PM Narender Modi in Rajya Sabha : ਐਮ ਐਸ ਪੀ ਸੀ, ਹੈ ਤੇ ਰਹੇਗਾ

ਹੋਰ ਵੀ ਬਹੁਤ ਕੁਝ ਜਾਣੋ ਕਿਸਾਨਾਂ ਬਾਰੇ ਕੀ-ਕੀ ਬੋਲੇ ਪ੍ਰਧਾਨ ਮੰਤਰੀ

ਨਵੀਂ ਦਿੱਲੀ,ਫ਼ਰਵਰੀ 2021(ਏਜੰਸੀ) 

ਰਾਜ ਸਭਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਭਾਸ਼ਣ ਦਾ ਜਵਾਬ ਦਿੱਤਾ। ਸੰਸਦ ਦੇ ਬਜਟ ਸੈਸ਼ਨ ਦੌਰਾਨ ਵਿਰੋਧੀ ਧਿਰ ਨੇ ਕਿਸਾਨ ਅੰਦੋਲਨਾਂ 'ਤੇ ਜ਼ਬਰਦਸਤ ਹੰਗਾਮਾ ਕੀਤਾ ਤੇ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਇਸ ਸਬੰਧੀ ਅੱਜ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਸਾਨਾਂ ਦਾ ਭਰਮ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਪੀ ਐੱਮ ਮੋਦੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਘੱਟੋ-ਘੱਟ ਸਮਰਥਨ ਮੁੱਲ ਸੀ, ਹੈ ਤੇ ਅੱਗੇ ਵੀ ਰਹੇਗਾ।

ਰਾਜ ਸਭਾ 'ਚ ਖੇਤੀ ਸੁਧਾਰਾਂ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਲਾਲ ਬਹਾਦੁਰ ਸ਼ਾਸਤਰੀ ਜੀ ਨੂੰ ਖੇਤੀ ਸੁਧਾਰ ਕਰਨੇ ਪਏ, ਉਦੋਂ ਉਨ੍ਹਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਹ ਪਿੱਛੇ ਨਹੀਂ ਹਟੇ ਸਨ। ਉਨ੍ਹਾੰ ਕਿਹਾ ਕਿ ਉਦੋਂ ਲੈਫਟ ਵਾਲੇ ਕਾਂਗਰਸ ਨੂੰ ਅਮਰੀਕਾ ਦਾ ਏਜੰਟ ਕਹਿੰਦੇ ਸਨ, ਅੱਜ ਮੈਨੂੰ ਵੀ ਉਹ ਗਾਲ੍ਹਾਂ ਕੱਢ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਕਾਨੂੰਨ ਆਇਆ ਹੋਵੇ, ਕੁਝ ਸਮੇਂ ਬਾਅਦ ਸੁਧਾਰ ਹੁੰਦੀ ਹੀ ਹਨ।

ਐੱਮ ਐੱਸ ਪੀ ਸੀ, ਐੱਮ ਐੱਸ ਪੀ ਹੈ ਤੇ ਐੱਮ ਐੱਸ ਪੀ   ਰਹੇਗਾ - ਪ੍ਰਧਾਨ ਮੰਤਰੀ  ਮੋਦੀ

ਪੀਐੱਮ ਮੋਦੀ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਐੱਮ ਐੱਸ ਪੀ  ਹੈ, ਸੀ ਤੇ ਰਹੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੰਡੀਆਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ 80 ਕਰੋੜ ਲੋਕਾਂ ਨੂੰ ਸਸਤੇ ਵਿਚ ਰਾਸ਼ਨ ਦਿੱਤਾ ਜਾਂਦਾ ਹੈ, ਉਹ ਵੀ ਜਾਰੀ ਰਹੇਗਾ। ਪ੍ਰਧਾਨ ਮੰਤਰੀ ਨੇ ਨਾਲ ਹੀ ਦੱਸਿਆ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ ਦੂਸਰੇ ਉਪਾਵਾਂ 'ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੇਕਰ ਹੁਣ ਦੇਰ ਕਰਾਂਗੇ ਤਾਂ ਕਿਸਾਨਾਂ ਨੂੰ ਹਨੇਰੇ ਵੱਲ ਧੱਕ ਦਿਆਂਗੇ।

ਕਿਸਾਨ ਅੰਦੋਲਨ 'ਤੇ ਬੋਲੇ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਕਿਸਾਨ ਅੰਦੋਲਨ ਬਾਰੇ ਵੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਅੰਦੋਲਨਕਾਰੀਆਂ ਨੂੰ ਸਮਝਾਉਂਦੇ ਹੋਏ ਅੱਗੇ ਵਧਣਾ ਪਵੇਗਾ। ਉਹ ਬੋਲੇ ਕਿ ਗਾਲ੍ਹਾਂ ਨੂੰ ਮੇਰੇ ਖਾਤੇ 'ਚ ਜਾਣ ਦਿਉ ਪਰ ਸੁਧਾਰ ਹੋਣ ਦਿਉ। ਪ੍ਰਧਾਨ ਮੰਤਰੀ ਨੇ ਅਪੀਲ ਕੀਤੀ ਕਿ ਜਿਹੜੇ ਬਜ਼ੁਰਗ ਅੰਦੋਲਨ 'ਚ ਬੈਠੇ ਹਨ, ਉਨ੍ਹਾਂ ਨੂੰ ਘਰ ਜਾਣਾ ਚਾਹੀਦਾ ਹੈ। ਉਹ ਅੰਦੋਲਨ ਖ਼ਤਮ ਕਰਨ ਤੇ ਚਰਚਾ ਅੱਗੇ ਚੱਲਦੇ ਰਹੇ। ਕਿਸਾਨਾਂ ਨਾਲ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ।

ਖੇਤੀ ਕਾਨੂੰਨ ਤੇ ਪ੍ਰਦਰਸ਼ਨ 'ਤੇ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ    

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਨੂੰ ਇਹ ਤੈਅ ਕਰਨਾ ਪਵੇਗਾ ਕਿ ਅਸੀਂ ਸਮੱਸਿਆ ਦਾ ਹਿੱਸਾ ਬਣਾਂਗੇ ਜਾਂ ਹੱਲ ਦਾ ਜ਼ਰੀਆ। ਉਨ੍ਹਾਂ ਕਿਹਾ ਕਿ ਸਿਆਸਤ ਤੇ ਰਾਸ਼ਟਰਨੀਤੀ 'ਚ ਸਾਨੂੰ ਕਿਸੇ ਇਕ ਨੂੰ ਚੁਣਨਾ ਪਵੇਗਾ। ਪੀਐੱਮ ਮੋਦੀ ਬੋਲੇ ਕਿ ਸਦਨ ਵਿਚ ਕਿਸਾਨ ਅੰਦੋਲਨ ਦੀ ਭਰਪੂਰ ਚਰਚਾ ਹੋਈ, ਜਿਹੜਾ ਵੀ ਦੱਸਿਆ ਗਿਆ ਉਹ ਅੰਦੋਲਨ ਸਬੰਧੀ ਦੱਸਿਆ ਗਿਆ ਪਰ ਮੂਲ ਗੱਲ 'ਤੇ ਚਰਚਾ ਨਹੀਂ ਹੋਈ।

ਪੀਐੱਮ ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਮੌਜੂਦਾ ਸਮੇਂ ਜਿਨ੍ਹਾਂ ਕੋਲ 1 ਹੈਕਟੇਅਰ ਤੋਂ ਘੱਟ ਜ਼ਮੀਨ ਹੈ, ਉਹ 68 ਫ਼ੀਸਦੀ ਕਿਸਾਨ ਹਨ। 86 ਫ਼ੀਸਦੀ ਕਿਸਾਨਾਂ ਕੋਲ 2 ਹੈਕਟੇਅਰ ਤੋਂ ਵੀ ਘੱਟ ਜ਼ਮੀਨ ਹੈ। ਸਾਨੂੰ ਆਪਣੀਆਂ ਯੋਜਨਾਵਾਂ ਦੇ ਕੇਂਦਰ ਵਿਚ 12 ਕਰੋੜ ਕਿਸਾਨਾਂ ਨੂੰ ਰੱਖਣਾ ਪਵੇਗਾ।