ਕਿਸਾਨਾਂ ਵੱਲੋਂ ਸੁਪਰੀਮ ਕੋਰਟ ਦੇ ਮਾਮਲੇ ਵਿੱਚ ਟਿੱਪਣੀਆਂ

ਨਵੀਂ ਦਿੱਲੀ ,ਜਨਵਰੀ 2021  -(ਏਜੰਸੀ )

ਸੁਪਰੀਮ ਕੋਰਟ ਵਿੱਚ ਅੱਜ ਹੋਈ ਸੁਣਵਾਈ ਦੌਰਾਨ ਦਿੱਲੀ ਦੇ ਚਾਰਾਂ ਬਾਰਡਰਾਂ ਉਪਰ ਧਰਨਾ ਦੇ ਕੇ ਬੈਠੇ ਕਿਸਾਨਾਂ ਦਾ ਧਿਆਨ ਇਸ ਸੁਣਵਾਈ ਦੌਰਾਨ ਦਿੱਤੀਆਂ ਜਾ ਰਹੀਆਂ ਦੋਹਾਂ ਧਿਰਾਂ ਦੀਆਂ ਦਲੀਲਾਂ ਤੇ ਅਦਾਲਤ ਵੱਲੋਂ ਕੀਤੇ ਜਾ ਰਹੇ ਸਵਾਲਾਂ ਉਪਰ ਲੱਗੀ ਰਹੀ। ਟਰਾਲੀਆਂ ਵਿੱਚ ਬੈਟਰੀਆਂ ਨਾਲ ਚੱਲਦੇ ਟੀਵੀਆਂ ਉਪਰ ਆਉਂਦੀਆਂ ਖ਼ਬਰਾਂ ਨੂੰ ਉਨ੍ਹਾਂ ਗੁਹ ਨਾਲ ਦੇਖਿਆ।

ਕਿਸਾਨ ਆਗੂਆਂ ਵੱਲੋਂ ਅਦਾਲਤੀ ਕਾਰਵਾਈ ਬਾਰੇ ਟਿੱਪਣੀਆਂ ਕੀਤੀਆਂ ਗਈਆਂ। ਕ੍ਰਾਂਤੀਕਾਰੀ  ਕਿਸਾਨ ਯੂਨੀਅਨ (ਪੰਜਾਬ) ਦੇ ਪ੍ਰਧਾਨ ਡਾ. ਦਰਸ਼ਨਪਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਵਕੀਲਾਂ ਨੇ ਅੱਜ ਦਾ ਦਿਨ ਦੇਣ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਸੁਣਵਾਈ ਦਾ ਸਮਾਂ ਨਹੀਂ ਦਿੱਤਾ। ਅਦਾਲਤ ਨੇ ਸੇਵਾਮੁਕਤ ਜੱਜਾਂ ਦੇ ਨਾਂ ਮੰਗੇ ਹਨ। ਉਨ੍ਹਾਂ ਕਿਹਾ ਕਿ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਅਦਾਲਤ ਨੂੰ ਕਿਹਾ ਸੀ ਕਿ ਉਹ ਆਪਣੇ ਮੁਵਿੱਕਲਾਂ ਨਾਲ ਗੱਲ ਕਰਨਗੇ। ਡਾ ਦਰਸ਼ਨਪਾਲ ਨੇ ਕਿਹਾ ਕਿ ਮੋਰਚੇ ਵੱਲੋਂ ਜੋ ਬੀਤੇ ਦਿਨ ਫ਼ੈਸਲਾ ਕੀਤਾ ਸੀ ਉੇੱਸੇ ਉਪਰ ਕਾਇਮ ਹਨ ਤੇ ਉਨ੍ਹਾਂ ਨੂੰ ਇਹ ਕਮੇਟੀ ਬਣਾਉਣ ਦੀ ਤਜਵੀਜ਼ ਮਨਜ਼ੂਰ ਨਹੀਂ ਹੈ। ਅੱਜ ਇਹ ਚਰਚਾ  ਕਿਸਾਨ ਜਥੇਬੰਦੀਆਂ ਦੇ ਕੈਂਪਾਂ ਵਿਚ ਸੁਣਨ  ਨੂੰ ਮਿਲੀ । ਅੱਜ ਪਤਾ ਲੱਗੇਗਾ ਸੁਪਰੀਮ ਕੋਰਟ ਦਾ ਫ਼ੈਸਲਾ ਕਿਵੇਂ ਆਉਂਦਾ ਹੈ ।