499 ਅੰਕਾਂ ਨਾਲ 13 ਵਿਦਿਆਰਥੀਆਂ ਨੇ ਹਾਸਲ ਕੀਤਾ ਪਹਿਲਾ ਰੈਂਕ

ਬਠਿੰਡਾ ਦੀ ਮਾਨਿਆ ਨੂੰ ਪੰਜਾਬ ’ਚੋਂ ਪਹਿਲਾ ਸਥਾਨ

ਨਵੀਂ ਦਿੱਲੀ- ਮਈ ਸੀਬੀਐੱਸਈ (ਕੇਂਦਰੀ ਸੈਕੰਡਰੀ ਸਿੱਖਿਆ ਬੋਰਡ) ਵੱਲੋਂ ਅੱਜ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ’ਚ ਲੜਕੀਆਂ ਨੇ 92.45 ਪਾਸ ਫ਼ੀਸਦ ਹਾਸਲ ਕਰਦਿਆਂ ਲੜਕਿਆਂ ਨੂੰ 2.31 ਫ਼ੀਸਦ ਦੇ ਫ਼ਰਕ ਨਾਲ ਪਛਾੜ ਦਿੱਤਾ ਹੈ। ਤੇਰਾਂ ਵਿਦਿਆਰਥੀਆਂ ਨੇ 500 ਵਿਚੋਂ 499 ਅੰਕ ਹਾਸਲ ਕਰ ਕੇ ਪਹਿਲਾ ਰੈਂਕ ਹਾਸਲ ਕੀਤਾ ਹੈ। ਦੂਜਾ ਰੈਂਕ 24 ਵਿਦਿਆਰਥੀਆਂ ਤੇ ਤੀਜਾ ਰੈਂਕ 58 ਵਿਦਿਆਰਥੀਆਂ ਨੇ ਸਾਂਝਾ ਕੀਤਾ ਹੈ। ਕੁੱਲ 2.25 ਲੱਖ ਵਿਦਿਆਰਥੀਆਂ ਨੇ 90 ਫ਼ੀਸਦ ਤੋਂ ਜ਼ਿਆਦਾ ਅੰਕ ਹਾਸਲ ਕੀਤੇ ਹਨ ਤੇ 57,256 ਵਿਦਿਆਰਥੀਆਂ ਨੇ 95 ਫ਼ੀਸਦ ਦਾ ਅੰਕੜਾ ਪਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਤ੍ਰਿਵੇਂਦਰਮ ਖੇਤਰ 99.85 ਪਾਸ ਫ਼ੀਸਦ ਨਾਲ ਪਹਿਲੇ, ਚੇਨਈ 99 ਤੇ ਅਜਮੇਰ 95.89 ਫ਼ੀਸਦ ਨਾਲ ਤੀਜੇ ਨੰਬਰ ’ਤੇ ਰਿਹਾ ਹੈ। ਇਸ ਵਾਰ ਦੀ ਪਾਸ ਫ਼ੀਸਦ ਪਿਛਲੇ ਸਾਲ ਨਾਲੋਂ 4.4 ਫ਼ੀਸਦ ਵੱਧ ਹੈ। 499 ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ’ਚ ਲੋਟਸ ਵੈਲੀ ਸਕੂਲ (ਗੌਤਮ ਬੁੱਧ ਨਗਰ) ਦੇ ਸਿਧਾਂਤ ਪੈਨਗੋਰੀਆ, ਬਾਲ ਭਾਰਤੀ ਪਬਲਿਕ ਸਕੂਲ (ਨੌਇਡਾ) ਦੇ ਦਿਵਯਾਂਸ਼ ਵਧਵਾ, ਸੇਂਟ ਪੈਟ੍ਰਿਕ ਸਕੂਲ (ਜੌਨਪੁਰ, ਯੂਪੀ) ਦੇ ਯੋਗੇਸ਼ ਕੁਮਾਰ ਗੁਪਤਾ, ਐੱਸਏਜੇ ਸਕੂਲ (ਗਾਜ਼ੀਆਬਾਦ) ਦੇ ਅੰਕੁਰ ਮਿਸ਼ਰਾ, ਦੀਵਾਨ ਪਬਲਿਕ ਸਕੂਲ (ਮੇਰਠ ਛਾਉਣੀ) ਦੇ ਵਤਸਲ ਵਾਰਸ਼ਨੇਯ, ਸੇਂਟ ਜ਼ੇਵੀਅਰ ਸਕੂਲ (ਬਠਿੰਡਾ) ਦੀ ਮਾਨਯਾ ਜਿੰਦਲ, ਨੰਦ ਵਿਦਿਆ ਨਿਕੇਤਨ (ਜਾਮਨਗਰ) ਦਾ ਆਰੀਅਨ ਝਾਅ, ਸੇਂਟ ਏਂਜਲਾ ਸੋਫ਼ੀਆ ਸੀਨੀਅਰ ਸੈਕੰਡਰੀ ਸਕੂਲ (ਜੈਪੁਰ) ਦਾ ਤਰੁਨ ਜੈਨ, ਪਲਘਾਟ ਲਾਇਨਜ਼ ਸਕੂਲ (ਕੋਪੱਮ ਪਾਲਾਕਡ, ਕੇਰਲ) ਦੀ ਭਾਵਨਾ ਸ਼ਿਵਾਦਾਸ, ਚੌਧਰੀ ਛਬੀਲ ਦਾਸ ਪਬਲਿਕ ਸਕੂਲ (ਗਾਜ਼ੀਆਬਾਦ) ਦਾ ਈਸ਼ ਮਦਾਨ, ਕਾਨਵੈਂਟ ਆਫ਼ ਜੀਸਸ ਐਂਡ ਮੇਰੀ (ਅੰਬਾਲਾ ਕੈਂਟ) ਦੀ ਦਿਵਜੋਤ ਕੌਰ ਜੱਗੀ, ਉੱਤਮ ਸਕੂਲ ਫਾਰ ਗਰਲਜ਼ (ਗਾਜ਼ੀਆਬਾਦ) ਦੀ ਅਪੂਰਵਾ ਜੈਨ ਤੇ ਮੈਸੂਰ ਸਕੂਲ (ਨੌਇਡਾ) ਦੀ ਸ਼ਿਵਾਨੀ ਲਾਠ ਸ਼ਾਮਲ ਹਨ। ਕੇਂਦਰੀ ਵਿਦਿਆਲਿਆ ਦੇ ਵਿਦਿਆਰਥੀਆਂ ਨੇ 99.47 ਪਾਸ ਫ਼ੀਸਦ ਪ੍ਰਾਪਤ ਕਰ ਕੇ ਪ੍ਰਾਈਵੇਟ ਸਕੂਲਾਂ ਨੂੰ ਪਿੱਛੇ ਛੱਡਿਆ ਹੈ। ਜਵਾਹਰ ਨਵੋਦਿਆ ਵਿਦਿਆਲਿਆ ਦੀ ਪਾਸ ਫ਼ੀਸਦ ਵੀ 98.57 ਫ਼ੀਸਦ ਰਹੀ ਹੈ। ਚੋਣ ਅਮਲ ਵਿਚ ਰੁੱਝੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਬੇਟੀ ਨੇ 82 ਫ਼ੀਸਦ ਅੰਕ ਹਾਸਲ ਕੀਤੇ ਹਨ।  ਬਠਿੰਡਾ ਦੇ ਸੇਂਟ ਜ਼ੇਵੀਅਰ ਸਕੂਲ ਦੀ ਵਿਦਿਆਰਥਣ ਮਾਨਿਆ ਜਿੰਦਲ ਨੇ 500 ਵਿਚੋਂ 499 ਅੰਕ ਪ੍ਰਾਪਤ ਕਰ ਕੇ ਸਿਖ਼ਰਲੇ 13 ਵਿਦਿਆਰਥੀਆਂ ਵਿਚ ਜਗ੍ਹਾ ਬਣਾਈ ਹੈ। ਬਠਿੰਡਾ ਦੇ ਸਾਧਾਰਨ ਪਰਿਵਾਰ ਨਾਲ ਸਬੰਧਤ ਮਾਨਿਆ ਦੀ ਮਾਂ ਘਰੇਲੂ ਸੁਆਣੀ ਹੈ ਤੇ ਪਿਤਾ ਸ਼ੇਅਰ ਬਜ਼ਾਰ ਕਿੱਤੇ ਨਾਲ ਜੁੜੇ ਹੋਏ ਹਨ। ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥਣ ਦੇ ਪਿਤਾ ਪਦਮ ਜਿੰਦਲ ਅਤੇ ਮਾਤਾ ਈਸ਼ਾ ਜਿੰਦਲ ਨੂੰ ਵਧਾਈ ਦਿੱਤੀ। ਮਾਨਿਆ ਅਗਲੀ ਜਮਾਤ ਵਿਚ ਮੈਡੀਕਲ ਵਿਸ਼ਾ ਲੈਣਾ ਚਾਹੁੰਦੀ ਹੈ ਤੇ ਡਾਕਟਰ ਬਣਨ ਦੀ ਚਾਹਵਾਨ ਹੈ।