ਅੰਦੋਲਨ ਸਰਕਾਰ ਵਿਰੁੱਧ ਨਹੀਂ!
- ਪਿਛਲੇ ਕਈ ਮਹੀਨਿਆਂ ਤੋਂ ਦੇਸ਼ ਦੇ ਕਿਰਤੀ-ਕਿਸਾਨਾਂ ਵਲੋਂ ਆਪਣੀ ਹੋਂਦ ਬਚਾਉਣ ਲਈ ਅਤੇ ਆਪਣੇ ਹੱਕਾਂ ਅਤੇ ਹਿੱਤਾਂ ਨੂੰ ਲੈ ਕੇ ਪੂਰੇ ਦੇਸ਼ ਵਿਚ ਅੰਦੋਲਨ ਵਿੱਢਿਆ ਹੋਇਆ ਹੈ। ਇਸ ਅੰਦੋਲਨ ਲਈ ਦੇਸ਼ ਵਿਚ ਪੰਜਾਬ ਮੋਹਰੀ ਬਣਕੇ ਤੁਰਿਆ ਹੈ, ਜੋ ਬਹੁਤ ਹੀ ਮਾਣ ਵਾਲੀ ਗੱਲ ਹੈ। ਉਂਝ ਤਾਂ ਦੇਸ਼ ਲਈ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਅੱਗੇ ਹੋ ਕੇ ਕੇਵਲ ਅਗਵਾਈ ਹੀ ਨਹੀਂ ਕੀਤੀ, ਸਗੋਂ ਜੇਲਾਂ ਦੀਆਂ ਹਵਾਵਾਂ ਵੀ ਖਾਧੀਆਂ ਹਨ, ਮਾਨਸਿਕ ਅਤੇ ਸਰੀਰਕ ਤੌਰ 'ਤੇ ਤਸੀਹੇ ਵੀ ਝੱਲੇ ਹਨ ਅਤੇ ਕੁਰਬਾਨੀਆਂ ਵੀ ਦਿੱਤੀਆਂ ਹਨ। ਮੁਗਲਾਂ ਨਾਲ ਟੱਕਰ ਲੈਣ ਸਮੇਂ ਪਿੱਠ ਨਹੀਂ ਵਿਖਾਈ, ਅਜਾਦੀ ਦੀ ਲੜਾਈ ਜਿੱਤਣ ਲਈ ਲੰਡਨ ਜਾ ਕੇ ਅੰਗਰੇਜ਼ਾਂ ਦੀ ਹਿੱਕ ਉਪਰ ਪੈਰ ਰੱਖ ਕੇ ਫਤਹਿ ਹਾਸਲ ਕੀਤੀ। ਇਸ ਤੋਂ ਬਾਅਦ ਵੀ ਜਦੋਂ ਜਦੋਂ ਵੀ ਪਾਕਿਸਤਾਨ ਅਤੇ ਚੀਨ ਵਲੋਂ ਭਾਰਤ ਉਪਰ ਹਮਲਾ ਕੀਤਾ ਗਿਆ, ਪੰਜਾਬੀਆਂ ਨੇ ਜਾਨ ਤਲੀ 'ਤੇ ਰੱਖ ਕੇ ਸੱਚੀ ਦੇਸ਼ ਭਗਤੀ ਦਾ ਸਬੂਤ ਦਿੱਤਾ, ਪਰ ਅਫਸੋਸ ਮਨੂੰਵਾਦੀ ਸੋਚ ਦੇ ਧਾਰਨੀ ਲੋਕਾਂ ਵਲੋਂ ਪੰਜਾਬ ਦੇ ਲੋਕਾਂ ਵਲੋਂ ਦਿੱਤੀਆਂ ਕੁਰਬਾਨੀਆਂ ਦਾ ਮੁੱਲ ਪਾਉਣ ਦੀ ਬਜਾਏ ਖਾਸ ਕਰਕੇ ਸਿੱਖਾਂ ਅਤੇ ਮੁਸਲਮਾਨਾਂ ਨੂੰ ਬਦਨਾਮ ਕਰਨ ਲਈ ਕੋਈ ਵੀ ਕਸਰ ਨਹੀਂ ਛੱਡੀ। ਹੁਣ ਜਦੋਂ ਪੰਜਾਬ ਦੇ ਲੋਕਾਂ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ ਤਾਂ ਫਿਰ ਮਨੂੰਵਾਦੀ ਸੋਚ ਦੇ ਧਾਰਨੀ ਲੋਕਾਂ ਵਲੋਂ ਉਨ੍ਹਾਂ ਨੂੰ ਤਰਾਂ ਤਰਾਂ ਦੇ ਢੰਗ /ਤਰੀਕਿਆਂ ਨਾਲ ਰੱਜ ਰੱਜ ਕੇ ਭੰਡਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਵੇਲੇ ਦੇਸ਼ ਦੇ ਲੋਕਾਂ ਵਲੋਂ ਜਬਰਦਸਤ ਅੰਦੋਲਨ ਵਿੱਢਿਆ ਗਿਆ ਹੈ, ਦੀ ਅਗਵਾਈ ਪੰਜਾਬ ਦੇ ਕਿਰਤੀ-ਕਿਸਾਨਾਂ ਵਲੋਂ ਕੀਤੀ ਜਾ ਰਹੀ ਹੈ। ਕਿਰਤੀ-ਕਿਸਾਨਾਂ ਵਲੋਂ ਵਿੱਢਿਆ ਗਿਆ ਅੰਦੋਲਨ ਸਰਕਾਰ ਵਿਰੁੱਧ ਨਾ ਹੋ ਕੇ ਦੇਸ਼ ਦੇ ਉਨ੍ਹਾਂ ਵੱਡੇ ਸਰਮਾਏਦਾਰਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਵਿਰੁੱਧ ਹੈ, ਜਿਹੜੇ ਦੇਸ਼ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਚੂੰਢ ਚੂੰਢ ਕੇ ਸੰਸਾਰ ਦੇ ਸੱਭ ਤੋਂ ਅਮੀਰ ਬੰਦੇ ਬਣਨ ਲਈ ਤਰ੍ਹਾਂ-ਤਰ੍ਹਾਂ ਦੀਆਂ ਵਿਉਂਤਬੰਦੀਆਂ ਕਰ ਰਹੇ ਹਨ। ਦੇਸ਼ ਦੇ ਵੱਡੇ ਸਰਮਾਏਦਾਰ ਅਤੇ ਕਾਰਪੋਰੇਟ ਘਰਾਣੇ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਸਰਕਾਰ ਵਿਚ ਪੂਰੀ ਤਰ੍ਹਾਂ ਘੁਸਪੈਠ ਕਰ ਗਏ ਹਨ ਅਤੇ ਉਹ ਆਪਣੀਆਂ ਚੰਮ ਦੀਆਂ ਚਲਾ ਕੇ ਦੇਸ਼ ਨੂੰ ਲੁੱਟਣ ਲੱਗ ਪਏ ਹਨ ਅਤੇ ਇਸ ਦੇ ਵਿਰੋਧ ਵਿਚ ਦੇਸ਼ ਦੇ ਲੋਕਾਂ ਦਾ ਫਿਰ ਖੂਨ ਖੌਲਿਆ ਹੈ। ਇਸ ਲੁੱਟ ਖਸੁੱਟ ਨੂੰ ਰੋਕਣ ਲਈ ਅਤੇ ਦੇਸ਼ ਨੂੰ ਸਰਮਾਏਦਾਰਾਂ ਅਤੇ ਕਾਰਪੋਰੇਟ ਘਰਾਣਿਆਂ ਕੋਲ ਵਿਕਣ ਤੋਂ ਬਚਾਉਣ ਲਈ ਅੰਦੋਲਨ ਉਠਿਆ ਹੈ। ਇਹ ਅੰਦੋਲਨ ਦੇਸ਼ ਦੀ ਅਜਾਦੀ ਦੀ ਲੜਾਈ ਦੀ ਤਰ੍ਹਾਂ ਇੱਕ ਕ੍ਰਾਂਤੀਕਾਰੀ ਅਤੇ ਇਤਿਹਾਸਕ ਅੰਦੋਲਨ ਹੋ ਨਿਬੜੇਗਾ। ਅੱਜ ਦੇਸ਼ ਵਿੱਚ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਜਦਕਿ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ। ਗਰੀਬ ਨੂੰ ਨਾ ਤਾਂ ਰੱਜਵੀੰ ਰੋਟੀ ਮਿਲ ਰਹੀ ਹੈ ਅਤੇ ਨਾ ਹੀ ਬਿਮਾਰੀ ਦੀ ਹਾਲਤ ਵਿਚ ਇਲਾਜ ਮਿਲ ਰਿਹਾ ਹੈ, ਕਿਉਂਕਿ ਡਾਕਟਰੀ ਇਲਾਜ ਬਹੁਤ ਮਹਿੰਗਾ ਹੋ ਚੁੱਕਿਆ ਹੈ ਅਤੇ ਆਮ ਲੋਕਾਂ ਲਈ ਅਜਾਦੀ ਅਤੇ ਗਣਤੰਤਰ ਦਿਵਸ ਦੇ ਅਰਥ ਬੇ-ਮਾਅਨਾ ਹੋ ਕੇ ਰਹਿ ਗਏ ਹਨ। ਦੇਸ਼ ਦੇ ਵੱਡੇ ਸਰਮਾਏਦਾਰ ਅਤੇ ਕਾਰਪੋਰੇਟ ਘਰਾਣੇ ਦੇਸ਼ ਦੀਆਂ ਬੈਂਕਾਂ ਦਾ ਧਨ ਲੁੱਟ ਲੁੱਟ ਕੇ ਵਿਦੇਸ਼ਾਂ ਵਲ ਫਰਾਰ ਹੋ ਰਹੇ ਹਨ।ਹੁਣ ਸਰਮਾਏਦਾਰਾਂ ਅਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਖਸੁੱਟ ਤੋਂ ਦੇਸ਼ ਅਤੇ ਦੇਸ਼ ਦੇ ਲੋਕਾਂ ਨੂੰ ਬਚਾਉਣ ਲਈ ਵਿੱਢੇ ਗਏ ਅੰਦੋਲਨ ਪਿਛੋਂ ਦੇਸ਼ ਵਿਚ ਫੈਲੇ ਜਾਤ-ਪਾਤ ਦੇ ਕੋਹੜ ਵਿਰੁੱਧ ਵੀ ਅੰਦੋਲਨ ਵਿੱਢਣ ਲਈ ਪੰਜਾਬ ਨੂੰ ਮੋਹਰੀ ਹੋ ਕੇ ਤੁਰਨਾ ਪਵੇਗਾ। ਸਰਮਾਏਦਾਰਾਂ ਅਤੇ ਕਾਰਪੋਰੇਟ ਘਰਾਣਿਆਂ ਵਲੋਂ ਭੋਲੇ-ਭਾਲੇ ਲੋਕਾਂ ਦੀ ਕੀਤੀ ਜਾ ਰਹੀ ਆਰਥਿਕ ਲੁੱਟ ਖਸੁੱਟ ਜਿਥੇ ਦੇਸ਼ ਅਤੇ ਆਮ ਲੋਕਾਂ ਦੇ ਜੀਵਨ ਪੱਧਰ ਨੂੰ ਨਿਘਾਰ ਵੱਲ ਲਿਜਾ ਰਹੀ ਹੈ , ਉਥੇ ਮਨੂੰਵਾਦ ਵਲੋਂ ਜਾਤ-ਪਾਤ ਦੀਆਂ ਖੜੀਆਂ ਕੀਤੀਆਂ ਕੰਧਾਂ ਵੀ ਦੇਸ਼ ਦੀ ਅਤੇ ਲੋਕਾਂ ਦੀ ਤਰੱਕੀ ਲਈ ਵੱਡਾ ਅੜਿੱਕਾ ਬਣੀਆਂ ਹੋਈਆਂ ਹਨ। ਦੇਸ਼ ਦੇ ਵਿਦੇਸ਼ਾਂ ਵਿਚ ਪਏ ਧਨ ਨੂੰ ਵਾਪਸ ਲਿਆਉਣ ਲਈ ਅਤੇ ਦੇਸ਼ ਵਿਚ ਫੈਲੇ ਜਾਤ-ਪਾਤ ਦੇ ਕੋਹੜ ਨੂੰ ਖਤਮ ਕਰਨ ਲਈ ਪੰਜਾਬ ਨੂੰ ਫਿਰ ਮੋਹਰੀ ਹੋ ਕੇ ਤੁਰਨਾ ਪਵੇਗਾ ਤਾਂ ਜੋ ਦੇਸ਼ ਵਿੱਚ ਆਪਣੇ ਅਰਥ ਗੁਆ ਚੁੱਕੀ ਅਜਾਦੀ ਅਤੇ ਗਣਤੰਤਰ ਦਿਵਸ ਮੁੜ ਅਰਥ ਭਰਪੂਰ ਬਣ ਸਕਣ। ਸਮਾਜ ਵਿਚ ਆਰਥਿਕ ਅਤੇ ਸਮਾਜਿਕ ਕਾਣੀ-ਵੰਡ, ਭ੍ਰਿਸ਼ਟਾਚਾਰ ਅਤੇ ਬੇਈਮਾਨੀ ਦੇ ਵਿਰੁੱਧ ਯੁੱਧ ਲੜਨ ਦੇ ਨਾਲ, ਨਾਲ ਸਾਨੂੰ ਭਾਰਤੀ ਸੰਵਿਧਾਨ ਦੀ ਹੋਂਦ ਬਚਾਉਣ ਲਈ ਵੀ ਅੰਦੋਲਨ ਸ਼ੁਰੂ ਕਰਨਾ ਪਵੇਗਾ ਤਾਂ ਜੋ ਸੰਵਿਧਾਨ ਨੂੰ ਭਗਵਾਂਪਨ ਦੀ ਪੁੱਠ ਚੜ੍ਹਨ ਤੋਂ ਬਚਾਇਆ ਜਾ ਸਕੇ ਅਤੇ ਇਨ੍ਹਾਂ ਅੰਦੋਲਨਾਂ ਲਈ ਵੀ ਪੰਜਾਬ ਨੂੰ ਇਕ ਮੋਢੇ ਉਪਰ ਤਿਰੰਗਾ ਅਤੇ ਦੂਜੇ ਉਪਰ ਕੇਸਰੀ ਝੰਡਾ ਲੈ ਕੇ ਅੱਗੇ ਤੁਰਨਾ ਪਵੇਗਾ!
-ਸੁਖਦੇਵ ਸਲੇਮਪੁਰੀ
09780620233
09463128333
26 ਜਨਵਰੀ, 2021