You are here

ਝੋਨੇ ਦੀ ਲਵਾਈ ਤੋਂ ਐਨ ਪਹਿਲਾਂ ਨਹਿਰੀ ਪਾਣੀ ਬੰਦ, ਖੇਤ ਤਰਸ,ਸਰਕਾਰੀ ਰਾਖੇ ਬੇਖ਼ਬਰ

ਬਠਿੰਡਾ,  ਜੂਨ 2019- ਬਠਿੰਡਾ ਖ਼ਿੱਤੇ ’ਚ ਨਹਿਰੀ ਪਾਣੀ ਨੂੰ ਖੇਤ ਤਰਸ ਗਏ ਹਨ ਜਦੋਂਕਿ ਖੇਤਾਂ ਦੇ ਸਰਕਾਰੀ ਰਾਖੇ ਇਸ ਤੋਂ ਬੇਖ਼ਬਰ ਹਨ। ਝੋਨੇ ਦੀ ਲਵਾਈ ਤੋਂ ਐਨ ਪਹਿਲਾਂ ਨਹਿਰੀ ਪਾਣੀ ਬੰਦ ਕਰ ਦਿੱਤਾ ਗਿਆ ਹੈ। ਕਿਸਾਨਾਂ ਨੇ ਖੇਤ ਤਿਆਰ ਕਰਨੇ ਸਨ ਤੇ ਸਬਜ਼ੀਆਂ ਤੇ ਹਰੇ ਚਾਰੇ ਲਈ ਪਾਣੀ ਦੀ ਕਿੱਲਤ ਬਣ ਗਈ ਹੈ। ਨਹਿਰ ਮਹਿਕਮੇ ਤੇ ਖੇਤੀ ਮਹਿਕਮੇ ’ਚ ਆਪਸ ’ਚ ਕੋਈ ਤਾਲਮੇਲ ਨਹੀਂ ਜਾਪਦਾ। ਮਾਲਵੇ ’ਚ ਕਿਸਾਨ ਨਹਿਰੀ ਪਾਣੀ ਦਾ ਰੌਲਾ ਪਾ ਰਹੇ ਹਨ ਪਰ ਖੇਤੀ ਮਹਿਕਮਾ ਇਸ ਤੋਂ ਅਣਜਾਣ ਹੈ। ਖੇਤੀ ਮਹਿਕਮਾ ਆਖ ਰਿਹਾ ਹੈ ਕਿ ਕਿਧਰੇ ਨਹਿਰੀ ਪਾਣੀ ਦਾ ਸੰਕਟ ਨਹੀਂ ਹੈ ਜਦੋਂ ਕਿ ਬਠਿੰਡਾ ਨਹਿਰ ਸਣੇ ਕਰੀਬ 96 ਰਜਵਾਹੇ ਤੇ ਮਾਈਨਰਾਂ ਇਸ ਵੇਲੇ ਸੁੱਕੀਆਂ ਪਈਆਂ ਹਨ।
ਬਠਿੰਡਾ ਨਹਿਰ ਮੰਡਲ ਅਧੀਨ ਕਰੀਬ ਸੱਤ ਜ਼ਿਲ੍ਹੇ ਪੈਂਦੇ ਹਨ ਤੇ ਇਸ ਅਧੀਨ ਕੁੱਲ 8.20 ਲੱਖ ਏਕੜ ਰਕਬਾ ਪੈਂਦਾ ਹੈ ਜਿਸ ’ਚੋਂ 6.90 ਲੱਖ ਏਕੜ ਰਕਬਾ ਖੇਤੀ ਅਧੀਨ ਹੈ। ਨਰਮਾ ਪੱਟੀ ’ਚ ਖੇਤੀ ਮਹਿਕਮਾ ਚਾਰ ਲੱਖ ਹੈਕਟੇਅਰ ਰਕਬੇ ਵਿਚ ਨਰਮੇ ਦੀ ਬਿਜਾਂਦ ਹੋਣ ਦਾ ਦਾਅਵਾ ਕਰਦਾ ਹੈ ਜਦੋਂਕਿ ਬਾਕੀ ਰਕਬੇ ’ਚ ਕਿਸਾਨ ਝੋਨਾ ਲਾਉਣ ਦੀ ਤਿਆਰੀ ’ਚ ਹਨ। ਪਿੰਡ ਦਿਆਲਪੁਰਾ ਮਿਰਜ਼ਾ ਦੇ ਤੀਰਥ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਕਿਸਾਨਾਂ ਦੇ ਖੇਤ ਪਾਣੀ ਬਿਨਾਂ ਤਿਹਾਏ ਹਨ ਤੇ ਹਰੇ ਚਾਰੇ ਦੇ ਖੇਤ ਸੁੱਕਣ ਲੱਗੇ ਹਨ। ਉਨ੍ਹਾਂ ਆਖਿਆ ਕਿ ਲੋੜ ਵੇਲੇ ਨਹਿਰ ਮਹਿਕਮਾ ਸਫਾਈ ਦੀ ਮੁਹਿੰਮ ਵਿੱਢ ਲੈਂਦਾ ਹੈ। ਬਠਿੰਡਾ ਨਹਿਰ ’ਚ ਇਸ ਵੇਲੇ ਕਰੀਬ 250 ਕਿਊਸਿਕ ਪਾਣੀ ਚੱਲ ਰਿਹਾ ਹੈ ਜੋ ਪੀਣ ਵਾਲੇ ਪਾਣੀ ਵਾਸਤੇ ਰਾਖਵਾਂ ਹੈ ਜਦੋਂਕਿ ਇਸ ਨਹਿਰ ’ਚ ਗਰਮੀ ਦੇ ਸੀਜਨ ਵਿਚ 2300 ਕਿਊਸਿਕ ਤੱਕ ਪਾਣੀ ਚੱਲਦਾ ਹੈ। ਸ਼ਹਿਰ ਦੇ ਮਾਡਲ ਟਾਊਨ ਦੇ ਫੇਜ਼ ਤਿੰਨ ਦੇ ਬਾਸ਼ਿੰਦੇ ਸਾਬਕਾ ਐਸ.ਡੀ.ਓ ਮਲਕੀਤ ਸਿੰਘ ਦਾ ਕਹਿਣਾ ਸੀ ਕਿ ਫੇਜ ਤਿੰਨ ਦੇ ਇਲਾਕੇ ਵਿਚ ਤਾਂ ਹੁਣ ਸਿਰਫ਼ ਇੱਕ ਘੰਟਾ ਪਾਣੀ ਦਿੱਤਾ ਜਾ ਰਿਹਾ ਹੈ। ਪੇਂਡੂ ਲੋਕਾਂ ਦਾ ਕਹਿਣਾ ਹੈ ਕਿ ਨਹਿਰ ਬੰਦੀ ਜਿਆਦਾ ਦਿਨ ਚੱਲੀ ਤਾਂ ਪੇਂਡੂ ਜਲ ਘਰ ਵੀ ਡਰਾਈ ਹੋ ਜਾਣਗੇ। ਮਾਲਵਾ ਖ਼ਿੱਤੇ ’ਚ ਧਰਤੀ ਹੇਠਲਾ ਪਾਣੀ ਮਾੜਾ ਹੈ ਜਿਸ ਕਰਕੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਨਹਿਰੀ ਪਾਣੀ ਦੀ ਲੋੜ ਹੁੰਦੀ ਹੈ। ਮਾਨਸਾ ਡਵੀਜ਼ਨ ’ਚ ਵਿਚ ਇੱਕ ਰਜਵਾਹਾ ਉੱਡਤ ਮੂਸਾ ਸਿੰਘ ਕਰੀਬ ਤਿੰਨ ਚਾਰ ਦਿਨਾਂ ਤੋਂ ਬੰਦ ਹੈ। ਇਸ ਅਧੀਨ ਪੈਂਦੇ ਕਰੀਬ ਦਰਜਨਾਂ ਪਿੰਡਾਂ ਵਿਚ ਨਹਿਰੀ ਪਾਣੀ ਦਾ ਸੰਕਟ ਬਣ ਗਿਆ ਹੈ। ਖੇਤੀ ਸੈਕਟਰ ’ਚ ਨਹਿਰੀ ਪਾਣੀ ਦੀ ਕਮੀ ਕਰਕੇ ਬਿਜਲੀ ਦੀ ਮੰਗ ਵਧ ਗਈ ਹੈ। ਪੰਜਾਬ ਸਰਕਾਰ ਨੇ 13 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਨ ਦਾ ਸਮਾਂ ਦਿੱਤਾ ਹੈ ਤੇ ਉਸ ਦਿਨ ਤੋਂ ਹੀ ਖੇਤਾਂ ਨੂੰ 8 ਘੰਟੇ ਬਿਜਲੀ ਸਪਲਾਈ ਸ਼ੁਰੂ ਹੋਣੀ ਹੈ। ਮਾਲਵੇ ’ਚ ਇਸ ਵੇਲੇ ਤਿਉਣਾ ਰਜਵਾਹਾ, ਰਾਏਕੇ ਫੀਡਰ, ਬਹਿਮਣ, ਬਠਿੰਡਾ, ਭਦੌੜ, ਢਪਾਲੀ, ਫੂਲ ਰਜਬਾਹਾ ਆਦਿ ਤੋਂ ਇਲਾਵਾ 96 ਮਾਈਨਰਾਂ ਤੇ ਰਜਵਾਹੇ ਸੁੱਕੇ ਹਨ। ਕੁਝ ’ਚ ਥੋੜਾ ਪਾਣੀ ਚੱਲ ਵੀ ਰਿਹਾ ਹੈ। ਬਠਿੰਡਾ ਮੰਡਲ ਦੇ ਨਹਿਰੀ ਐਕਸੀਅਨ ਗੁਰਜਿੰਦਰ ਬਾਹੀਆ ਦਾ ਕਹਿਣਾ ਸੀ ਕਿ ਰਜਵਾਹਿਆਂ ’ਚ ਸਫਾਈ ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਬੰਦੀ ਕੀਤੀ ਗਈ ਹੈ ਅਤੇ 11 ਜੂਨ ਨੂੰ ਪਾਣੀ ਛੱਡ ਦਿੱਤਾ ਜਾਵੇਗਾ।