ਇਸ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੋਟਰਾਂ ਦਾ ਝੁਕਾਅ-ਬਦਲਾਅ ਵੱਲ ✍️ ਜਸਵੀਰ ਸ਼ਰਮਾਂ ਦੱਦਾਹੂਰ

ਸਤਿਕਾਰਿਤ ਦੋਸਤੋ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਜਿਉਂ ਜਿਉਂ ਦਿਨ ਨੇੜੇ ਆ ਰਿਹਾ ਹੈ, ਤਿਉਂ ਤਿਉਂ ਹਰ ਰੋਜ਼ ਹੀ ਸਮੀਕਰਣ ਬਦਲ ਰਹੇ ਹਨ।ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਇਸ ਵਾਰ ਪਚੰਨਵੇਂ ਪ੍ਰਤੀਸ਼ਤ ਲੋਕਾਂ ਦਾ ਰੁਝਾਨ ਰਵਾਇਤੀ ਪਾਰਟੀਆਂ ਤੋਂ ਤੰਗ ਆ ਕੇ ਬਦਲਾਅ ਵੱਲ ਹੈ।ਕੀ ਬਦਲਾਅ ਕਰਕੇ ਪੰਜਾਬ ਦੀ ਧਰਤੀ ਤੇ ਪਹਿਲੇ ਗੁਜ਼ਰੇ ਪਝੰਤਰ ਸਾਲਾਂ ਤੋਂ ਵੱਖਰਾ ਕੁੱਝ ਹੋਵੇਗਾ?ਇਹ ਸੱਭ ਹਾਲੇ ਸਮੇਂ ਦੇ ਗਰਭ ਵਿੱਚ ਹੈ।ਪਰ ਪਹਿਲਾਂ ਆਉਣ ਵਾਲੀਆਂ ਰਵਾਇਤੀ ਪਾਰਟੀਆਂ ਭਾਵ ਰਾਜ ਕਰਨ ਵਾਲਿਆਂ ਨੇ ਹੁਣ ਤੱਕ ਜਨਤਾ ਨੂੰ ਕੀ ਕੀ ਸਹੂਲਤਾਂ ਦਿੱਤੀਆਂ ਇਹ ਵੀ ਕੋਈ ਕਿਸੇ ਨੂੰ ਗੁੱਝ ਨਹੀਂ ਹੈ।

        ਕੁੱਲੀ ਗੁੱਲੀ ਜੁੱਲੀ, ਸਿਖਿਆ, ਸਿਹਤ ਸਹੂਲਤਾਂ, ਰੁਜ਼ਗਾਰ ਦੇ ਸਾਧਨ, ਅੰਤਾਂ ਦੀ ਭ੍ਰਿਸ਼ਟਾਚਾਰੀ, ਰਿਸ਼ਵਤ, ਨਸ਼ੇ ਦੇਸ਼ ਵਿੱਚ ਪੜੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਨਾ ਮਿਲਣਾ ਤੇ ਵਿਦੇਸ਼ਾਂ ਵਿੱਚ ਜਾਣ ਦਾ ਰੁਝਾਨ ਜਿਉਂ ਦਾ ਤਿਉਂ ਮੂੰਹ ਅੱਡੀ ਖੜ੍ਹਾ ਹੈ। ਪੰਜਾਬ ਦੇ ਪਾਣੀਆਂ ਦਾ ਮਸਲਾ, ਪੰਜਾਬੀ ਬੋਲਦੇ ਇਲਾਕਿਆਂ ਦਾ ਮਾਮਲਾ, ਚੰਡੀਗੜ੍ਹ ਪੰਜਾਬ ਨੂੰ ਮਿਲਣ ਦਾ ਮਸਲਾ ਪੰਜਾਬ ਦੇ ਲੋਕਾਂ ਦੀਆਂ ਚਿਰੋਕਣੀਆਂ ਮੰਗਾਂ ਨੂੰ ਪਿਛਲੇ ਪਝੱਤਰ ਸਾਲਾਂ ਤੋਂ ਬੂਰ ਨਹੀਂ ਪਿਆ।ਆਮ ਕਹਾਵਤ ਹੈ ਕਿ ਜੋ ਜਨ ਸ਼ਕਤੀ ਦੀ ਭਾਖਿਆ ਹੁੰਦੀ ਹੈ, ਜਾਂ ਜਿਧਰ ਵੀ ਲੁਕਾਈ ਦਾ ਮੁਹਾਣ ਹੋ ਜਾਵੇ ਓਹ ਮਸਲੇ ਕਦੇ ਮਸਲੇ ਨਹੀਂ ਰਹਿੰਦੇ ਸਗੋਂ ਹੱਲ ਹੋ ਜਾਇਆ ਕਰਦੇ ਹਨ। ਪ੍ਰਤੱਖ ਨੂੰ ਕਦੇ ਵੀ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਹੁਣੇ ਹੁਣੇ ਕਿਸਾਨੀ ਸੰਘਰਸ਼ ਦੀ ਮਿਸਾਲ ਜਿਉਂਦੀ ਜਾਗਦੀ ਮਿਸਾਲ ਆਪਣੇ ਸਾਹਮਣੇ ਹੈ।

           ਇਸ ਲੇਖ ਦੇ ਲੇਖਕ ਨੇ ਅੱਜ ਉਚੇਚੇ ਤੌਰ ਤੇ ਆਲ ਇੰਡੀਆ ਟਾਂਕ ਕਸ਼ੱਤਰੀਆ ਪ੍ਰਤੀਨਿਧ ਸਭਾ ਦੇ ਸਰਪ੍ਰਸਤ, ਇੰਟਰਨੈਸ਼ਨਲ ਅਲਾਇੰਸ ਕਲੱਬ ਜ਼ਿਲ੍ਹਾ ਇੱਕ ਸੌ ਗਿਆਰਾਂ ਦੇ ਗਵਰਨਰ, ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਅਤੇ ਉੱਘੇ ਸਮਾਜ ਸੇਵੀ ਨਿਰੰਜਣ ਸਿੰਘ ਰੱਖਰਾ ਜੀ ਨਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਗੱਲ ਬਾਤ ਕੀਤੀ, ਤਾਂ ਉਨ੍ਹਾਂ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਕਾਫ਼ੀ ਸਾਰੇ ਪਿੰਡਾਂ ਵਿੱਚ ਜਾਣ ਤੇ ਇਹ ਬਿਲਕੁਲ ਤਹਿ ਅਤੇ ਲੋਕਾਂ ਦਾ ਆਖਰੀ ਫੈਸਲਾ ਹੀ ਲੱਗਦਾ ਹੈ ਕਿ ਇਸ ਵਾਰ ਲੋਕਾਂ ਦਾ ਰੁਝਾਨ ਰਵਾਇਤੀ ਪਾਰਟੀਆਂ ਤੋਂ ਤੰਗ ਆ ਕੇ ਬਦਲਾਅ ਵਾਲੇ ਪਾਸੇ ਹੈ। ਅੱਗੇ ਗੱਲ ਕਰਦਿਆਂ ਓਨਾਂ ਨੇ ਖਦਸ਼ਾ ਵੀ ਜ਼ਾਹਿਰ ਕੀਤਾ ਕਿ ਰਵਾਇਤੀ ਪਾਰਟੀਆਂ ਨੇ ਪੂਰਾ ਤਾਣ ਲਾਇਆ ਹੋਇਆ ਹੈ ਕਿ ਕਿਸੇ ਵੀ ਤੀਜੀ ਧਿਰ ਨੂੰ ਓਹ ਕਿਸੇ ਵੀ ਹਾਲਤ ਵਿੱਚ ਪੰਜਾਬ ਵਿੱਚ ਰਾਜਨੀਤੀ ਨਹੀਂ ਕਰਨ ਦੇਣਗੀਆਂ,ਪਰ ਤਹਿ ਲੋਕਾਂ ਨੇ ਕਰਨਾ ਹੁੰਦਾ ਹੈ।ਜੇਕਰ ਲੋਕਾਂ ਦੇ ਮਸਲਿਆਂ ਦੀ ਗੱਲ ਕਰੀਏ ਤਾਂ ਓਹਨਾਂ ਕਿਹਾ ਕਿ ਕੋਈ ਵੀ ਮਸਲਾ ਇਥੇ ਧਰਨਿਆਂ ਤੋਂ ਬਿਨਾਂ, ਰਿਸ਼ਵਤ ਲੈਣ ਤੋਂ ਬਿਨਾਂ, ਕਦੇ ਵੀ ਹੱਲ ਨਹੀਂ ਹੋਇਆ। ਟੈਂਕੀਆਂ ਤੇ ਚੜ੍ਹਨਾ, ਧਰਨੇ ਲਾਉਣੇ, ਨਾਅਰੇਬਾਜ਼ੀ, ਬੇਇਜ਼ਤੀ ਹੋਣੀ ਅਤੇ ਕਰਨੀ,ਇਹ ਖਾਸ ਕਰਕੇ ਪੰਜਾਬ ਸੂਬੇ ਵਿੱਚ ਰਿਵਾਜ ਜਿਹਾ ਹੀ ਹੋ ਗਿਆ ਹੈ, ਜੇਕਰ ਕਹਿ ਲਈਏ ਕਿ ਪੰਜਾਬ ਨੂੰ ਧਰਨਿਆਂ ਵਾਲਾ ਸੂਬਾ ਕਿਹਾ ਜਾਣ ਲੱਗਾ ਹੈ ਤਾਂ ਕੋਈ ਅਤਿਕਥਨੀ ਨਹੀਂ ਹੈ, ਓਨਾਂ ਗੱਲ ਕਰਦਿਆਂ ਦੱਸਿਆ ਕਿ ਪੰਜਾਬ ਦੇ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ ਹੈ,ਇਸ ਨੂੰ ਲਾਹੁਣ, ਕਿਸੇ ਕਿਸਮ ਦੇ ਵਿਕਾਸ ਦੀਆਂ ਗੱਲਾਂ, ਕੋਈ ਵੀ ਸਿਆਸੀ ਪਾਰਟੀ ਕਿਸੇ ਵੀ ਸਟੇਜ ਤੋਂ ਨਹੀਂ ਕਰਦੀਆਂ ਸਗੋਂ ਇੱਕ ਦੂਜੇ ਨੂੰ ਨਿੰਦਣਾ,ਪੁਰਾਣੇ ਤੋਂ ਪੁਰਾਣੇ ਕੇਸਾਂ ਨੂੰ ਆਪਣੇ ਭਾਸ਼ਣ ਦਾ ਹਿੱਸਾ ਬਣਾਉਣਾ, ਇੱਕ ਦੂਜੇ ਤੇ ਚਿੱਕੜ ਸੁੱਟਣਾ ਅਜੋਕੀ ਰਾਜਨੀਤੀ ਦਾ ਇੱਕ ਵੱਖਰਾ ਅਤੇ ਖਾਸ ਕਰਕੇ ਇਸ ਵੀਹ ਸੌ ਬਾਈ ਦੀਆਂ ਚੋਣਾਂ ਦਾ ਮੁੱਦਾ ਬਣ ਚੁੱਕਾ ਹੈ। ਕਿਸੇ ਵੀ ਪਾਰਟੀ ਦੇ ਲੀਡਰ ਦਾ ਕੋਈ ਦੀਨ ਈਮਾਨ ਨਹੀਂ ਰਿਹਾ, ਬਰਸਾਤੀ ਡੱਡੂਆਂ ਵਾਂਗ ਛਾਲਾਂ ਮਾਰ ਕੇ ਦੂਜੀ ਪਾਰਟੀ ਵਿੱਚ ਜਾਣਾ ਤੇ ਓਥੇ ਜਾ ਕੇ ਪਾਰਟੀ ਦੀ ਨਿੰਦਿਆ ਕਰਨੀ ਆਪਣਾ ਅਧਿਕਾਰ ਸਮਝਦੇ ਹਨ, ਅਜੋਕੇ ਦਲ ਬਦਲੂ ਨੇਤਾ। ਅਤੇ ਜ਼ਿਆਦਾਤਰ ਸਿਆਸੀ ਲੀਡਰਾਂ ਦੀ ਛਵੀ ਵੀ ਸਾਫ਼ ਨਹੀਂ ਹੈ, ਮਤਲਬ ਘਪਲਿਆਂ ਵਿੱਚ ਜਾਂ ਹੋਰ ਆਪਰਾਧਿਕ ਮਾਮਲਿਆਂ ਵਾਲਾ ਪਿਛੋਕੜ ਹੈ,ਪਰ ਫਿਰ ਵੀ ਚੋਣ ਅਖਾੜਿਆਂ ਵਿੱਚ ਨਿੱਤਰੇ ਹਨ।ਕੀ ਇਨ੍ਹਾਂ ਕੁਰੱਪਟ ਮਾੜੀ ਛਵੀ ਵਾਲੇ ਸਿਆਸੀਆਂ ਨੂੰ ਪੰਜਾਬ ਤੇ ਰਾਜ ਕਰਨ ਦਿ ਕੋਈ ਅਧਿਕਾਰ ਹੈ?ਇਹ ਵੀ ਕਾਨੂੰਨ ਦੇ ਘੇਰੇ ਵਿੱਚ ਆਉਣ ਵਾਲੀ ਗੱਲ ਹੈ,ਜਿਸ ਦਾ ਫੈਸਲਾ ਮਾਨਯੋਗ ਅਦਾਲਤ ਨੇ ਕਰਨਾ ਹੈ,ਪਰ ਇਹ ਚਰਚਾ ਦਾ ਵਿਸ਼ਾ ਜ਼ਰੂਰ ਹੈ।

              ਅਜੋਕੀਆਂ ਰਾਜਨੀਤਕ ਪਾਰਟੀਆਂ ਦਾ ਕਾਰਜ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਚੱਲ ਕੇ ਰਾਜ ਕਰਨਾ ਹੈ।ਜੋ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਹੌਲ ਬਣ ਚੁੱਕਾ ਹੈ ਓਹ ਪਿਛਲੇ ਪਝੱਤਰ ਸਾਲਾਂ ਦੇ ਇਤਿਹਾਸ ਵਿੱਚ ਨਹੀਂ ਹੋਇਆ, ਨਿਰੰਜਣ ਸਿੰਘ ਰੱਖਰਾ ਜੀ ਨੇ ਪਿੰਡ ਦੇ ਲੋਕਾਂ ਦਾ ਵਿਸ਼ਲੇਸ਼ਣ ਕਰਦਿਆਂ ਜੋ ਪਿੰਡ ਦੇ ਬਜ਼ੁਰਗਾਂ ਤੋਂ ਸੁਣਿਆ ਉਸ ਦੀਆਂ ਬਹੁਤ ਉਦਾਹਰਣਾਂ ਵੀ ਦਿੱਤੀਆਂ, ਅਤੇ ਦੱਸਿਆ ਕਿ ਇਸ ਵਾਰ ਬਦਲਾਅ ਲਿਆਉਣ ਦੀ ਸਭਨਾਂ ਨੇ ਪੱਕੀ ਧਾਰੀ ਹੋਈ ਹੈ।

              ਅੱਗੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਵਾਰ ਲੀਡਰਾਂ ਨੂੰ ਘੇਰ ਘੇਰ ਕੇ ਸਵਾਲ ਪੁੱਛਣ ਦਾ ਜਨੂੰਨ ਵੀ ਲੋਕਾਂ ਦੇ ਸਿਰ ਚੜ੍ਹ ਬੋਲਦਾ ਹੈ, ਬਿਲਕੁਲ ਸਹੀ ਗੱਲ ਹੈ ਜੇਕਰ ਅਸੀਂ ਪਹਿਲਾਂ ਤੋਂ ਇਹ ਅਖਤਿਆਰ ਕੀਤਾ ਹੁੰਦਾ ਤਾਂ ਪੰਜਾਬ ਨੂੰ ਇਹੋ ਜਿਹੇ ਹਾਲਾਤਾਂ ਵਿੱਚੋਂ ਨਹੀਂ ਸੀ ਗੁਜ਼ਰਨਾ ਪੈਣਾ। ਜਿੱਤਣ ਤੋਂ ਬਾਅਦ ਪੰਜ ਸਾਲਾਂ ਦੌਰਾਨ ਇੱਕ ਵਾਰ ਵੀ ਇਲਾਕੇ ਦੇ ਲੋਕਾਂ ਦੀ ਸਾਰ ਨਾ ਲੈਣੀ,ਇਸ ਵਾਰ ਦੀਆਂ ਚੋਣਾਂ ਦਾ ਅਹਿਮ ਮੁੱਦਾ ਬਣ ਚੁੱਕਾ ਹੈ, ਅਤੇ ਸਮੇਂ ਤੇ ਇਨ੍ਹਾਂ ਅਖੌਤੀ ਲੀਡਰਾਂ ਕੋਲ ਕੋਈ ਜਵਾਬ ਨਹੀਂ ਹੁੰਦਾ।ਇਸ ਲਈ ਰਵਾਇਤੀ ਪਾਰਟੀਆਂ ਨੂੰ ਇਸ ਵਾਰ ਹਰ ਗਲੀ ਮੁਹੱਲੇ ਪਿੰਡਾਂ ਸ਼ਹਿਰਾਂ ਵਿੱਚੋਂ ਮੂੰਹ ਦੀ ਖਾਣੀ ਪੈ ਰਹੀ ਹੈ। ਜੇਕਰ ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਇਸ ਵਾਰ ਬਹੁਤ ਹੀ ਫਸਵੇਂ ਮੁਕਾਬਲੇ ਹੋਣ ਦੀ ਚਰਚਾ ਹੈ,ਹਰ ਇੱਕ ਪਾਰਟੀ ਆਪੋ-ਆਪਣੇ ਦਾਅ ਪੇਚ ਲਾਉਣ ਦੀ ਪੂਰੀ ਪੂਰੀ ਵਾਹ ਲਾ ਰਹੀਆਂ ਹਨ।

                 ਨਿਰੰਜਣ ਸਿੰਘ ਰੱਖਰਾ ਜੀ ਨੇ ਇਸ ਸਮੇਂ ਗੱਲ ਕਰਦਿਆਂ ਸਮਾਜ ਸੇਵੀ ਸੰਸਥਾਵਾਂ, ਭਰਾਤਰੀ ਭਾਈਚਾਰੇ, ਅਤੇ ਤਮਾਮ ਲੋਕ ਭਲਾਈ ਹਿਤ ਕੰਮ ਕਰ ਰਹੀਆਂ ਸਮੂਹ ਜਥੇਬੰਦੀਆਂ ਨੂੰ ਬੇਨਤੀ ਵੀ ਕੀਤੀ ਕਿ ਇਸ ਵਾਰ ਬਦਲਾਅ ਲਈ ਆਪਾਂ ਸਭਨਾਂ ਨੂੰ ਇੱਕ ਜੁੱਟ ਹੋ ਕੇ ਹੰਭਲਾ ਮਾਰਨ ਦੀ ਅਤਿਅੰਤ ਲੋੜ ਹੈ, ਜੇਕਰ ਪੰਜਾਬ ਨੂੰ ਖੁਸ਼ਹਾਲ ਅਤੇ ਪਹਿਲਾਂ ਜਿਹਾ ਵੇਖਣਾ ਚਾਹੁੰਦੇ ਹੋਂ ਤਾਂ ਆਓ ਬਦਲਾਅ ਕਾਰਜ ਲਈ ਪਹਿਰਾ ਦੇਈਏ, ਅਤੇ ਲੁੱਟ ਘਸੁੱਟ ਕਰਨ ਵਾਲੀਆਂ ਰਵਾਇਤੀ ਪਾਰਟੀਆਂ ਤੋਂ ਪੰਜਾਬ ਅਤੇ ਪੰਜਾਬ ਵਾਸੀਆਂ ਦਾ ਖਹਿੜਾ ਛੁਡਾਈਏ।ਇਸ ਵਿੱਚ ਹੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਭਲਾਈ ਹੈ, ਦੋਸਤੋ ਜੇਕਰ ਇਹ ਨਹੀਂ ਹੁੰਦਾ ਤਾਂ ਜੋ ਕੁੱਝ ਪਹਿਲਾਂ ਹੋ ਰਿਹਾ ਹੈ ਉਸ ਤੋਂ ਵੀ ਮਾੜੇ ਦਿਨਾਂ ਦੇ ਆਉਣ ਦੀ ਉਮੀਦ ਤੋਂ ਨਾਬਰ ਨਹੀਂ ਹੋਇਆ ਜਾ ਸਕਦਾ।

 

ਜਸਵੀਰ ਸ਼ਰਮਾਂ ਦੱਦਾਹੂਰ , ਸ੍ਰੀ ਮੁਕਤਸਰ ਸਾਹਿਬ

95691-49556