Kishan protest Ghaziabad ; ਮੰਚ ’ਤੇ ਨਹੀਂ ਲੱਗੇਗਾ ਕਿਸੇ ਸਿਆਸੀ ਪਾਰਟੀ ਦਾ ਟੈਂਟ - ਰਾਕੇਸ਼ ਟਿਕੈਤ  

ਪ੍ਰਧਾਨ ਮੰਤਰੀ ਦੇ ਬਿਆਨ ਤੋਂ ਬਾਅਦ ਰਕੇਸ਼ ਟਿਕੈਤ  ਦਾ ਵੱਡਾ ਐਲਾਨ  

ਨਵੀਂ ਦਿੱਲੀ, ਗਾਜ਼ੀਬਾਅਦ ਫਰਵਰੀ 2021( ਇਕਬਾਲ ਸਿੰਘ ਰਸੂਲਪੁਰ /ਮਨਜਿੰਦਰ ਗਿੱਲ ) 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਮਵਾਰ ਨੂੰ ਰਾਜ ਸਭਾ ’ਚ ਰਾਸ਼ਟਰਪਤੀ ਰਾਜਨਾਥ ਕੋਵਿੰਦ ਦੇ ਭਾਸ਼ਣ ’ਤੇ ਜਵਾਬ ਦੇਣ ਤੋਂ ਬਾਅਦ ਇਥੇ ਯੂਪੀ ਗੇਟ ’ਤੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਘੱਟ ਸਮਰਥਨ ਮੁੱਲ (ਐੱਮਐੱਸਪੀ) ਨੂੰ ਲੈ ਕੇ ਉਲਝਾਇਆ ਜਾ ਰਿਹਾ ਹੈ। ਐੱਮਐੱਸਪੀ ’ਤੇ ਕਾਨੂੰਨ ਬਣਨ ਨਾਲ ਹੀ ਦੇਸ਼ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ। ਐੱਮਐੱਸਪੀ ’ਤੇ ਕਾਨੂੰਨ ਨਾ ਹੋਣ ਨਾਲ ਵਪਾਰੀ ਕਿਸਾਨਾਂ ਨੂੰ ਲੁੱਟਦੇ ਹਨ। ਉਨ੍ਹਾਂ ਕਿਹਾ ਕਿ ਤਿੰਨ ਖੇਤੀ ਕਾਨੂੰਨ ਵਾਪਸ ਹੋਣ ਤੇ ਐੈੱਮਐੱਸਪੀ ’ਤੇ ਕਾਨੂੰਨ ਬਣੇ, ਤਦ ਹੀ ਸਮੱਸਿਆ ਦਾ ਹੱਲ ਹੋਵੇਗਾ।

ਉਨ੍ਹਾਂ ਕਿਹਾ ਕਿ ਦੇਸ਼ ’ਚ ਭੁੱਖ ’ਤੇ ਵਪਾਰ ਕਰਨ ਵਾਲਿਆਂ ਨੂੰ ਬਾਹਰ ਕੱਢਿਆ ਜਾਵੇਗਾ। ਜਿਸ ਤਰ੍ਹਾਂ ਫਲਾਈਟ ਦੇ ਟਿਕਟ ਦੀ ਕੀਮਤ ਦਿਨ ’ਚ ਚਾਰ ਵਾਰ ਉਪਰ-ਥੱਲ੍ਹੇ ਹੁੰਦੀ ਹੈ, ਉਸੇ ਤਰ੍ਹਾਂ ਅਨਾਜ ਦੀ ਕੀਮਤ ਭੁੱਖ ਦੇ ਆਧਾਰ ’ਤੇ ਤੈਅ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅੱਜ ਵੀ ਪੇਂਡੂ ਖੇਤਰਾਂ ’ਚ ਦੁੱਧ 22 ਤੋਂ 28 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿੱਕ ਰਿਹਾ ਹੈ। ਇਸ ਨਾਲ ਦੁੱਧ ਉਤਪਾਦਨ ਕਰਨ ਵਾਲੇ ਕਿਸਾਨਾਂ ਦਾ ਖਰਚਾ ਵੀ ਨਹੀਂ ਪੂਰਾ ਹੋ ਰਿਹਾ ਹੈ। ਇਸ ਨਾਲ ਦੇਸ਼ ’ਚ ਪਸ਼ੂਆਂ ਦੀ ਗਿਣਤੀ ਘੱਟ ਗਈ ਹੈ। ਉਨ੍ਹਾਂ ਕਿਹਾ ਕਿ ਦੁੱਧ ਦੀ ਕੀਮਤ ਨਿਰਧਾਰਿਤ ਕੀਤੀ ਜਾਵੇ। ਰਾਜਨੀਤਕ ਦਲਾਂ ਦੇ ਸਮਰਥਨ ’ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਕਿਸਾਨਾਂ ਦਾ ਅੰਦੋਲਨ ਹੈ, ਇਸ ’ਚ ਕਿਸੇ ਰਾਜਨੀਤਕ ਦਲ ਦਾ ਟੈਂਟ ਨਹੀਂ ਲੱਗਾ ਹੈ।

ਇਹ ਕਿਹਾ ਹੈ ਪੀਐੱਮ ਮੋਦੀ ਨੇ ਸੰਸਦ ’ਚ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ’ਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਐੱਮਐੱਸਪੀ ਸੀ ਤੇ ਰਹੇਗੀ। ਇੰਨਾ ਹੀ ਨਹੀਂ ਉਨ੍ਹਾਂ ਨੇ ਮੰਡੀਆਂ ਦੇ ਵੀ ਆਧੁਨਿਕੀਕਰਨ ਦੀ ਗੱਲ ਕਹੀ ਹੈ। ਪੀਐੱਮ ਮੋਦੀ ਨੇ ਗੁਜ਼ਾਰਿਸ਼ ਕੀਤੀ ਹੈ ਕਿ ਕਿਸਾਨਾਂ ਨੂੰ ਆਪਣਾ ਧਰਨਾ ਪ੍ਰਦਰਸ਼ਨ ਖਤਮ ਕਰਨਾ ਚਾਹੀਦਾ। ਕਿਸਾਨਾਂ ਨਾਲ ਕੇਂਦਰ ਸਰਕਾਰ ਨੇ ਗੱਲ ਕੀਤੀ ਹੈ ਤੇ ਅੱਗੇ ਵੀ ਚਰਚਾ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਖਤਮ ਹੋਣਾ ਚਾਹੀਦਾ ਤੇ ਚਰਚਾ ਜਾਰੀ ਰਹਿਣੀ ਚਾਹੀਦੀ ਹੈ।