ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਰੇਲਵੇ ਪਾਰਕ ਧਰਨਾ ਲਗਾਤਾਰ 386 ਵੇਂ ਦਿਨ ਚ  

ਮਾਲਵੇ ਵਿੱਚ ਗੁਲਾਬੀ ਸੁੰਡੀ ਦੇ ਪ੍ਰਭਾਵ ਥੱਲੇ ਆਏ ਕਿਸਾਨਾਂ ਦੇ ਸੰਘਰਸ਼ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਡਾਹ ਕੇ ਕੰਮ ਕਰਾਂਗੇ - ਕਿਸਾਨ ਆਗੂ  

ਜਗਰਾਉਂ, 21 ਅਕਤੂਬਰ ( ਜਸਮੇਲ ਗ਼ਾਲਿਬ ) 386 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਜਗਰਾਓਂ  ਚ ਅੱਜ ਧਰਨਾਕਾਰੀਆਂ ਨੇ ਜਿਲਾ ਪ੍ਰਧਾਨ ਮਾਸਟਰ  ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ। ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਦੇ ਕਲਾਕਾਰਾਂ  ਨੇ ਅਪਣੀਆਂ ਕਵੀਸ਼ਰੀਆਂ ਰਾਹੀਂ ਬੀਰ ਰਸ ਦਾ ਰੰਗ ਬੰਨ੍ਹਿਆ। ਇਸ ਸਮੇਂ ਬੋਲਦਿਆਂ ਕਿਸਾਨ ਆਗੂ ਹਰਚੰਦ ਸਿੰਘ ਢੋਲਣ , ਧਰਮ ਸਿੰਘ ਸੂਜਾਪੁਰ, ਦਲਜੀਤ ਸਿੰਘ ਰਸੂਲਪੁਰ,  ਹਰਭਜਨ ਸਿੰਘ ਦੋਧਰ ,ਮਾਸਟਰ ਹਰਬੰਸ ਲਾਲ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਨੇ ਅਪਣੀ ਤਾਜਾ ਮੀਟਿੰਗ ਚ ਸਿੰਘੂ ਬਾਰਡਰ ਤੇ ਨਿਹੰਗਾਂ ਵਲੋਂ ਨੋਜਵਾਨ ਦੇ ਕਤਲ ਦੀ ਸਚਾਈ ਜਾਨਣ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੋ ਤਿੰਨ ਦਿਨ ਚ ਸਾਰੇ ਤੱਥ ਲੋਕਾਂ ਸਾਹਮਣੇ ਰੱਖਣਗੇ ਹਾਲਾਂਕਿ ਨਿਹੰਗ ਮੁੱਖੀ ਅਮਨ ਸਿੰਘ ਬਾਰੇ ਨਸ਼ਿਆਂ ਦਾ ਸਮਗਲਰ ਹੋਣ ਅਤੇ ਭਾਜਪਾ ਨਾਲ ਗਠਜੋੜ ਦੇ ਤੱਥਾਂ ਤੋਂ ਦੁਨੀਆਂ ਜਾਣੂ ਹੋ ਗਈ ਹੈ।ਉਨਾਂ ਕਿਹਾ ਕਿ ਇਸ ਪੂਰੇ ਕੁਕਰਮ ਪਿੱਛੇ ਮੰਤਵ ਸਿੱਖਾਂ ਅਤੇ ਦਲਿਤਾਂ ਚ ਪਾੜਾ ਵਧਾ ਕੇ ਕਿਸਾਨ ਮਜਦੂਰ ਏਕਤਾ ਨੂੰ ਤੋੜਣਾ ਸੀ ਜੋ ਕਿ ਮੋਰਚੇ ਦੀ ਅਗਵਾਈ ਚ ਲੋਕਾਂ ਨੇ ਬੁਰੀ ਤਰਾਂ ਰੱਦ ਕਰ ਦਿੱਤਾ। ਇਸ ਸਮੇਂ ਕਿਸਾਨਾਂ ਆਗੂਆਂ  ਨੇ ਮਾਲਵੇ ਚ ਗੁਲਾਬੀ ਸੁੰਡੀ ਨਾਲ ਨਰਮੇ ਦੇ ਹੋਏ ਨੁਕਸਾਨ ਖਿਲਾਫ ਚਲ ਰਹੇ ਸੰਘਰਸ਼ ਦੀ ਜੋਰਦਾਰ ਹਿਮਾਇਤ ਕੀਤੀ ਤੇ ਪੰਜਾਬ ਸਰਕਾਰ  ਨੂੰ ਇਨਾਂ ਮੰਗਾਂ ਦੀ ਪੂਰਤੀ ਲਈ ਯੋਗ ਕਦਮ ਉਠਾਉਣ ਦੀ ਅਪੀਲ ਕੀਤੀ। ਇਸ ਸਮੇਂ ਇਕ ਮਤੇ ਰਾਹੀਂ ਮੋਰਿੰਡਾ ਵਿਖੇ ਮੁਲਾਜਮ ਵਰਗ ਵਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਅਤੇ ਪੱਕੇ ਰੁਜ਼ਗਾਰ ਲਈ ਚਲ ਰਹੇ ਸੰਘਰਸ਼ ਦੀ ਜੋਰਦਾਰ ਹਿਮਾਇਤ ਕੀਤੀ ਹੈ।ਅਜ ਦੇ ਧਰਨੇ ਚ ਮਲਕੀਤ ਸਿੰਘ ਰੂਮੀ, ਜਗਦੀਪ ਸਿੰਘ  ਕੋਠੇ ਖੰਜੂਰਾਂ, ਜਗਜੀਤ ਸਿੰਘ ਮਲਕ ਆਦਿ ਆਗੂ ਹਾਜ਼ਰ ਸਨ।