ਪੰਜਾਬ ਸਰਕਾਰ ਵੱਲੋਂ 'ਸੱਤਿਆਗ੍ਰਹਿ ਦਿਵਸ' ਮੌਕੇ ਰਾਜ ਪੱਧਰੀ ਸਮਾਗਮ ਦਾ ਆਯੋਜਨ

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਮੁੱਖ ਮਹਿਮਾਨ ਅਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵਿਸ਼ੇਸ਼ ਮਹਿਮਾਨ ਵਜੋਂ ਕੀਤੀ ਸ਼ਿਰਕਤ

ਲੁਧਿਆਣਾ, ਜੂਨ 2019( ਮਨਜਿੰਦਰ ਗਿੱਲ )—ਰਾਸ਼ਟਰ ਪਿਤਾ ਵਜੋਂ ਜਾਣੇ ਜਾਂਦੇ ਮਹਾਤਮਾ ਗਾਂਧੀ ਦੇ 150ਵੇਂ ਜਨਮ ਸ਼ਤਾਬਦੀ ਸਮਾਰੋਹਾਂ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ 'ਸੱਤਿਆਗ੍ਰਹਿ ਦਿਵਸ' ਰਾਜ ਪੱਧਰੀ ਸਮਾਗਮ ਦੇ ਤੌਰ 'ਤੇ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਅੱਜ ਮਨਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅਤੇ ਵਿਸ਼ੇਸ਼ ਮਹਿਮਾਨ ਵਜੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸ਼ਿਰਕਤ ਕੀਤੀ। ਇਸ ਮੌਕੇ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭਾਰਤ ਨਗਰ ਦੀਆਂ ਵਿਦਿਆਰਥਣਾਂ ਨੇ ਮਹਾਤਮਾ ਗਾਂਧੀ ਦੇ ਜੀਵਨ ਅਤੇ ਸੱਤਿਆਗ੍ਰਹਿ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸਮਾਗਮ ਦੌਰਾਨ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਭਾਰਤ ਭੂਸ਼ਣ ਆਸ਼ੂ ਨੇ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਮਹਾਤਮਾ ਗਾਂਧੀ ਵੱਲੋਂ ਦਰਸਾਏ ਗਏ ਰਸਤੇ 'ਤੇ ਚੱਲਣਾ ਚਾਹੀਦਾ ਹੈ। ਉਨਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਨਾ-ਮਿਲਵਰਤਨ ਅੰਦੋਲਨ ਨੂੰ ਹਥਿਆਰ ਵਜੋਂ ਸਫ਼ਲਤਾਪੂਰਵਕ ਵਰਤਿਆ। ਉਨਾਂ ਕਿਹਾ ਕਿ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਲੋਕਾਂ ਨੂੰ ਪ੍ਰੇਰਨਾ ਦਿੰਦੀਆਂ ਰਹਿਣਗੀਆਂ ਅਤੇ ਸਮਾਜ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਦੀਆਂ ਰਹਿਣਗੀਆਂ। ਮਹਾਤਮਾ ਗਾਂਧੀ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਉਨਾਂ ਵੱਲੋਂ ਦਿਖਾਏ ਗਏ ਰਸਤੇ 'ਤੇ ਚੱਲੀਏ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਹਾਤਮਾ ਗਾਂਧੀਆਂ ਦੀਆਂ ਮੁੱਢਲੀਆਂ ਸਿੱਖਿਆਵਾਂ ਨੂੰ ਸਮਾਜ ਬਦਲਣ ਲਈ ਵਰਤਣ। ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅੱਜ ਅਸੀਂ ਮਹਾਤਮਾ ਗਾਂਧੀ ਅਤੇ ਆਜ਼ਾਦੀ ਘੁਲਾਟੀਆਂ ਵੱਲੋਂ ਦਿੱਤੀਆਂ ਅਣਥੱਕ ਸੇਵਾਵਾਂ ਸਦਕਾ ਹੀ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ। ਉਨਾਂ ਕਿਹਾ ਕਿ ਜਿੱਥੇ ਮਹਾਤਮਾ ਗਾਂਧੀ ਨੇ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਆਪਣਾ ਸਰਬੋਤਮ ਯੋਗਦਾਨ ਪਾਇਆ, ਉਥੇ ਹੀ ਉਨਾਂ ਦੇ ਜੀਵਨ ਅਤੇ ਸਿਖਿਆਵਾਂ ਨੇ ਸਮਾਜ ਸੁਧਾਰ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ। ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਸਮਾਜ ਲਈ ਪ੍ਰੇਰਨਾਦਾਇਕ ਹਨ ਅਤੇ ਨੌਜਵਾਨਾਂ ਨੂੰ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਇਨਾਂ ਸਿਖਿਆਵਾਂ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ ਨੇ ਜ਼ਿਲਾ ਪ੍ਰਸਾਸ਼ਨ ਵੱਲੋਂ  ਭਾਰਤ ਭੂਸ਼ਣ ਆਸ਼ੂ,  ਰਵਨੀਤ ਸਿੰਘ ਬਿੱਟੂ, ਹਲਕਾ ਪਾਇਲ ਦੇ ਵਿਧਾਇਕ ਲਖਬੀਰ ਸਿੰਘ ਲੱਖਾ, ਨਗਰ ਨਿਗਮ ਲੁਧਿਆਣਾ ਦੇ ਮੇਅਰ  ਬਲਕਾਰ ਸਿੰਘ ਸੰਧੂ ਦਾ ਸਵਾਗਤ ਅਤੇ ਸਨਮਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸ਼ਵਨੀ ਸ਼ਰਮਾ ਅਤੇ  ਕਰਨਜੀਤ ਸਿੰਘ ਸੋਨੀ (ਦੋਵੇਂ ਜ਼ਿਲਾ ਪ੍ਰਧਾਨ ਕਾਂਗਰਸ ਕਮੇਟੀ), ਮੁਹੰਮਦ ਗੁਲਾਬ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪ੍ਰਵਾਸੀ ਸੈੱਲ), ਸਨੀ ਭੱਲਾ, ਜੈ ਪ੍ਰਕਾਸ਼ ਸ਼ਰਮਾ,  ਹਰਕਰਨ ਸਿੰਘ ਵੈਦ,  ਦਿਲਰਾਜ ਸਿੰਘ, ਸ੍ਰੀਮਤੀ ਪੂਨਮ ਮਲਹੋਤਰਾ, ਬਲਜਿੰਦਰ ਸਿੰਘ ਬੰਟੀ, ਸ੍ਰੀਮਤੀ ਰਾਸ਼ੀ ਹੇਮਰਾਜ ਅਗਰਵਾਲ (ਸਾਰੇ ਕੌਂਸਲਰ),  ਈਸ਼ਵਰਜੋਤ ਸਿੰਘ ਚੀਮਾ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਇਕਨਾਮਿਕ ਐਂਡ ਪੋਲੀਟੀਕਲ ਪਲੈਨਿੰਗ ਸੈੱਲ, ਸੀਨੀਅਰ ਕਾਂਗਰਸੀ ਆਗੂ  ਦਰਸ਼ਨ ਸਿੰਘ ਸ਼ੰਕਰ, ਪਰਮਿੰਦਰ ਮਹਿਤਾ, ਰਮੇਸ਼ ਜੋਸ਼ੀ ਅਤੇ ਹੋਰ ਹਾਜ਼ਰ ਸਨ।