ਸੋਮਵਾਰ ਨੂੰ ਨਿੱਜੀਕਰਨ ਵਿਰੋਧੀ ਦਿਵਸ ਮਨਾਇਆ ਜਾਵੇਗਾ।
ਮਹਿਲ ਕਲਾਂ/ਬਰਨਾਲਾ-ਮਾਰਚ 2021 (ਗੁਰਸੇਵਕ ਸਿੰਘ ਸੋਹੀ)-
ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਜ਼ਾਮਨੀ ਦੇਣ ਵਾਲਾ ਕਾਨੂੰਨ ਬਣਾਉਣ ਲਈ ਟੋਲ ਟੈਕਸ ਮਹਿਲ ਕਲਾਂ ਤੇ ਚੱਲ ਰਿਹਾ ਧਰਨਾ ਅੱਜ 165 ਵੇਂ ਦਿਨ ਵੀ ਆਪਣੇ ਰਵਾਇਤੀ ਜੋਸ਼ ਤੇ ਹੋਸ਼ ਨਾਲ ਜਾਰੀ ਰਿਹਾ। ਅੱਜ ਧਰਨੇ ਨੂੰ ਮਲਕੀਤ ਸਿੰਘ ਈਨਾਂ, ਜਗਤਾਰ ਸਿੰਘ ਛੀਨੀਵਾਲ, ਖੁਸੀ ਗੰਗੋਹਰ, ਫੌਜੀ ਦਰਸਨ ਸਿੰਘ, ਗੋਬਿੰਦਰ ਸਿੰਘ ਸਿੱਧੂ, ਮਨਜੀਤ ਸਿੰਘ ਧਨੇਰ ਦੇ ਪਰਿਵਾਰ ਚੋ ਪ੍ਰਦੀਪ ਕੌਰ ਧਨੇਰ, ਮਾ ਮਲਕੀਤ ਸਿੰਘ ਠੁੱਲੀਵਾਲ ਅਤੇ ਮਾ ਪਿਸੌਰਾ ਸਿੰਘ ਹਮੀਦੀ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਨੇ ਖੇਤੀ ਖੇਤਰ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਲਈ ਇਹ ਤਿੰਨ ਕਾਲੇ ਕਾਨੂੰਨ ਬਣਾਏ ਹਨ ਉਸੇ ਤਰ੍ਹਾਂ ਪਬਲਿਕ ਸੈਕਟਰ ਦੇ ਅਦਾਰਿਆਂ ਦਾ ਨਿੱਜੀਕਰਨ ਕਰਕੇ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਲੋਕਾਂ ਦੇ ਟੈਕਸਾਂ ਨਾਲ ਖੜ੍ਹੇ ਕੀਤੇ ਅਤੇ ਜਨਤਕ ਅਦਾਰੇ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਲੋਕਾਂ ਦੇ ਦਬਾਅ ਹੇਠ ਸੰਨ 1969 ਵਿੱਚ 14 ਅਤੇ 1980 ਵਿੱਚ 6 ਪਰਾਈਵੇਟ ਬੈਂਕਾਂ ਦਾ ਕੌਮੀਕਰਨ ਕੀਤਾ ਗਿਆ ਸੀ ਜਿਸ ਕਾਰਨ ਬੈਂਕ ਸੇਵਾਵਾਂ ਦਾ ਲਾਭ ਆਮ ਲੋਕਾਂ ਨੂੰ ਮਿਲਣਾ ਸ਼ੁਰੂ ਹੋਇਆ ਸੀ। ਪਰ ਹੁਣ ਇਨ੍ਹਾਂ ਜਨਤਕ ਬੈਂਕਾਂ ਦਾ ਫਿਰ ਨਿੱਜੀਕਰਨ ਕੀਤਾ ਜਾ ਰਿਹਾ ਹੈ। ਰੇਲਵੇ ਸਟੇਸ਼ਨਾਂ ਤੇ ਹਵਾਈ ਅੱਡਿਆਂ ਨੂੰ ਆਡਾਨੀ ਅੰਬਾਨੀ ਵਰਗੇ ਕਾਰਪੋਰੇਟਾਂ ਨੂੰ ਵੇਚਿਆ ਜਾ ਰਿਹਾ ਹੈ। ਪਰਾਈਵੇਟ ਬੈਂਕ ਸਿਰਫ ਕੁਝ ਗਿਣੇ-ਚੁਣੇ ਘਰਾਣਿਆਂ ਨੂੰ ਕਰਜੇ ਦੇ ਕੇ ਇਜਾਰੇਦਾਰੀਆਂ ਕਾਇਮ ਕਰਨਗੇ ਅਤੇ ਲੋਕਾਂ ਦੀਆਂ ਬੱਚਤਾਂ ਖਤਰੇ ਵਿੱਚ ਪੈ ਜਾਣਗੀਆਂ।ਸਰਕਾਰ ਦੁਆਰਾ ਥੋਕ ਵਿੱਚ ਕੀਤੇ ਜਾ ਰਹੇ ਇਸ ਨਿੱਜੀਕਰਨ ਵਿਰੁੱਧ ਕੱਲ੍ਹ 15 ਮਾਰਚ ਨੂੰ ਦੇਸ਼ ਦੀਆਂ 10 ਕੇਂਦਰੀ ਟਰੇਡ ਯੂਨੀਅਨਾਂ ਨੇ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ। ਸੰਯਕੁਤ ਕਿਸਾਨ ਮੋਰਚੇ ਨੇ ਟਰੇਡ ਯੂਨੀਅਨਾਂ ਦੇ ਇਸ ਸੱਦੇ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ। ਬਰਨਾਲਾ ਵਿਖੇ ਵੀ ਇਹ ਦਿਨ ਸੰਯੁਕਤ ਕਿਸਾਨ ਮੋਰਚਾ ਮੁਲਾਜਮਾਂ, ਬੈਂਕਾਂ, ਮਜਦੂਰਾਂ,ਵਪਾਰੀਆਂ ਤੇ ਹੋਰ ਤਬਕਿਆਂ ਦੀਆਂ ਟ੍ਰੇਡ ਯੂਨੀਅਨਾਂ ਨਾਲ ਮਿਲ ਕੇ ਮਨਾਇਆ ਜਾਵੇਗਾ। ਕੱਲ੍ਹ 11 ਵਜੇ ਸਾਰੀਆਂ ਜਥੇਬੰਦੀਆਂ ਬਰਨਾਲਾ ਦੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਇਕੱਤਰ ਹੋਣਗੀਆਂ ਅਤੇ ਨਿੱਜੀਕਰਨ ਵਿਰੋਧੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਅਸੀਂ ਜਿਲ੍ਹੇ ਦੀਆਂ ਸਮੂਹ ਜਨਤਕ, ਜਮਹੂਰੀ ਜਥੇਬੰਦੀਆਂ ਤੇ ਇਨਸਾਫ ਪਸੰਦ ਲੋਕਾਂ ਨੂੰ 15 ਮਾਰਚ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦੇ ਹਾਂ।ਇਸ।ਮੌਕੇ ਛਿੰਦਾ ਵਜੀਦਕੇ, ਗੁਰਦੀਪ ਸਿੰਘ ਟਿਵਾਣਾ, ਅਮਨਪ੍ਰੀਤ ਸਿੰਘ ਸਿੱਧੂ ਮਹਿਲ ਕਲਾਂ, ਬਲਜੀਤ ਸਿੰਘ ਸੋਢਾ, ਨੰਬਰਦਾਰ ਗੁਰਜੰਟ ਸਿੰਘ ਧਾਲੀਵਾਲ, ਜਗਤਾਰ ਸਿੰਘ ਕਲਾਲ ਮਾਜਰਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।