ਪੁਲਿਸ ਦੇ ਅਫਸਰਾਂ ਖਿਲਾਫ ਪੀੜ੍ਹਤਾਂ ‘ਚ ਵਧ ਰਿਹਾ ਏ ਰੋਸ!

ਲੋਕ ਸਭਾ ਚੋਣਾਂ ਤੋਂ ਬਾਦ ਲੜ੍ਹੀ ਜਾਵੇਗੀ ਆਰ-ਪਾਰ ਦੀ ਲੜ੍ਹਾਈ- ਤਾਰੀ, ਖੰਨਾ ਤੇ ਝੋਰੜ੍ਹਾਂ

ਜਗਰਾਓ 17 ਮਈ (ਰਛਪਾਲ ਸਿੰਘ ਸ਼ੇਰਪੁਰੀ) ਪੁਲਿਸ ਜਿਲਾ੍ਹ ਜਗਰਾਓ ਦੇ ਵੱਖ-ਵੱਖ ਥਾਣਿਆਂ ਨਾਲ ਸਬੰਧਤ ਲਟਕ ਰਹੇ ਮਾਮਲਿਆਂ ਦੇ ਨਿਪਟਾਰੇ ਸਬੰਧੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ‘ਚ ਪੀੜਤਾਂ ਦਾ ਇਕ ਵਫਦ ਜਿਲਾ੍ਹ ਪੁਲਿਸ ਮੁਖੀ ਵਲੋ ਦਿੱਤੇ ਸਮੇਂ ਅਨੁਸਾਰ ਮਿਲਣ ਲਈ ਦਫਤਰ ਪੁੱਜਾ ਪਰ ਪੁਲਿਸ ਮੁਖੀ ਹਾਜ਼ਰ ਨਾਂ ਹੋਣ ਕਾਰਨ ਵਫਦ ਨੇ ਰੀਡਰ ਨੂੰ ਮਿਲਣ ਤੋਂ ਬਾਦ ਸਾਰੀਆਂ ਜੱਥੇਬੰਦੀਆਂ ਦੀ ਅਗਲੀ ਵਿਸਥਾਰੀ ਮੀਟਿੰਗ ਵਿਚ ਲੰਬਤ ਮਾਮਲੇ ਹੱਲ਼ ਕਰਾਉਣ ਲਈ ਅਗਲ਼ੇ ਸੰਘਰਸ਼ ਦੀ ਰੂਪਰੇਖਾ ਤਹਿ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਤਰਲੋਚਨ ਸਿੰਘ ਝੋਰੜਾਂ ਅਤੇ ਮਜ਼ਦੂਰ ਆਗੂ ਅਵਤਾਰ ਸਿੰਘ ਰਸੂਲਪੁਰ ਨੇ ਕਿਹਾ ਕਿ ਪੁਲਿਸ ਅਧਿਕਾਰੀ ਸਾਲਾਂ ਬੱਧੀ ਵੀ ਸਹੀ ਮਾਮਲਿਆਂ ਨੂੰ ਹੱਲ਼ ਨਹੀਂ ਕਰ ਰਹੇ। ਉਨਾਂ ਦੋਸ਼ ਲਗਾਇਆ ਕਿ ਐਸ.ਐਸ.ਪੀ. ਸਾਹਿਬ ਮਾਮਲਿਆਂ ਦੇ ਨਿਪਟਾਰੇ ਲਈ ਗੰਭੀਰ ਨਹੀਂ ਹਨ ਅਤੇ ਕਈ ਵਾਰ ਮੀਟਿੰਗ ਲਈ ਸਮਾਂ ਨਿਸ਼ਚਿਤ ਕਰਕੇ ਵੀ ਨਹੀਂ ਮਿਲੇ। ਉਨਾਂ ਇਹ ਵੀ ਦੋਸ਼ ਲਗਾਇਆ ਕਿ ਕਈ ਲੰਬਤ ਮਾਮਲਿਆਂ ਦੇ ਦੋਸ਼ੀਆਂ ਵਲੋ ਪੁਲਿਸ ਦੇ ਸਟਾਫ ਨਾਲ਼ ਗੰਢਤੁੱਪ ਕਰਨ ਕਰਕੇ ਇੰਨਕੁਆਰੀਆਂ ਦੇ ਚੱਕਰਾਂ ਵਿਚ ਪਾ ਕੇ ਮਾਮਲਿਆਂ ਨੂੰ ਜਾਣਬੁੱਝ ਕੇ ਲਟਕਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਜਿਥੇ ਪਿੰਡ ਰਸੂਲਪੁਰ ਦੇ ਵਸਨੀਕ 14 ਸਾਲਾਂ ਤੋਂ ਪੁਲਿਸ ਅੱਤਿਆਚਾਰਾਂ ਦੇ ਸ਼ਿਕਾਰ ਮਾਸਟਰ ਇਕਬਾਲ ਸਿੰਘ ਦੇ ਪਰਿਵਾਰ ਨੰੁ ਇੰਨਸਾਫ ਨਹੀਂ ਦਿੱਤਾ ਜਾ ਰਿਹਾ, ਉਥੇ ਇਸੇ ਪਿੰਡ ਦੇ ਹੀ ਗੁਰਮੇਲ਼ ਸਿੰਘ ਦੀ ਜਮੀਨ ਧੋਖੇ ਨਾਲ ਆਪਣੇ ਨਾਮ ਕਰਵਾਉਣ ਵਾਲੇ ਲੋਕਾਂ ਵਿਰੁੱਧ ਵੀ ਪਰਚੇ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਤੋਂ ਬਿਨਾਂ ਗੁਰਚਰਨ ਸਿੰਘ ਝੋਰੜਾਂ ਦੀ ਧੋਖੇ ਨਾਲ ਜ਼ਮੀਨ ਖਰੀਦਣ ਵਾਲੇ ਧਨਾਢ ਅਤੇ ਫੇਰੂਰਾਈ ਦੇ ਚਿੱਟ ਫੰਡ ਦੇ ਦੋਸ਼ੀਆਂ ਖਿਲਾਫ ਵੀ ਕੋਈ ਕਾਰਵਾਈ ਅਮਲ਼ ;ਚ ਨਹੀਂ ਲਿਆਦੀ ਜਾ ਰਹੀ। ਉਨਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਦ ਹੀ ਸੰਘਰਸ਼ ਦੀ ਅਗਲੀ ਰੂਪ ਰੇਖਾ ਤਿਆਰ ਕਰਨ ਲਈ ਸਾਰੀਆਂ ਜੱਥੇਬੰਦੀਆਂ ਦੀ ਇਕ ਸਾਂਝੀ ਮੀਟਿੰਗ ਕੀਤੀ ਜਾਵੇਗੀ। ਇਸ ਵਫਦ ਵਿਚ ਵਿਸ਼ੇਸ ਤੌਰ ਤੇ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ਼ ਸਕੱਤਰ ਕਮਲਜੀਤ ਖੰਨਾ, ਨਿਰਮਲ਼ ਸਿੰਘ ਰਸੂਲਪੁਰ, ਗੁਰੁਮੇਲ ਸਿੰਘ, ਕੁਲਦੀਪ ਸਿੰਘ ਫੇਰੂਰਾਈ, ਨਿਰਮਲ ਸਿੰਘ ਰਾਏ, ਜਗਰੂਪ ਸਿੰਘ ਝੋਰੜਾਂ, ਛਿੰਦਰ ਸਿੰਘ, ਚਰਨ ਸਿੰਘ ਕੈਲਪੁਰ, ਮੱਖਣ ਸਿੰਘ, ਗਗਨ ਕੌਰ, ਸੁਰਜੀਤ ਕੌਰ, ਹਰਪ੍ਰੀਤ ਕੌਰ ਅਤੇ ਇਕਬਾਲ ਸਿੰਘ ਰਸੂਲਪਰ ਵੀ ,ਹਾਜ਼ਰ ਸੀ।