2025 ਤਕ ਉੱਤਰ-ਪੂਰਬ 'ਚ ਕੈਂਸਰ ਦੇ ਨਵੇਂ ਕੇਸ 57 ਹਜ਼ਾਰ ਤੋਂ ਪਾਰ ਹੋਣ ਦਾ ਖ਼ਦਸ਼ਾ

ਨਵੀਂ ਦਿੱਲੀ, ਫਰਵਰੀ 2021 (ਏਜੰਸੀ )   

ਉੱਤਰ-ਪੂਰਬ ਖੇਤਰ 'ਚ ਕੈਂਸਰ ਦੇ ਨਵੇਂ ਮਾਮਲਿਆਂ ਦਾ ਅਨੁਮਾਨ ਚਿੰਤਾ ਵਧਾਉਣ ਵਾਲਾ ਹੈ। ਇਕ ਰਿਪੋਰਟ ਮੁਤਾਬਕ, ਇਨ੍ਹਾਂ ਦੀ ਗਿਣਤੀ 2025 ਤਕ 57,131 ਹੋ ਸਕਦੀ ਹੈ। ਜਦਕਿ 2020 ਵਿਚ 50,317 ਮਾਮਲਿਆਂ ਦੇ ਹੋਣ ਦਾ ਅਨੁਮਾਨ ਲਾਇਆ ਗਿਆ ਸੀ।

ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ (ਆਈਸੀਐੱਮਆਰ) ਅਤੇ ਰਾਸ਼ਟਰੀ ਰੋਗ ਸੂਚਨਾ ਵਿਗਿਆਨ ਅਤੇ ਖੋਜ ਕੇਂਦਰ (ਐੱਨਸੀਡੀਆਈਆਰ), ਬੈਂਗਲੁਰੂ ਨੇ ਇਸ ਸਬੰਧ ਵਿਚ ਵਿਸ਼ਵ ਕੈਂਸਰ ਦਿਵਸ ਦੇ ਮੌਕੇ ਵੀਰਵਾਰ ਨੂੰ ਇਕ ਰਿਪੋਰਟ ਜਾਰੀ ਕੀਤੀ। ਆਈਸੀਐੱਮਆਰ ਨੇ ਦੱਸਿਆ ਹੈ ਕਿ ਭਾਰਤ ਦੇ ਉੱਤਰ-ਪੂਰਬ ਖੇਤਰ ਵਿਚ ਕੈਂਸਰ ਦੇ ਮਾਮਲੇ ਅਤੇ ਸਬੰਧਤ ਸਿਹਤ ਸੂਚਕ ਅੰਕ ਰਿਪੋਰਟ ਸਾਰੇ ਅੱਠ ਸੂਬਿਆਂ ਵਿਚ ਆਬਾਦੀ 'ਤੇ ਅਧਾਰਤ ਕੈਂਸਰ ਰਜਿਸਟਰੀ ਨੇ ਤਿਆਰ ਕੀਤੀ ਹੈ। ਇਕ ਬਿਆਨ ਮੁਤਾਬਕ, ਆਈਸੀਐੱਮਆਰ-ਐੱਨਸੀਡੀਆਈਆਰ ਦੀ ਰਿਪੋਰਟ ਉੱਤਰ-ਪੂਰਬ ਖੇਤਰ ਦੀ ਵਿਭਿੰਨਤਾ ਅਤੇ ਸਮੱਸਿਆ ਦੀ ਗੰਭੀਰਤਾ ਨੂੰ ਰੇਖਾਂਕਿਤ ਕਰਦੀ ਹੈ। ਪਿਛਲੇ ਕਈ ਸਾਲਾਂ ਤੋਂ ਰਾਸ਼ਟਰੀ ਕੈਂਸਰ ਰਜਿਸਟਰੀ ਪ੍ਰੋਗਰਾਮ ਨੇ ਕੈਂਸਰ ਦਾ ਪਤਾ ਲਾਉਣ ਦੀ ਦਿਸ਼ਾ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਕੈਂਸਰ ਦੀ ਰੋਕਥਾਮ ਅਤੇ ਕੰਟਰੋਲ ਸਰਗਰਮੀਆਂ ਲਈ ਆਈਸੀਐੱਮਆਰ ਇਸ ਖੇਤਰ ਵਿਚ ਖੋਜ ਕਰ ਰਿਹਾ ਹੈ। ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਡਾ. ਬਲਰਾਮ ਭਾਰਗਵ ਦੇ ਹਵਾਲੇ ਨਾਲ ਬਿਆਨ ਵਿਚ ਕਿਹਾ ਗਿਆ ਹੈ ਕਿ ਰਜਿਸਟਰੀ ਤੋਂ ਮਿਲੇ ਵਿਗਿਆਨੀ ਸਬੂਤਾਂ ਜ਼ਰੀਏ ਖੇਤਰ ਵਿਚ ਸਿਹਤ ਦੀ ਮੁੱਢਲੀ ਸੰਰਚਨਾ ਮਜ਼ਬੂਤ ਕੀਤੀ ਜਾ ਰਹੀ ਹੈ ਅਤੇ ਭਵਿੱਖ ਵਿਚ ਨੀਤੀਗਤ ਫ਼ੈਸਲਾ ਲੈਣ ਵਿਚ ਇਸ ਨਾਲ ਮਦਦ ਮਿਲੇਗੀ। ਰਿਪੋਰਟ ਮੁਤਾਬਕ, ਮਰਦਾਂ ਵਿਚ 13.6 ਫ਼ੀਸਦੀ ਗ੍ਰਾਸ ਨਲੀ ਦੇ ਕੈਂਸਰ ਅਤੇ 10.9 ਫ਼ੀਸਦੀ ਫੇਫੜਿਆਂ ਦੇ ਕੈਂਸਰ ਨਾਲ ਪੀੜਤ ਹਨ, ਜਦਕਿ ਔਰਤਾਂ ਵਿਚ 14.5 ਫ਼ੀਸਦੀ ਛਾਤੀ ਦੇ ਕੈਂਸਰ ਅਤੇ 12.2 ਫ਼ੀਸਦੀ ਬੱਚੇਦਾਨੀ ਦੇ ਕੈਂਸਰ ਨਾਲ ਪੀੜਤ ਹੋਈਆਂ।