ਜਗਰਾਉਂ ਦਸੰਬਰ 2020(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ) ਐੱਨ ਐੱਸ ਕਿਊ ਐੱਫ ਯੂਨੀਅਨ ਪੰਜਾਬ ਦਾ ਵਫ਼ਦ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਦਿੱਲੀ ਪੱਕੇ ਧਰਨੇ ਤੇ ਬੈਠੇ ਕਿਸਾਨਾਂ ਦਾ ਸਮਰਥਨ ਕਰਨ ਦੇ ਲਈ ਪਹੁੰਚਿਆ।ਇਸ ਮੌਕੇ ਸੂਬਾ ਪ੍ਰਧਾਨ ਰਾਏ ਸਾਹਿਬ ਸਿੰਘ ਸਿੱਧੂ ਨੇ ਸਟੇਜ ਤੋਂ ਭਾਸ਼ਣ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਨਵੇਂ ਖੇਤੀ ਕਾਨੂੰਨਾਂ ਨਾਲ ਸਮੁੱਚੇ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਤੋਂ ਇਲਾਵਾ ਸਮੁੱਚੇ ਕਿਰਤੀ ਵਰਗ ਤੇ ਮਾਰੂ ਅਸਰ ਪੈਣਗੇ। ਇਨ੍ਹਾਂ ਕਾਨੂੰਨਾਂ ਦੇ ਨਤੀਜਿਆਂ ਨਾਲ ਗ਼ਰੀਬੀ, ਬੇਰੁਜ਼ਗਾਰੀ, ਮਹਿੰਗਾਈ ਤੇ ਕਾਲਾ ਬਾਜ਼ਾਰੀ ਸਿਖਰਾਂ ਨੂੰ ਛੂਹੇਗੀ ਅਤੇ ਪਹਿਲਾਂ ਤੋਂ ਹੀ ਕੇਂਦਰ ਸਰਕਾਰ ਨੇ ਨੋਟਬੰਦੀ ਅਤੇ ਜੀ.ਐੱਸ.ਟੀ. ਜਿਹੇ ਗ਼ਲਤ ਫ਼ੈਸਲਿਆਂ ਦੇ ਪੈਦਾ ਕੀਤੇ ਮੰਦਵਾੜੇ ਦੇ ਝੰਬੇ ਵਪਾਰ ਤੇ ਕਾਰੋਬਾਰ ਦਾ ਧੂੰਆਂ ਨਿਕਲ ਜਾਵੇਗਾ। ਇਸ ਮੌਕੇ ਸੂਬਾ ਪ੍ਰਧਾਨ ਅਤੇ ਸੂਬਾ ਮੀਤ ਪ੍ਰਧਾਨ ਸਵਰਨਜੀਤ ਸਿੰਘ ਵਲੋਂ ਪੱਤਕਰਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਗਿਆ ਕਿ ਮੋਦੀ ਸਰਕਾਰ ਵੱਲੋਂ ਨਵੀਂਆਂ ਆਰਥਿਕ ਨੀਤੀਆਂ ਤਹਿਤ ਆਰਥਿਕ ਸੁਧਾਰਾਂ ਦੇ ਨਾਮ ਤੇ ਕੋਰੋਨਾ ਵਾਇਰਸ ਦੀ ਆੜ ਵਿੱਚ ਸਮੂਹ ਸਰਕਾਰੀ ਅਦਾਰਿਆਂ ਜਿਵੇਂ ਕਿ ਸਰਕਾਰੀ ਥਰਮਲ, ਬਿਜਲੀ ,ਪਾਣੀ, ਸਿਹਤ ਸਿੱਖਿਆ, ਟਰਾਂਸਪੋਰਟ ,ਬੀਮਾ, ਬੈਂਕਾਂ ਅਤੇ ਹਵਾਈ ਏਅਰਪਲੇਨ ਆਦਿ ਨੂੰ ਪ੍ਰਾਈਵੇਟ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਨੀਯਤ ਨਾਲ ਸਮੂਹ ਅਦਾਰਿਆਂ ਦਾ ਪੂਰਨ ਨਿੱਜੀਕਰਨ ਕੀਤਾ ਜਾ ਰਿਹਾ ਹੈ। ਸਨਅਤੀ ਵਿਕਾਸ ਦੇ ਨਾਂ ਹੇਠ ਆਦਿਵਾਸੀਆਂ, ਕਿਸਾਨਾਂ, ਖੇਤ ਮਜ਼ਦੂਰਾਂ ਦੀਆਂ ਜ਼ਮੀਨਾਂ, ਜਲ, ਜੰਗਲ, ਕੋਇਲਾ ਖਾਣਾਂ ਆਦਿ ਜਬਰੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੇ ਜਾ ਰਹੇ ਹਨ। ਪੰਜਾਬ ਦੇ ਸਮੂਹ ਕਿਸਾਨਾਂ ਅਤੇ ਖ਼ਾਸ ਕਰਕੇ ਨੌਜਵਾਨ ਵਰਗ ਨੂੰ ਗਗਨਦੀਪ ਸਿੰਘ ਜ਼ਿਲ੍ਹਾ ਸਕੱਤਰ (ਮੋਗਾ) ਨੇ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਕਿਉਂਕਿ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿਖੇ ਇਸ ਧਰਨੇ ਨੂੰ ਪੱਕਾ ਧਰਨਾ ਐਲਾਨ ਦਿੱਤਾ ਹੈ ਅਤੇ ਕਿਸਾਨ ਯੂਨੀਅਨਾਂ ਉਦੋਂ ਤੱਕ ਇਹ ਧਰਨਾ ਨਹੀਂ ਚੁੱਕਣਗੀਆਂ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ।ਇਸ ਮੌਕੇ ਸਮੂਹ ਆਗੂਆਂ ਵਲੋਂ ਟ੍ਰੈਕਟਰਾਂ ਟਰਾਲੀਆਂ ਉੱਤੇ ਰਿਫਲੈਕਟਰ ਲਗਾਉਣ ਦੀ ਸੇਵਾ ਵੀ ਕੀਤੀ ਗਈ ਅਤੇ ਅੱਗੇ ਤੋਂ ਵੀ ਕਿਸਾਨ ਯੂਨੀਅਨ ਨੂੰ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਸੂਬਾ ਪ੍ਰਧਾਨ ਰਾਇ ਸਾਹਿਬ ਸਿੰਘ ਸਿੱਧੂ, ਸੂਬਾ ਮੀਤ ਪ੍ਰਧਾਨ ਸਵਰਨਜੀਤ ਸਿੰਘ ਅਤੇ ਨਵਨੀਤ ਲੰਮਾ, ਜਿਲਾ ਪ੍ਰਧਾਨ ਫਤਿਹਗੜ੍ਹ ਸਾਹਿਬ ਜਸਵਿੰਦਰ ਸਿੰਘ, ਮੋਹਿੰਦਰ ਪਾਲ ਸਿੰਘ ਅਤੇ ਸੰਜੇ ਉੱਪਲ, ਬਲਵੰਤ ਸਿੰਘ ਬਠਿੰਡਾ, ਹਰਜੀਤ ਸਿੰਘ ਬਠਿੰਡਾ, ਨਿਤਿਨ ਭੰਡਾਰੀ ਮੀਤ ਪ੍ਰਧਾਨ ਫਤਿਹਗੜ੍ਹ ਸਾਹਿਬ, ਸੁਖਜਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਜਿਲਾ ਫਤਿਹਗੜ੍ਹ, ਗਗਨਦੀਪ ਸਿੰਘ ਬਰਨਾਲਾ, ਦਸ਼ਮੇਸ਼ ਸਿੰਘ ਮਾਨਸਾ ਅਤੇ ਹੋਰ ਅਧਿਆਪਕ ਸਾਥੀ ਹਾਜ਼ਰ ਹੋਏ।