ਗੱਲ! ✍️   ਸਲੇਮਪੁਰੀ ਦੀ ਚੂੰਢੀ -

    ਗੱਲ!

ਅਜੇ ਬਣੀ ਨਹੀਓੰ ਗੱਲ,

ਗੱਲ ਫਿਰ ਕਰਾਂਗੇ!

ਜਦ ਬਣ ਗਈ ਗੱਲ,

ਗੱਲ ਫਿਰ ਕਰਾਂਗੇ!

ਭਾਵੇਂ ਬਣ ਜਾਵੇ ਅੱਜ,

ਭਾਵੇਂ ਬਣ ਜਾਵੇ ਕੱਲ੍ਹ!

ਜਦੋਂ ਬਣ ਗਈ ਗੱਲ,

ਗੱਲ ਫਿਰ ਕਰਾਂਗੇ!

ਲੰਘ ਜਾਵੇ ਪਾਸੇ ਵੱਟ,

ਅਜੇ ਕਰਦਾ ਨ੍ਹੀਂ ਗੱਲ,

ਅਜੇ ਹੱਥ ਨਾ ਫੜਾਵੇ,

ਆਖੇ ਅੱਜ ਕਦੇ ਕੱਲ੍ਹ!

ਰੱਖੇ ਲਾਰਿਆਂ 'ਚ ਲਾ ਕੇ

ਉਹਦੀ ਆਈ ਨਹੀੰਓ ਕੱਲ੍ਹ!

ਠੰਢਾਂ ਪਿੰਡੇ 'ਤੇ ਹੰਢਾਵਾਂ,

ਕੋਈ ਕਰਦਾ ਨ੍ਹੀਂ ਹੱਲ!

ਅਸੀਂ ਦਿਲ ਦੇ ਆਂ ਸੱਚੇ,

ਉਹ ਕਰੀ ਜਾਵੇ ਛਲ!

ਜਹਾਜਾਂ ਵਾਲਿਆਂ ਦਾ ਯਾਰ ,

ਤਾਹੀਓਂ ਕਰਦਾ ਨ੍ਹੀਂ ਗੱਲ!

ਖੇਡੇ ਚੁਸਤੀ ਚਲਾਕੀ,

ਤਾਹੀਓਂ ਕਰੇ ਅੱਜ ਕੱਲ੍ਹ!

ਕੀਤਾ ਕੱਖਾਂ ਨਾਲੋਂ ਹੌਲਾ,

ਨਾ ਬੈਠੇ  ਕੋਲੇ ਪਲ!

ਉਹਦੇ ਦਿਲ 'ਚ ਭਸੂੜੀ,

ਤਾਹੀਓਂ ਖੋਲ੍ਹਦਾ ਨ੍ਹੀਂ ਗੱਲ! 

ਅਜੇ ਬਣੀ ਨਹੀਓੰ ਗੱਲ, 

ਗੱਲ ਫਿਰ ਕਰਾਂਗੇ! 

ਜਦ ਬਣ ਗਈ ਗੱਲ, 

ਗੱਲ ਫਿਰ ਕਰਾਂਗੇ! 

ਭਾਵੇਂ ਬਣ ਜਾਵੇ ਅੱਜ,

ਭਾਵੇਂ ਬਣ ਜਾਵੇ ਕੱਲ੍ਹ!

ਜਦੋਂ ਬਣ ਗਈ ਗੱਲ,

ਗੱਲ ਫਿਰ ਕਰਾਂਗੇ! 

-ਸੁਖਦੇਵ ਸਲੇਮਪੁਰੀ 

4 ਜਨਵਰੀ, 2021