ਜਿਨਸੀ  - ਸੋਸ਼ਣ  ਵਿਰੁੱਧ ਪਹਿਲਵਾਨ ਬੀਬੀਆਂ ਦੇ ਹੱਕੀ ਘੋਲ ਦੀ ਕੀਤੀ ਜਾਵੇਗੀ ਡਟਵੀਂ ਹਮਾਇਤ - ਕੌਮਾਗਾਟਾਮਾਰੂ ਕਮੇਟੀ

ਮੁੱਲਾਂਪੁਰ ਦਾਖਾ 14 ਮਈ (ਸਤਵਿੰਦਰ ਸਿੰਘ ਗਿੱਲ)ਕੌਮਾਗਾਟਾਮਾਰੂ ਯਾਦਗਾਰ  ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਐਮਰਜੈਂਸੀ ਮੀਟਿੰਗ ਅੱਜ ਸਾਥੀ ਕੁਲਦੀਪ ਸਿੰਘ ਐਡਵੋਕੇਟ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਖ ਵੱਖ ਭਖਦੇ ਜਮਹੂਰੀ ਅਤੇ ਕਿਸਾਨੀ ਮਜ਼ਦੂਰ ਮੁਦਿਆਂ ਨੂੰ ਲੈ ਕੇ ਗੰਭੀਰ ਤੇ ਡੂੰਘੀਆਂ ਵਿਚਾਰਾਂ ਕੀਤੀਆਂ ਗਈਆਂ l ਅੱਜ ਦੀ ਮੀਟਿੰਗ ਨੂੰ ਜੱਥੇਬੰਦੀ ਦੇ ਆਗੂਆਂ - ਉਜਾਗਰ ਸਿੰਘ ਬੱਦੋਵਾਲ, ਹਰਦੇਵ ਸਿੰਘ ਸੁਨੇਤ, ਸੁਖਦੇਵ ਸਿੰਘ ਕਿਲਾ ਰਾਏਪੁਰ ਤੇ ਜਸਦੇਵ ਸਿੰਘ ਲਲਤੋਂ ਨੇ ਖਾਸ ਤੌਰ ਤੇ ਸੰਬੋਧਨ ਕੀਤਾ l
          ਮੀਟਿੰਗ ਦੇ ਸਿਖਰ 'ਤੇ ਪਾਸ ਕੀਤੇ ਪਹਿਲੇ ਮਤੇ ਰਾਹੀਂ ਜੰਤਰ ਮੰਤਰ ਭਵਨ ਦਿੱਲੀ ਵਿਖੇ ਜਿਨਸੀ  - ਸੋਸ਼ਣ  ਵਿਰੁੱਧ ਜੂਝ ਰਹੀਆਂ ਪਹਿਲਵਾਨ ਬੀਬੀਆਂ ਸਮੇਤ ਸਮੁੱਚੇ ਪਹਿਲਵਾਨਾਂ, ਜਮਹੂਰੀ ਤੇ ਇਨਸਾਫ ਪਸੰਦ ਸ਼ਕਤੀਆਂ ਦੇ ਹੱਕੀ ਤੇ ਜਮਹੂਰੀ ਘੋਲ ਦੀ ਡਟਵੀਂ ਅਤੇ ਜਚਵੀਂ ਹਮਾਇਤ/ਕਰਨ ਦਾ ਦ੍ਰਿੜ ਇਰਾਦਾ ਦੁਹਰਾਇਆ ਗਿਆ, ਬੀਤੇ ਦਿਨੀਂ ਕੀਤੇ ਪੁਲਿਸ ਜਬਰ ਤੇ ਬੁਰਛਾਗਰਦੀ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ ਦਰਜ਼ ਕੀਤੇ ਕੇਸ ਦੇ ਮੁੱਖ ਦੋਸ਼ੀ - ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਰਨ ਸਿੰਘ  ਦੀ ਜ਼ੋਰਦਾਰ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ  
          ਦੂਜੇ ਮਤੇ ਰਾਹੀਂ ਕੇਂਦਰ ਦੀ ਮੋਦੀ ਹਕੂਮਤ ਪਾਸੋਂ ਕਣਕ ਦੇ ਸਰਕਾਰੀ ਖ੍ਰੀਦ ਮੁੱਲ ਦੀ ਨਜਾਇਜ਼ ਕਟੌਤੀ ਫੌਰੀ ਬੰਦ ਕਰਨ ਅਤੇ ਬੇਮੌਸਮੀ ਵਰਖ਼ਾ, ਝੱਖੜ ਤੇ ਗੜੇਮਾਰੀ ਕਰਨ ਵਿਸ਼ੇਸ਼ ਬੋਨਸ ਅਦਾ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ l
        ਇਸ ਤੋਂ ਇਲਾਵਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਪਾਸੋਂ ਕਣਕ ਤੇ ਹੋਰ ਫਸਲਾਂ ਦੇ ਖਰਾਬੇ ਦਾ ਮੁਕੰਮਲ ਮੁਆਵਜਾ ਕਿਸਾਨਾਂ ਤੇ ਖੇਤ - ਮਜਦੂਰਾਂ ਨੂੰ (ਕੀਤੇ ਐਲਾਨਾਂ ਤੇ ਵਾਅਦਿਆ ਅਨੁਸਾਰ ) ਬਿਨਾਂ ਹੋਰ ਦੇਰੀ ਤੋਂ ਅਦਾ ਕਰਨ ਦੀ ਪੁਰਜ਼ੋਰ ਮੰਗ ਕੀਤੀ ਹੈ l
        ਅੱਜ ਦੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਜੋਗਿੰਦਰ ਸਿੰਘ ਸ਼ਹਿਜ਼ਾਦ, ਮਲਕੀਤ ਸਿੰਘ ਬੱਦੋਵਾਲ ਤੇ ਪ੍ਰੇਮ ਸਿੰਘ ਸ਼ਹਿਜ਼ਾਦ ਦੀ ਉਚੇਚੇ ਤੌਰ ਤੇ ਹਾਜ਼ਰ ਹੋਏ l