ਜਰਖੜ ਖੇਡਾਂ ਦਾ ਪਹਿਲਾ ਦਿਨ-

ਫਰਿਜ਼ਨੋ ਫੀਲਡ ਕਲੱਬ, ਹਠੂਰ ਤੇ ਜੂਨੀਅਰ ਵਰਗ 'ਚ ਜਰਖੜ ਸੈਂਟਰ ਵੱਲੋਂ ਜਿੱਤਾਂ ਦਰਜ

ਲੁਧਿਆਣਾ,6 ਮਈ ( ਮਨਜਿੰਦਰ ਗਿੱਲ)—ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਟ ਵੱਲੋਂ ਕਰਾਏ ਜਾ ਰਹੇ ਨੌਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਪਹਿਲੇ ਗੇੜ ਦੇ ਮੈਚਾਂ 'ਚ ਜੂਨੀਅਰ ਵਰਗ 'ਚ ਜਰਖੜ ਹਾਕੀ ਸੈਂਟਰ ਨੇ ਅਤੇ ਸੀਨੀਅਰ ਵਰਗ 'ਚ ਫਰਿਜ਼ਨੋ ਫੀਲਡ ਹਾਕੀ ਕਲੱਬ ਕੈਲੀਫੋਰਨੀਆ ਤੇ ਅਜ਼ਾਦ ਕਲੱਬ ਹਠੂਰ ਨੇ ਆਪਣਾ ਜੇਤੂ ਖਾਤਾ ਖੋਲ੍ਹਿਆ। ਅੱਜ ਜਰਖੜ ਸਟੇਡੀਅਨ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਦੀ ਅਰੰਭਤਾ ਤੋਂ ਬਾਅਦ ਹਾਕੀ ਮੈਚਾਂ ਦੀ ਸ਼ੁਰੂਆਤ ਹੋਈ। ਸਾਰੀਆਂ ਟੀਮਾਂ ਤੇ ਖਿਡਾਰੀ ਗੁਰੂ ਸਾਹਿਬ ਦੇ ਨਤਮਸਤਕ ਹੋਏ। ਜਿਸ ਤੋਂ ਬਾਅਦ ਸ਼ੁਰੂ ਹੋਏ ਹਾਕੀ ਮੈਚਾਂ 'ਚ ਸੀਨੀਅਰ ਵਰਗ 'ਚ ਫਰਿਜ਼ਨੋ ਫੀਲਡ ਹਾਕੀ ਕਲੱਬ ਨੇ ਸ਼ੇਰੇ ਸੁਲਤਾਨਪੁਰ ਨੂੰ 7-3 ਨਾਲ ਹਰਾਇਆ। ਜੇਤੂ ਟੀਮ ਵੱਲੋਂ ਗੁਰਸਤਿੰਦਰ ਸਿੰਘ ਪਰਗਟ ਨੇ 4 ਗੋਲ, ਸੰਦੀਪ ਸਿੰਘ, ਰਵਿੰਦਰ ਸਿੰਘ ਤੇ ਜੋਗਿੰਦਰ ਸਿੰਘ ਨੇ 1-1 ਗੋਲ ਕੀਤਾ। ਜਦਕਿ ਸੁਲਤਾਨਪੁਰ ਵੱਲੋਂ ਜਗਜੀਵਨ ਸਿੰਘ, ਬਰਿੰਦਰ ਸਿੰਘ ਤੇ ਮਿਲਨਜੀਤ ਨੇ 1-1 ਗੋਲ ਕੀਤਾ। ਅੱਧੇ ਸਮੇਂ ਤੱਕ ਜੇਤੂ ਟੀਮ 3-0 ਨਾਲ ਅੱਗੇ ਸੀ। ਦੂਸਰੇ ਸਬ-ਜੂਨੀਅਰ ਅੰਡਰ-10 ਸਾਲ ਵਰਗ ਦੇ ਮੈਚ 'ਚ ਜਰਖੜ ਹਾਕੀ ਸੈਂਟਰ ਨੇ ਜਟਾਣਾ ਹਾਕੀ ਸੈਂਟਰ ਨੂੰ 7-3 ਨਾਲ ਹਰਾਇਆ। ਜੇਤੂ ਟੀਮ ਵੱਲੋਂ ਸੁਖਮਨਜੀਤ ਸਿੰਘ ਨੇ ਹੈਟ੍ਰਿਕ ਜੜੀ, ਜਦਕਿ ਗੁਰਮਾਨਵਜੀਤ ਨੇ 2, ਅਰਜਣ ਸਿੰਘ ਤੇ ਗੁਰਇਕਬਾਲ ਸਿੰਘ ਨੇ 1-1 ਗੋਲ ਕੀਤਾ। ਜਟਾਣਾ ਵੱਲੋਂ ਅਰਸ਼ਦੀਪ ਸਿੰਘ ਨੇ 2, ਸਾਹਿਬਜੋਤ ਸਿੰਘ ਨੇ 1 ਗੋਲ ਕੀਤਾ। ਅੱਜ ਦੇ ਤੀਸਰੇ ਸੀਨੀਅਰ ਵਰਗ ਦੇ ਮੈਚ 'ਚ ਅਜ਼ਾਦ ਕਲੱਬ ਹਠੂਰ ਨੇ ਸ਼ਹੀਦ ਊਧਮ ਸਿੰਘ ਕਲੱਬ ਸੁਨਾਮ ਨੂੰ 7-2 ਨਾਲ ਹਰਾਇਆ। ਅੱਜ ਦੇ ਮੈਚਾਂ ਦੌਰਾਨ ਪ੍ਰਿੰ. ਧਰਮ ਸਿੰਘ ਸੰਧੂ ਸਰਕਾਰੀ ਕਾਲਜ ਲੁਧਿ., ਸਰਪੰਚ ਗਿਆਨਜੀਤ ਸਿੰਘ ਗਿੰਨੀ ਕਿਲ੍ਹਾ ਰਾਏਪੁਰ, ਪਰਮਜੀਤ ਸਿੰਘ ਪੰਮਾ ਢਿੱਲੋਂ, ਉੱਘੇ ਸਮਾਜ ਸੇਵੀ ਬਰਿਜ ਭੂਸ਼ਣ ਗੋਇਲ, ਡਾ. ਦਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਟੀਮਾਂ ਨਾਲ ਜਾਣ ਪਹਿਚਾਣ ਕੀਤੀ। ਇਸ ਮੌਕੇ ਦਿਲਜੋਤ ਸਿੰਘ ਗਰੇਵਾਲ, ਦਿਲਪ੍ਰੀਤ ਸਿੰਘ ਗਰੇਵਾਲ, ਸਰਪੰਚ ਦਪਿੰਦਰ ਸਿੰਘ ਡਿੰਪੀ, ਪਰਮਜੀਤ ਸਿੰਘ ਨੀਟੂ ਪ੍ਰਧਾਨ ਜਰਖੜ ਅਕੈਡਮੀ, ਪ੍ਰੋ, ਰਜਿੰਦਰ ਸਿੰਘ ਖਾਲਸਾ ਕਾਲਜ, ਸ੍ਰੀ ਆਰ.ਕੇ ਸੱਭਰਵਾਲ, ਪਹਿਲਵਾਨ ਹਰਮੇਲ ਸਿੰਘ, ਬਾਬਾ ਰੁਲਦਾ ਸਿੰਘ, ਤੇਜਿੰਦਰ ਸਿੰਘ ਜਰਖੜ, ਸਾਹਿਬਜੀਤ ਸਿੰਘ ਸਾਬ੍ਹੀ, ਸੰਦੀਪ ਸਿੰਘ ਪੰਧੇਰ, ਰਜਿੰਦਰ ਸਿੰਘ ਜਰਖੜ, ਲਖਵੀਰ ਸਿੰਘ ਜਰਖੜ, ਬਿੱਕਰ ਸਿੰਘ ਜਰਖੜ, ਰਣਜੀਤ ਸਿੰਘ ਦੁਲੇਂਅ, ਆਦਿ ਹੋਰ ਉੱਘੀਆਂ ਸਖਸ਼ੀਅਤਾਂ ਹਾਜ਼ਰ ਸਨ। ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀਆਇਆਂ ਆਖਿਆ। ਇਸ ਮੌਕੇ ਪ੍ਰਿੰ. ਧਰਮ ਸਿੰਘ ਸੰਧੂ ਨੇ ਜਰਖੜ ਖੇਡ ਸਟੇਡੀਅਮ ਅਤੇ ਜਰਖੜ ਹਾਕੀ ਅਕੈਡਮੀ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੁੰਦਿਆਂ ਆਖਿਆ ਕਿ ਸਰਕਾਰੀ ਕਾਲਜ ਲੁਧਿਆਣਾ ਦੀ ਹਾਕੀ ਨੂੰ ਮੁੜ ਤੋਂ ਸੁਰਜੀਤ ਕੀਤਾ ਜਾਵੇਗਾ। ਇਸ ਸਬੰਧੀ ਜਰਖੜ ਹਾਕੀ ਅਕੈਡਮੀ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਸ ਮੌਕੇ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਹਾਕੀ ਫੈਸਟੀਵਲ ਦੇ ਅਗਲੇ ਗੇੜ ਦੇ ਮੈਚ 11 ਤੇ 12 ਮਈ ਨੂੰ ਕਰਾਏ ਜਾਣਗੇ।