ਨਰੇਗਾ ਵਰਕਰ ਦੀ ਕੁੱਟਮਾਰ

ਜਗਰਾਉਂ (ਰਛਪਾਲ ਸਿੰਘ ਸ਼ੇਰਪੁਰੀ)- ਕਾਂਗਰਸ ਪਾਰਟੀ ਦੀ 15 ਮਈ ਨੂੰ ਮੁੱਲਾਂਪੁਰ ਵਿਖੇ ਹੋਈ ਇਕ ਵੱਡੀ ਰੈਲੀ ਤੋਂ ਵਾਪਸ ਆ ਰਹੇ ਪਿੰਡ ਰਸੂਲਪੁਰ (ਮੱਲ੍ਹਾ) ਦੀ ਨਰੇਗਾ ਵਰਕਰ 'ਤੇ ਕਾਂਗਰਸੀ ਵਰਕਰ ਨੇ ਕੁੱਟਮਾਰ ਕੀਤੀ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਰਸੂਲਪੁਰ ਮੱਲ੍ਹਾ ਦੀ ਨਰੇਗਾ ਵਰਕਰ ਜਸਵਿੰਦਰ ਕੌਰ ਪਤਨੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਰੈਲੀ ਵਾਲੀ ਬੱਸ ਵਚਿ ਨਰੇਗਾ ਵਰਕਰਾਂ ਦੀ ਹਾਜ਼ਰੀ ਵੀ ਲਗਾਈ ਗਈ। ਜਦੋਂ ਉਹ ਰੈਲੀ ਤੋਂ ਵਾਪਸ ਆ ਰਹੇ ਸਨ ਤਾਂ ਜਗਰਾਉਂ ਦੇ ਇਕ ਢਾਬੇ 'ਤੇ ਚਾਹ-ਪਾਣੀ ਪੀਣ ਲਈ ਬੱਸ ਰੁਕੀ ਸੀ ਤਾਂ ਨਰੇਗਾ ਵਰਕਰਾਂ ਨੇ ਕਿਹਾ ਕਿ ਸ਼ਾਮ ਹੋ ਗਈ ਹੈ ਅਸੀਂ ਘਰ ਜਾ ਕੇ ਰੋਟੀ ਪਾਣੀ ਬਣਾਉਣਾ ਹੈ ਤਾਂ ਕਾਂਗਰਸੀ ਵਰਕਰ ਦਾਰਾ ਸਿੰਘ ਜਾਤੀ ਪ੍ਰਤੀ ਅਪ-ਸ਼ਬਦ ਬੋਲਦਿਆਂ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਤੁਹਾਡੇ ਘਰ ਜਾ ਕੇ ਦੋ-ਦੋ ਰੋਟੀਆਂ ਦੇ ਆਵਾਂਗੇ। ਤਾਂ ਜਸਵਿੰਦਰ ਕੌਰ ਤੇ ਨਰੇਗਾ ਵਰਕਰਾਂ ਨੇ ਕਿਹਾ ਕਿ ਅਸੀਂ ਗਰੀਬ ਜ਼ਰੂਰ ਹਾਂ ਪਰ ਅਸੀਂ ਆਪਣੀ ਮਿਹਨਤ ਦੀ ਰੋਟੀ ਖਾਂਦੇ ਹਾਂ। ਇੰਨੀ ਗੱਲ ਸੁਣਦੇ ਸਾਰ ਦਾਰਾ ਸਿੰਘ ਨੇ ਜਸਵਿੰਦਰ ਕੌਰ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਅਤੇ ਉਸ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਤੇ ਨਾਲ ਹੀ ਉਸ ਦੀ ਚੁੰਨੀ ਨਾਲ ਉਸ ਦਾ ਗਲਾ ਘੁੱਟ ਦਿੱਤਾ। ਜਿਸ ਦੇ ਗਲ ਵਿਚ ਹਾਲੇ ਵੀ ਨਿਸ਼ਾਨ ਦਿਖਾਈ ਦੇ ਰਹੇ ਹਨ। ਇਸ ਤੋਂ ਬਾਅਦ ਜਸਵਿੰਦਰ ਕੌਰ ਨੂੰ ਸਿਵਲ ਹਸਪਤਾਲ ਜਗਰਾਉਂ ਵਿਖੇ ਦਾਖਲ ਕਰਵਾਇਆ ਗਿਆ। ਜਸਵਿੰਦਰ ਕੌਰ ਦੀ ਮਲ੍ਹਮ ਪੱਟੀ ਤੋਂ ਬਾਅਦ ਉਸ ਨੂੰ ਬੱਸ ਸਟੈਂਡ ਜਗਰਾਉਂ ਥਾਣਾ ਚੌਂਕੀ ਵਿਖੇ ਲਿਜਾਇਆ ਗਿਆ ਤੇ ਉਥੇ ਉਸ ਦੀ ਰਿਪੋਰਟ ਦਰਜ ਕਰਵਾਈ ਗਈ। ਇਸ ਤੋਂ ਬਾਅਦ ਰਾਤ ਨੂੰ ਗੁਰਸਿਮਰਨ ਸਿੰਘ ਸਰਪੰਚ ਜਸਵਿੰਦਰ ਕੌਰ ਦੇ ਘਰ ਗਿਆ ਅਤੇ ਉਸ ਨੂੰ ਕਿਹਾ ਕਿ ਤੁਸੀਂ ਕੋਈ ਕਾਰਵਾਈ ਨਹੀਂ ਕਰਨੀ ਮੈਂ ਆਪੇ ਫੈਸਲਾ ਕਰਵਾ ਦੇਵਾਂਗਾ। ਜੇ ਤੁਸੀਂ ਆਪਣੀ ਮਨਮਰਜ਼ੀ ਕੀਤੀ ਤਾਂ ਤੁਹਾਨੂੰ ਉਸ ਦੇ ਮਾੜੇ ਨਤੀਜੇ ਭੁਗਤਣੇ ਪੈਣਗੇ ਕਿਉਂਕਿ ਮੇਰੀ ਰਾਜਸੀ ਪਹੁੰਚ ਹੈ ਤੇ ਸਾਡੀ ਸਰਕਾਰ ਹੈ। ਤੁਸੀਂ ਸਾਡਾ ਕੁਝ ਨੀ ਵਿਗਾੜ ਸਕਦੇ। ਇਸ ਦੇ ਬਾਵਜੂਦ ਪਿੰਡ ਦੇ ਨਰੇਗਾ ਵਰਕਰਾਂ ਅਤੇ ਜਸਵਿੰਦਰ ਕੌਰ ਨੇ ਦੋਸ਼ੀ ਦਾਰਾ ਸਿੰਘ ਖਿਲਾਫ ਐਸ ਪੀ ਹੈਡਕੁਆਰਟਰ ਜਸਵਿੰਦਰ ਸਿੰਘ ਨੂੰ ਦਰਖਾਸਤ ਦਿੱਤੀ ਗਈ ਤੇ ਇਸ ਮੌਕੇ ਨਰੇਗਾ ਵਰਕਰਾਂ ਅਤੇ ਜਸਵਿੰਦਰ ਕੌਰ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਇਸ ਮੌਕੇ ਸਾਬਕਾ ਸਰਪੰਚ ਸ਼ੇਰ ਸਿੰਘ, ਹਰਦੀਪ ਸਿੰਘ, ਪ੍ਰਦੀਪ ਸਿੰਘ, ਮੇਜਰ ਸਿੰਘ, ਜਸਵੀਰ ਸਿੰਘ, ਹਰਪ੍ਰੀਤ ਸਿੰਘ, ਮਨਜਿੰਦਰ ਸਿੰਘ, ਗੁਰਮੇਲ ਸਿੰਘ, ਮੋਹਣ ਸਿੰਘ, ਜਸਵੀਰ ਸਿੰਘ, ਬਲਬੀਰ ਸਿੰਘ, ਸੁਰਜੀਤ ਸਿੰਘ, ਜਗਰੂਪ ਸਿੰਘ,  ਨਸੀਬ ਕੌਰ, ਹਰਪ੍ਰੀਤ ਕੌਰ, ਛਿੰਦਰ ਕੌਰ, ਬਲਬੀਰ ਕੌਰ, ਅਮਨਦੀਪ ਕੌਰ, ਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਹਰਦੀਪ ਕੌਰ, ਬਲਜੀਤ ਕੌਰ, ਅਮਰਜੀਤ ਕੌਰ, ਮਨਜੀਤ ਕੌਰ, ਕੁਲਦੀਪ ਕੌਰ, ਕਮਲਜੀਤ ਕੌਰ, ਕੁਲਵੰਤ ਕੌਰ, ਜਸਵੰਤ ਕੌਰ, ਕੁਲਵਿੰਦਰ ਕੌਰ, ਸਰਬਜੀਤ ਕੌਰ ਆਦਿ ਤੋਂ ਇਲਾਵਾ ਨਰੇਗਾ ਦੇ ਹੋਰ ਬਹੁਤ ਸਾਰੇ ਵਰਕਰ ਹਾਜ਼ਰ ਸਨ। 
 
-------------------------------------
ਜਦੋਂ ਇਸ ਸਬੰਧੀ ਮੌਜੂਦਾ ਸਰਪੰਚ ਗੁਰਸਿਮਰਨ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਦੋ ਬੱਸਾਂ ਲੈ ਕੇ ਰੈਲੀ 'ਤੇ ਗਏ ਸੀ। ਰੈਲੀ ਤੋਂ ਵਾਪਸੀ ਮੌਕੇ ਜਸਵਿੰਦਰ ਕੌਰ ਤੇ ਦਾਰਾ ਸਿੰਘ ਦੀ ਕਿਸ ਗੱਲੋਂ ਲੜਾਈ ਹੋਈ ਮੈਨੂੰ ਕੋਈ ਜਾਣਕਾਰੀ ਨਹੀਂ ਸੀ ਕਿਉਂਕਿ ਮੈਂ ਉਨ੍ਹਾਂ ਦੀ ਬੱਸ ਵਿਚ ਨਹੀਂ। ਜਦੋਂ ਮੈਨੂੰ ਇਨ੍ਹਾਂ ਦੀ ਲੜਾਈ ਬਾਰੇ ਪਤਾ ਲੱਗਾ ਤਾਂ ਮੈਂ ਇਨ੍ਹਾਂ ਕੋਲ ਪਹੁੰਚਿਆ ਤੇ ਜਸਵਿੰਦਰ ਕੌਰ ਨੂੰ ਚੁੱਕ ਕੇ ਹਸਪਤਾਲ ਲੈ ਕੇ ਗਿਆ ਕਿਉਂਕਿ ਜਸਵਿੰਦਰ ਕੌਰ ਮੇਰੇ ਧੀਆਂ-ਪੁੱਤਾਂ ਵਰਗੀ ਹੈ। ਇਸ ਤੋਂ ਬਾਅਦ ਮੈਂ ਖੁਦ ਪੁਲਿਸ ਚੌਂਕੀ ਜਗਰਾਉਂ ਜਾ ਕੇ ਦਾਰਾ ਸਿੰਘ ਦੇ ਵਿਰੁੱਧ ਰਿਪੋਰਟ ਦਰਜ ਕਰਵਾਈ। ਤੇ ਉਨ੍ਹਾਂ ਨੇ ਅੱਗੇ ਕਿਹਾ ਕਿ ਦਾਰਾ ਸਿੰਘ ਨੇ ਜੋ ਕੀਤਾ ਹੈ ਉਹ ਬਹੁਤ ਹੀ ਮੰਦਭਾਗੀ ਘਟਨਾ ਹੈ।