ਸਹਿਕਾਰਤਾ ਮੰਤਰੀ ਵੱਲੋਂ ਨਵੇਂ ਸਵੈ-ਚਾਲਿਤ ਡੇਅਰੀ ਅਤੇ ਮੱਖਣ ਪਲਾਂਟ ਦਾ ਨੀਂਹ ਪੱਥਰ

ਪਲਾਂਟ ਵਿੱਚ ਉੱਚ ਗੁਣਵੱਤਾ ਦੁੱਧ ਪਦਾਰਥ ਤਿਆਰ ਹੋਣਗੇ-ਸੁਖਜਿੰਦਰ ਸਿੰਘ ਰੰਧਾਵਾ

ਲੁਧਿਆਣਾ -( ਮਨਜਿੰਦਰ ਸਿੰਘ ਗਿੱਲ)—ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹ ਮੰਤਰੀ  ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸਥਾਨਕ ਵੇਰਕਾ ਮਿਲਕ ਪਲਾਂਟ ਵਿਖੇ 5 ਲੱਖ ਲੀਟਰ ਦੁੱਧ ਦੀ ਸਮਰੱਥਾ ਵਾਲੀ ਨਵੀਂ ਸਵੈ-ਚਾਲਿਤ ਅਤਿ ਆਧੁਨਿਕ ਡੇਅਰੀ ਅਤੇ ਮੱਖਣ ਪਲਾਂਟ ਦਾ ਨੀਂਹ ਪੱਥਰ ਰੱਖਿਆ। ਕਰੀਬ 104 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਸ ਪਲਾਂਟ ਦੇ ਚਾਲੂ ਹੋਣ ਨਾਲ ਇਲਾਕਾ ਨਿਵਾਸੀਆਂ ਨੂੰ ਉੱਚ ਗੁਣਵੱਤਾ ਵਾਲੇ ਦੁੱਧ ਪਦਾਰਥਾਂ ਪ੍ਰਾਪਤ ਹੋਣਗੇ। ਇਸ ਮੌਕੇ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਨੂੰ ਸਾਲ 2016-17 ਅਤੇ 2017-18 ਲਈ 3.5 ਕਰੋੜ ਰੁਪਏ ਬੋਨਸ ਅਤੇ ਮੁਨਾਫ਼ਾ ਰਾਸ਼ੀ ਵੀ ਵੰਡੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਰੰਧਾਵਾ ਨੇ ਕਿਹਾ ਕਿ ਇਸ ਪਲਾਂਟ ਵਿੱਚ ਅਤਿ ਆਧੁਨਿਕ ਮਸ਼ੀਨਰੀ ਸਥਾਪਤ ਕੀਤੀ ਜਾਵੇਗੀ, ਜਿਸ ਨਾਲ ਉੱਚ ਗੁਣਵੱਤਾ ਵਾਲੇ ਦੁੱਧ ਪਦਾਰਥ ਤਿਆਰ ਕਰਨ ਦੇ ਨਾਲ-ਨਾਲ ਸਾਫ਼ ਸੁਥਰੇ ਵਾਤਾਵਰਨ ਵਿੱਚ ਪੈਕ ਕੀਤੇ ਜਾਇਆ ਕਰਨਗੇ। ਇਸ ਤੋਂ ਇਲਾਵਾ ਵੇਰਕਾ ਮੱਖਣ ਦੀ ਸਟੋਰੇਜ਼ ਲਈ ਵੀ ਪਲਾਂਟ ਸਥਾਪਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਪਲਾਂਟ ਚਾਲੂ ਹੋ ਜਾਵੇਗਾ ਤਾਂ ਇਸ ਨਾਲ ਜ਼ਿਲ੍ਹਾ ਲੁਧਿਆਣਾ, ਫਤਹਿਗੜ੍ਹ ਸਾਹਿਬ ਅਤੇ ਮੋਗਾ ਅਤੇ ਹੋਰ ਜ਼ਿਲ੍ਹਿਆਂ ਦੇ ਦੁੱਧ ਉਤਪਾਦਕਾਂ ਨੂੰ ਬਹੁਤ ਲਾਭ ਮਿਲੇਗਾ। ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸੂਬੇ ਵਿੱਚ ਦੁੱਧ ਉਤਪਾਦਨ ਕਿੱਤੇ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਦਿ੍ਰੜ ਯਤਨਸ਼ੀਲ ਹੈ, ਇਸੇ ਕਰਕੇ ਹੀ ਦੁੱਧ ਅਤੇ ਖੇਤੀਬਾੜੀ ਪਦਾਰਥਾਂ ਦੀ ਪ੍ਰੋਸੈਸਿੰਗ ਲਈ ਕਈ ਪ੍ਰੋਸੈਸਿੰਗ ਪਲਾਂਟ ਲਗਾਏ ਜਾ ਰਹੇ ਹਨ। ਦੁੱਧ ਪਲਾਂਟਾਂ ਨੂੰ ਅਪਗ੍ਰੇਡ ਕਰਕੇ ਦੁੱਧ ਉਤਪਾਦਕਾਂ ਦੀ ਆਮਦਨੀ ਵਿੱਚ ਵਾਧਾ ਕਰਨ ਨੂੰ ਵੀ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਸੂਬਾ ਵਾਸੀਆਂ ਨੂੰ ਵੇਰਕਾ ਉਤਪਾਦਾਂ ਦੀ ਜਿਆਦਾ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਉਹ ਪੰਜਾਬ ਦੇ ਦੁੱਧ ਉਤਪਾਦਕਾਂ ਦੀ ਸਹਾਇਤਾ ਵੀ ਕਰ ਸਕਣਗੇ। ਉਨ੍ਹਾਂ ਕਿਹਾ ਕਿ ਵੇਰਕਾ ਉਤਪਾਦ ਅਤਿ-ਆਧੁਨਿਕ ਤਕਨੀਕ ਅਤੇ ਮਸ਼ੀਨਰੀ ਨਾਲ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਖ਼ਪਤਕਾਰਾਂ ਨੂੰ ਕਿਹਾ ਕਿ ਉਹ ਆਪਣੇ ਦੁੱਧ ਪਦਾਰਥਾਂ ਦੀ ਜਾਂਚ ਵੀ ਵੇਰਕਾ ਲੈਬਾਰਟਰੀਆਂ ਤੋਂ ਕਰਵਾ ਸਕਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਸਭਾ ਮੈਂਬਰ  ਰਵਨੀਤ ਸਿੰਘ ਬਿੱਟੂ, ਰਾਕੇਸ਼ ਪਾਂਡੇ, ਸੁਰਿੰਦਰ ਡਾਬਰ, ਕੁਲਦੀਪ ਸਿੰਘ ਵੈਦ (ਸਾਰੇ ਵਿਧਾਇਕ), ਸਾਬਕਾ ਮੰਤਰੀ  ਮਲਕੀਤ ਸਿੰਘ ਦਾਖਾ, ਜ਼ਿਲ੍ਹਾ ਕਾਂਗਰਸ ਪ੍ਰਧਾਨ (ਸ਼ਹਿਰੀ) ਅਸ਼ਵਨੀ ਸ਼ਰਮਾ, ਸੀਨੀਅਰ ਕਾਂਗਰਸੀ ਆਗੂ  ਮੇਜਰ ਸਿੰਘ ਭੈਣੀ, ਕੌਂਸਲਰ ਹਰਕਰਨ ਸਿੰਘ ਵੈਦ,  ਯਾਦਵਿੰਦਰ ਸਿੰਘ ਆਲੀਵਾਲ,  ਗੁਰਦੇਵ ਸਿੰਘ ਲਾਪਰਾਂ, ਵਧੀਕ ਮੈਨੇਜਿੰਗ ਡਾਇਰੈਕਟਰ ਵੇਰਕਾ  ਕਰਨੈਲ ਸਿੰਘ, ਲੁਧਿਆਣਾ ਪਲਾਂਟ ਦੇ ਜਨਰਲ ਮੈਨੇਜਰ ਬੀ. ਆਰ. ਮਦਾਨ, ਚੇਅਰਮੈਨ  ਭੁਪਿੰਦਰ ਸਿੰਘ ਕੁਲਾਰ,  ਧਰਮਜੀਤ ਸਿੰਘ ਗਿੱਲ,  ਜਸਵੰਤ ਸਿੰਘ,  ਜਗਦੀਪ ਸਿੰਘ,  ਕੁਲਵੀਰ ਸਿੰਘ,  ਗੁਰਚਰਨ ਸਿੰਘ,  ਇਕਬਾਲ ਸਿੰਘ ਅਤੇ ਹੋਰ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।