਹੀ ਲੁਧਿਆਣਾ ਲੋਕ ਸਭਾ ਹਲਕੇ ਦੇ ਵਿਕਾਸ ਲਈ ਜੁੱਟ ਜਾਣਗੇ। ਉਨ੍ਹਾਂ ਦਾ ਪਹਿਲਾ ਕੰਮ ਬੁੱਢੇ ਨਾਲੇ ਨੂੰ ਬੁੱਢਾ ਦਰਿਆ ਬਣਾਉਣਾ ਤੇ ਜਲਦ ਜਗਰਾਉਂ ਪੁਲ ਸ਼ੁਰੂ ਕਰਵਾਉਣਾ ਹੋਵੇਗਾ।
ਲੁਧਿਆਣਾ ਲੋਕ ਸਭਾ ਹਲਕੇ ਤੋਂ 22 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਕਾਂਗਰਸ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ 3 ਲੱਖ 83 ਹਜ਼ਾਰ 795 ਵੋਟਾਂ, ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੂੰ 3 ਲੱਖ 7 ਹਜ਼ਾਰ 423 ਵੋਟਾਂ ਤੇ ਤੀਜੇ ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ 2 ਲੱਖ 99 ਹਜ਼ਾਰ 435 ਵੋਟਾਂ ਮਿਲੀਆਂ। ਸ਼ਹਿਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚ ਬਿੱਟੂ ਨੇ ਚਾਰ ਸ਼ਹਿਰੀ ਹਲਕੇ ਪੂਰਬੀ, ਹਲਕਾ ਕੇਂਦਰੀ, ਹਲਕਾ ਪੱਛਮੀ, ਹਲਕਾ ਉਤਰੀ ਤੇ ਪੇਂਡੂ ਹਲਕਾ ਜਗਰਾਉਂ ਵਿਚੋਂ ਲੀਡ ਹਾਸਲ ਕੀਤੀ, ਜਦਕਿ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਵਿਧਾਨ ਸਭਾ ਖੇਤਰ ਹਲਕਾ ਆਤਮ ਨਗਰ, ਹਲਕਾ ਦੱਖਣੀ, ਹਲਕਾ ਗਿੱਲ ਤੇ ਹਲਕਾ ਦਾਖਾ ਵਿੱਚ ਲੀਡ ਹਾਸਲ ਕੀਤੀ।
ਪਹਿਲੇ ਰਾਊਂਡ ਵਿੱਚ ਪੀਡੀਏ ਉਮੀਦਵਾਰ ਬੈਂਸ ਅੱਗੇ ਰਹੇ ਤੇ ਉਸ ਤੋਂ ਬਾਅਦ ਲਗਾਤਾਰ 5 ਹਜ਼ਾਰ ਦੀ ਲੀਡ ਤੋਂ ਬਿੱਟੂ ਦੀ ਜੇਤੂ ਸਫ਼ਰ ਸ਼ੁਰੂ ਹੋਇਆ ਜੋ 76 ਹਜ਼ਾਰ ’ਤੇ ਪੁੱਜ ਗਿਆ। 2014 ਵਿੱਚ ਬਿੱਟੂ ਨੇ ਲੁਧਿਆਣਾ ਤੋਂ ਸਿਰਫ਼ 19 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ। ਇੱਥੇ ਖਾਸ ਗੱਲ ਇਹ ਰਹੀ ਕਿ 2014 ਵਿੱਚ ਦੂਜੇ ਨੰਬਰ ’ਤੇ ਰਹਿਣ ਵਾਲੀ ਆਮ ਆਦਮੀ ਪਾਰਟੀ ਦਾ ਬਿਲਕੁਲ ਹੀ ਸਫ਼ਾਇਆ ਹੋ ਗਿਆ। ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਤੇਜਪਾਲ ਸਿੰਘ ਗਿੱਲ ਨੂੰ ਸਿਰਫ਼ 15945 ਵੋਟਾਂ ਪਈਆਂ। ਲੁਧਿਆਣਾ ਤੋਂ ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜ਼ਮਾਨਤ ਵੀ ਜ਼ਬਤ ਹੋ ਗਈ। ਜਦਕਿ ਲੁਧਿਆਣਾ ਦੇ 10538 ਵੋਟਰਾਂ ਨੇ ਇਸ ਵਾਰ ਨੋਟਾ ਦਾ ਬਟਨ ਦੱਬਿਆ। ਇਥੋਂ ਸਭ ਤੋਂ ਘੱਟ 894 ਵੋਟਾਂ ਆਜ਼ਾਦ ਉਮੀਦਵਾਰ ਮਹਿੰਦਰ ਸਿੰਘ ਨੂੰ ਪਈਆਂ।