ਟਿਕਰੀ ਬਾਰਡਰ ’ਤੇ ਧਰਨੇ ’ਚ ਸ਼ਾਮਲ ਵਕੀਲ ਵੱਲੋਂ ਖੁਦਕੁਸ਼ੀ

ਜਲਾਲਾਬਾਦ/ ਰੋਹਤਕ ,ਦਸੰਬਰ 2020 -(ਗੁਰਦੇਵ ਗਾਲਿਬ/ਮਨਜਿੰਦਰ ਗਿੱਲ)-

ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ’ਚ ਸ਼ਾਮਲ ਜਲਾਲਾਬਾਦ ਬਾਰ ਐਸੋਸੀਏਸ਼ਨ ਦੇ ਮੈਂਬਰ ਤੇ ਸੀਨੀਅਰ ਵਕੀਲ ਅਮਰਜੀਤ ਸਿੰਘ ਰਾਏ ਨੇ ਟਿਕਰੀ ਬਾਰਡਰ ’ਤੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ। ਅਮਰਜੀਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਇਕ ਖੁਦਕੁਸ਼ੀ ਨੋਟ ਵੀ ਲਿਖ ਕੇ ਪਿੱਛੇ ਛੱਡਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਰਾਏ ਪਿਛਲੇ ਕਰੀਬ 12 ਦਿਨਾਂ ਤੋਂ ਦਿੱਲੀ ਦੇ ਟਿਕਰੀ ਬਾਰਡਰ ’ਤੇ ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨੇ ’ਚ ਆਪਣੀ ਸ਼ਮੂਲੀਅਤ ਦਰਜ ਕਰਵਾ ਰਹੇ ਸਨ ਅਤੇ ਲਗਾਤਾਰ ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲ ਰੱਦ ਨਾ ਕੀਤੇ ਜਾਣ ਸਬੰਧੀ ਦਿੱਤੇ ਜਾ ਰਹੇ ਬਿਆਨਾਂ ਤੋਂ ਹਤਾਸ਼ ਸਨ। ਆਖਰਕਾਰ ਉਸ ਨੇ ਅੱਜ ਸਵੇਰੇ ਕਰੀਬ 9 ਵਜੇ ਖੁਦਕੁਸ਼ੀ ਨੋਟ ਲਿਖ ਕੇ ਸਲਫਾਸ ਖਾ ਲਈ। ਹਾਲਤ ਵਿਗੜਨ ’ਤੇ ਉਸ ਨੂੰ ਕਿਸਾਨਾਂ ਨੇ ਜਲਦੀ ਹੀ ਪੀਜੀਆਈ ਰੋਹਤਕ ’ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।