ਫ਼ਰੀਦਕੋਟ, ਸੀ.ਆਈ.ਏ ਸਟਾਫ਼ ਫਰੀਦਕੋਟ ਵਿੱਚ 18 ਮਈ ਦੀ ਰਾਤ ਨੂੰ ਕਥਿਤ ਤੌਰ ‘ਤੇ ਪੁਲੀਸ ਵੱਲੋਂ ਕਤਲ ਕੀਤੇ ਗਏ ਨੌਜਵਾਨ ਜਸਪਾਲ ਸਿੰਘ ਦੀ ਲਾਸ਼ ਖੁਰਦ-ਬੁਰਦ ਕਰਨ ਦੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਜਾਣਕਾਰੀ ਅਨੁਸਾਰ 19 ਮਈ ਨੂੰ ਸਵੇਰੇ 4 ਵਜੇ ਜਦੋਂ ਜਸਪਾਲ ਸਿੰਘ ਦੀ ਸੀ.ਆਈ.ਏ ਸਟਾਫ਼ ਵਿੱਚ ਮੌਤ ਹੋ ਗਈ, ਉਸ ਤੋਂ ਬਾਅਦ ਸੀ.ਆਈ.ਏ ਸਟਾਫ਼ ਦੇ ਕੈਮਰੇ ਬੰਦ ਕਰ ਦਿੱਤੇ ਗਏ ਅਤੇ ਜਸਪਾਲ ਸਿੰਘ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਸਾਜਿਸ਼ ਘੜੀ ਗਈ। ਦੋ ਮੋਟਰਸਾਈਕਲ ਅਤੇ ਪ੍ਰਾਈਵੇਟ ਗੱਡੀ 19 ਮਈ ਸਵੇਰੇ 4 ਵਜੇ ਸੀ.ਆਈ.ਏ ਸਟਾਫ ਵਿੱਚੋਂ ਬਾਹਰ ਜਾਂਦੀ ਦਿਖਾਈ ਦਿੰਦੀ ਹੈ ਜਿਸ ਵਿੱਚ ਜਸਪਾਲ ਸਿੰਘ ਦੀ ਲਾਸ਼ ਹੈ। ਇਹ ਘਟਨਾ ਸੀ.ਆਈ.ਏ ਸਟਾਫ਼ ਦੇ ਨਜ਼ਦੀਕ ਪੰਚਵਟੀ ਮੰਦਿਰ ਦੇ ਕੈਮਰੇ ਵਿੱਚ ਕੈਦ ਹੋਈ ਹੈ ਅਤੇ ਉਸ ਤੋਂ ਬਾਅਦ ਜ਼ਿਲ੍ਹਾ ਪੁਲੀਸ ਵੱਲੋਂ ਨਹਿਰਾਂ ‘ਤੇ ਲਗਵਾਏ ਗਏ ਕੈਮਰਿਆਂ ਵਿੱਚ ਵੀ ਇਹ ਸਮੁੱਚੀ ਘਟਨਾ ਕੈਦ ਹੋਈ ਹੈ। ਲਾਸ਼ ਲੈ ਕੇ ਜਾਣ ਵਾਲਿਆਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਹਨ। ਪੁਲੀਸ ਨੇ ਇਸ ਮਾਮਲੇ ਵਿੱਚ ਸੀ.ਆਈ.ਏ ਸਟਾਫ ਦੇ ਮੁਲਾਜ਼ਮ ਦਰਸ਼ਨ ਸਿੰਘ ਅਤੇ ਸੁਖਮੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਨੇ ਲਾਸ਼ ਖੁਰਦ ਬੁਰਦ ਕਰਨ ਦੀ ਪੁਸ਼ਟੀ ਕੀਤੀ ਹੈ ਅਤੇ ਇਹ ਵੀ ਮੰਨਿਆ ਹੈ ਕਿ ਲਾਸ਼ ਉਹਨਾਂ ਨੇ ਮਚਾਕੀ ਪੁਲ ਤੋਂ ਰਾਜਸਥਾਨ ਫੀਡਰ ਵਿੱਚ ਸੁੱਟ ਦਿੱਤੀ। ਇਸ ਤੋਂ ਪਹਿਲਾਂ ਪੁਲੀਸ ਮੁਖੀ ਨੇ ਦਾਅਵਾ ਕੀਤਾ ਸੀ ਕਿ ਜਸਪਾਲ ਸਿੰਘ ਦੀ ਲਾਸ਼ ਨੂੰ ਸੀ.ਆਈ.ਏ ਸਟਾਫ਼ ਦੇ ਇੰਚਾਰਜ ਨਰਿੰਦਰ ਸਿੰਘ ਨੇ ਖੁਰਦ ਬੁਰਦ ਕੀਤਾ ਹੈ ਅਤੇ ਬਾਅਦ ਵਿੱਚ ਉਸ ਨੇ ਖੁਦ ਨੂੰ ਖਤਮ ਕਰ ਲਿਆ। ਪਰੰਤੂ ਹੁਣ ਸੀ.ਸੀ.ਟੀ.ਵੀ ਫੁਟੇਜ ਤੋਂ ਸਪੱਸ਼ਟ ਹੋਇਆ ਹੈ ਕਿ ਲਾਸ਼ ਨੂੰ ਖੁਰਦ ਬੁਰਦ ਕਰਨ ਵਾਲਿਆਂ ਵਿੱਚ ਚਾਰ ਤੋਂ ਵੱਧ ਵਿਅਕਤੀ ਸ਼ਾਮਿਲ ਹਨ। ਪੁਲੀਸ ਨੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦਰਸ਼ਨ ਸਿੰਘ ਅਤੇ ਸੁਖਮੰਦਰ ਸਿੰਘ ਨੂੰ ਅੱਜ ਇੱਥੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਪੁਲੀਸ ਨੇ ਦਾਅਵਾ ਕੀਤਾ ਕਿ ਲਾਸ਼ ਬਰਾਮਦਗੀ ਲਈ ਦੋਹਾਂ ਮੁਲਜ਼ਮਾਂ ਨੂੰ ਪੁਲੀਸ ਰਿਮਾਂਡ ‘ਤੇ ਭੇਜਿਆ ਜਾਵੇ। ਅਦਾਲਤ ਨੇ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਦੋਹਾਂ ਮੁਲਜ਼ਮਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ। ਦੂਜੇ ਪਾਸੇ ਇਨਸਾਫ਼ ਲਈ ਲੜ ਰਹੀਆਂ ਜੱਥੇਬੰਦੀਆਂ ਨੇ ਅੱਜ ਇੱਥੇ ਐਕਸ਼ਨ ਕਮੇਟੀ ਦਾ ਗਠਨ ਕਰ ਦਿੱਤਾ ਹੈ ਜਿਸ ਵਿੱਚ ਕਿਰਤੀ ਕਿਸਾਨ ਯੂਨੀਅਨ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੀ.ਐੱਸ.ਯੂ., ਡੀ.ਟੀ.ਐਫ., ਨੌਜਵਾਨ ਭਾਰਤ ਸਭਾ, ਦਿਹਾਤੀ ਮਜ਼ਦੂਰ ਸਭਾ, ਯੂਥ ਫਾਰ ਸਵਰਾਜ, ਏ.ਆਈ.ਐੱਸ.ਐਫ., ਬੀ.ਕੇ. ਯੂ ਲੱਖੋਵਾਲ, ਸ਼ਹੀਦ ਭਗਤ ਸਿੰਘ ਵਿਚਾਰ ਮੰਚ, ਆਸ਼ਾ ਵਰਕਰ ਯੂਨੀਅਨ, ਪਰਿਵਾਰ ਮੈਂਬਰ ਅਤੇ ਰਿਸ਼ਤੇਦਾਰ ਸ਼ਾਮਿਲ ਹਨ, ਜਿਨ੍ਹਾਂ ਨੇ ਪੁਲੀਸ ਮੁਖੀ ਦਫ਼ਤਰ ਸਾਹਮਣੇ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਹੋਇਆ ਹੈ। ਜ਼ਿਲ੍ਹਾ ਪੁਲੀਸ ਮੁਖੀ ਰਾਜ ਬਚਨ ਸਿੰਘ ਨੇ ਕਿਹਾ ਕਿ ਪੁਲੀਸ ਸੰਜੀਦਗੀ ਨਾਲ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਪੜਤਾਲ ਮੁਕੰਮਲ ਹੋਣ ਤੱਕ ਉਹ ਕਿਸੇ ਵੀ ਤਰਾਂ ਦੀ ਟਿੱਪਣੀ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਫੜੇ ਗਏ ਮੁਲਜ਼ਮਾਂ ਨੇ ਲਾਸ਼ ਖੁਰਦ ਬੁਰਦ ਕਰਨ ਦੀ ਗੱਲ ਕਬੂਲੀ ਹੈ ਅਤੇ ਉਹਨਾਂ ਦੀ ਨਿਸ਼ਾਨਦੇਹੀ ‘ਤੇ ਲਾਸ਼ ਲੱਭਣ ਦਾ ਅਪਰੇਸ਼ਨ ਸ਼ੁਰੂ ਕੀਤਾ ਗਿਆ ਹੈ।