ਪੀ.ਏ.ਯੂ. ਕਿਸਾਨ ਮੇਲੇ ਦੌਰਾਨ ਸਰਵੋਤਮ ਛੱਪੜ ਐਵਾਰਡ ਪਿੰਡ ਹਰੀਪੁਰ ਨੂੰ ਦਿੱਤਾ ਜਾਵੇਗਾ

ਵਾਤਾਵਰਨ ਸੰਭਾਲ ਦੇ ਕੁਦਰਤੀ ਸੋਮਿਆਂ ਦੇ ਰਖ-ਰਖਾਵ ਲਈ ਹੈ ਇਹ ਐਵਾਰਡ

ਲੁਧਿਆਣਾ, ਸਤੰਬਰ 2019 (  ਮਨਜਿੰਦਰ ਗਿੱਲ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ 21-22 ਸਤੰਬਰ ਨੂੰ ਲਗਾਏ ਜਾ ਰਹੇ ਕਿਸਾਨ ਮੇਲੇ ਵਿੱਚ ਇਸ ਵਾਰ ਭਾਈ ਬਾਬੂ ਸਿੰਘ ਬਰਾੜ 'ਸਰਵੋਤਮ ਛੱਪੜ ਐਵਾਰਡ' ਦੀ ਸ਼ੁਰੂਆਤ ਹੋਵੇਗੀ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਦੱਸਿਆ ਕਿ ਇਸ ਸਾਲ ਇਸ ਸ਼੍ਰੇਣੀ ਵਿੱਚ ਐਵਾਰਡ ਜਲੰਧਰ ਜ਼ਿਲੇ ਦੇ ਮਹਿਤਪੁਰ ਬਲਾਕ ਵਿੱਚ ਪੈਂਦੇ ਹਰੀਪੁਰ ਪਿੰਡ ਨੂੰ ਦਿੱਤਾ ਜਾ ਰਿਹਾ ਹੈ ਜਿਨਾਂ ਨੇ ਆਪਣੇ ਪਿੰਡ ਦੇ ਛੱਪੜ ਨੂੰ ਸਜਾ ਸੰਵਾਰ ਕੇ ਕੁਦਰਤ ਅਤੇ ਮਨੁੱਖੀ ਜਨ ਜੀਵਨ ਲਈ ਲਾਹੇਵੰਦ ਵੀ ਬਣਾਇਆ ਹੈ ਇਸ ਪਿੰਡ ਦੇ ਦੋ ਛੱਪੜ 8 ਕਨਾਲ ਰਕਬੇ ਵਿੱਚ ਫੈਲੇ ਹੋਏ ਹਨ। ਇਹ ਛੱਪੜ ਪਿੰਡ ਵਾਸੀਆਂ ਵੱਲੋਂ ਆਪਣੀ ਸਰਪੰਚ ਸ਼੍ਰੀਮਤੀ ਸੀਤਾ ਰਾਣੀ ਦੀ ਅਗਵਾਈ ਵਿੱਚ ਵਿਕਸਿਤ ਕੀਤੇ ਗਏ ਹਨ, ਜਿਸ ਲਈ ਤਕਨੀਕੀ ਸਹਿਯੋਗ ਭਾਰਤ ਸਰਕਾਰ ਦੇ ਸਾਇੰਸ ਤਕਨਾਲੋਜੀ ਵਿਭਾਗ ਅਤੇ ਯੂਨੀਵਰਸਿਟੀ ਦੇ ਕਿਸਾਨ ਸੇਵਾ ਕੇਂਦਰ, ਜਲੰਧਰ ਨੇ ਪ੍ਰਦਾਨ ਕੀਤਾ ਹੈ। ਪਹਿਲਾਂ ਇਹਨਾਂ ਛੱਪੜਾਂ ਦਾ ਗੰਦਾ ਪਾਣੀ ਗਲੀਆਂ ਅਤੇ ਸੜਕਾਂ ਵਿੱਚ ਆ ਜਾਂਦਾ ਸੀ ਅਤੇ ਮਾਨਸੂਨ ਦੇ ਦਿਨਾਂ ਵਿੱਚ ਹਾਲਤ ਹੋਰ ਮਾੜੀ ਹੋ ਜਾਂਦੀ ਸੀ। ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਪਿੰਡ ਵਾਸੀਆਂ ਵੱਲੋਂ ਇਕ ਕਮੇਟੀ ਬਣਾਈ ਗਈ ਜਿਸਦੀ ਸਿਫ਼ਾਰਸ਼ ਤੇ ਇੰਟਰਲਾਕ ਟਾਇਲਾਂ ਲਗਾਈਆਂ ਗਈਆਂ ਅਤੇ ਘਰਾਂ ਦੇ ਪਾਣੀ ਦੀ ਨਿਕਾਸੀ ਲਈ ਜ਼ਮੀਨਦੋਜ਼ ਪਾਈਪਾਂ ਵਿਛਾਈਆਂ ਗਈਆਂ। ਇਹ ਸਾਰੇ ਕਾਰਜ ਇੱਕ ਸਾਲ ਦੇ ਵਕਫ਼ੇ ਵਿੱਚ ਮੁਕੰਮਲ ਕੀਤੇ ਗਏ। ਹੁਣ ਇਹ ਜਮਾਂ ਕੀਤਾ ਅਤੇ ਸੋਧਿਆ ਪਾਣੀ ਸਿੰਚਾਈ ਲਈ ਵਰਤਿਆ ਜਾਂਦਾ ਹੈ। ਛੱਪੜਾਂ ਨੂੰ 15 ਫੁੱਟ ਤੱਕ ਡੂੰਘਾ ਕੀਤਾ ਗਿਆ ਅਤੇ ਇਸ ਦੁਆਲੇ ਇੱਕ ਸੁੰਦਰ ਪਾਰਕ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ ਜਿੱਥੇ ਪਿੰਡ ਵਾਸੀ ਸਵੇਰ-ਸ਼ਾਮ ਕਸਰਤ ਕਰਨ ਲਈ ਵੱਡੀ ਗਿਣਤੀ ਵਿੱਚ ਆਉਂਦੇ ਹਨ। ਇਸਦੇ ਨਾਲ ਹੀ ਛੱਪੜਾਂ ਦੇ ਨੇੜੇ ਸਜਾਵਟੀ ਬੂਟੇ ਲਗਾਏ ਗਏ ਹਨ ਅਤੇ ਜਲਦੀ ਹੀ ਇਹਨਾਂ ਛੱਪੜਾਂ ਵਿੱਚ ਮੱਛੀ ਪਾਲਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਵੱਖ-ਵੱਖ ਵਿਭਾਗਾਂ ਅਤੇ ਪੀ.ਏ.ਯੂ. ਦੇ ਉਚ ਅਧਿਕਾਰੀ ਇਹਨਾਂ ਵਿਕਸਿਤ ਛੱਪੜਾਂ ਦੀ ਫੇਰੀ ਪਾ ਚੁੱਕੇ ਹਨ ਅਤੇ ਦੂਜੇ ਪਿੰਡਾਂ ਵਿੱਚ ਇਸ ਮਾਡਲ ਨੂੰ ਅਪਨਾਉਣ ਦੀ ਸਿਫ਼ਾਰਿਸ਼ ਕਰ ਰਹੇ ਹਨ। ਡਾ. ਮਾਹਲ ਨੇ ਭਰੋਸਾ ਪ੍ਰਗਟ ਕੀਤਾ ਕਿ ਪੰਜਾਬ ਦੇ ਹੋਰ ਪਿੰਡ ਹਰੀਪੁਰ ਤੋਂ ਪ੍ਰੇਰਿਤ ਹੋ ਕੇ ਆਪਣੇ ਪਿੰਡਾਂ ਦੇ ਛੱਪੜਾਂ ਦੀ ਸੰਭਾਲ ਲਈ ਅਗਵਾਈ ਕਰਨਗੇ ।