ਜ਼ਿਲ੍ਹਾ ਲੁਧਿਆਣਾ ਵਾਸੀਆਂ ਦੇ ਸਹਿਯੋਗ ਸਦਕਾ ਕੋਰੋਨਾ ਮਹਾਂਮਾਰੀ 'ਤੇ ਪਾਇਆ ਕਾਬੂ - ਡਿਪਟੀ ਕਮਿਸ਼ਨਰ

ਕੋਰੋਨਾ ਟੈਸਟਾਂ ਦਾ ਆਂਕੜਾਂ ਹੋਇਆ 4 ਲੱਖ 85 ਹਜ਼ਾਰ ਤੋਂ ਪਾਰ

ਕੁੱਲ ਆਬਾਦੀ ਦੇ 12% ਲੋਕ ਕਰਵਾ ਚੁੱਕੇ ਹਨ ਆਪਣਾ ਕੋਵਿਡ ਟੈਸਟ

ਹੌਜ਼ਰੀ ਤੇ ਸਾਈਕਲ ਦੀ ਵੱਧੀ ਮੰਗ ਨਾਲ ਉਦਯੋਗ ਨੂੰ ਮਿਲਿਆ ਹੁਲਾਰਾ - ਵਰਿੰਦਰ ਕੁਮਾਰ ਸ਼ਰਮਾ

ਕਿਹਾ! ਉਦਯੋਗਿਕ ਇਕਾਈਆਂ ਲਈ ਹੈ ਇਹ ਸੁ਼ਭ ਸੰਕੇਤ

ਫੇਸਬੁੱਕ ਲਾਈਵ ਸੈਸ਼ਨ ਰਾਹੀਂ ਜ਼ਿਲ੍ਹਾ ਵਾਸੀਆਂ ਨਾਲ ਹੋਏ ਰੂ-ਬਰੂ

ਲੁਧਿਆਣਾ , ਦਸੰਬਰ  2020  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਲੁਧਿਆਣਾ ਦੇ ਅਧਿਕਾਰਤ ਪੇਜ 'ਤੇ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਵਸਨੀਕਾਂ ਨਾਲ ਗੱਲਬਾਤ ਕੀਤੀ।ਸਰਮਾ ਨੇ ਲਾਈਵ ਸੈਂਸ਼ਨ ਦੀ ਸ਼ੁਰੂਆਤ ਵਿੱਚ ਦੱਸਿਆ ਕਿ ਪਿਛਲੇ ਕਰੀਬ 9 ਮਹੀਨਿਆਂ ਦੌਰਾਨ ਅਸੀਂ ਬੜੇ ਹੀ ਮੁਸ਼ਕਿਲ ਦੌਰ ਵਿਚੋਂ ਗੁਜਰੇ ਹਾਂ, ਪਰ ਉਨ੍ਹਾਂ ਇਸ ਗੱਲ ਦੀ ਤਸੱਲੀ ਵੀ ਪ੍ਰਗਟਾਈ ਕਿ ਵਸਨੀਕਾਂ ਦੇ ਸਹਿਯੋਗ ਸਦਕਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿੱਢੀ ਮੁਹਿੰਮ 'ਮਿਸ਼ਨ ਫਤਿਹ' ਤਹਿਤ ਇਸ ਮਹਾਂਮਾਰੀ 'ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਲੁਧਿਆਣਾ ਵਿੱਚ 485262 ਕੋਵਿਡ ਟੈਸਟ ਹੋ ਚੁੱਕੇ ਹਨ ਜੋ ਕਿ ਕੁੱਲ ਆਬਾਦੀ ਦਾ 12 ਪ੍ਰਤੀਸ਼ਤ ਹਿੱਸਾ ਬਣਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਅਸੀਂ ਆਂਕੜਿਆਂ 'ਤੇ ਝਾਤ ਮਾਰੀਏ ਤਾਂ ਪਿਛਲੇ ਕੁਝ ਦਿਨਾਂ ਦੌਰਾਨ ਕੋਵਿਡ ਪੋਜਟਿਵ ਮਰੀਜ਼ਾਂ ਦੀ ਗਿਣਤੀ ਵਿੱਚ ਠਹਿਰਾਅ ਆਇਆ ਹੈ। ਇੱਕ ਸਮੇਂ ਪੋਜ਼ਟਿਵ ਮਰੀਜ਼ਾਂ ਦਾ ਇਹ ਰੋਜ਼ਾਨਾ ਦਾ ਆਂਕੜਾ ਜੋ 100-125 ਚੱਲ ਰਿਹਾ ਸੀ ਜੋ ਹੁਣ 70-80 ਤੇ ਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਸਨੀਕਾਂ ਵੱਲੋਂ ਵਰਤੇ ਗਏ ਅਹਿਤਿਆਤ ਸਦਕਾ ਇਨ੍ਹਾਂ ਆਂਕੜਿਆਂ ਵਿੱਚ ਗਿਰਾਵਟ ਦਰਜ਼ ਕੀਤੀ ਗਈ ਹੈ, ਜਿਸ ਤੋਂ ਹੁਣ ਜਾਪਦਾ ਹੈ ਕਿ ਇਹ ਮਹਾਂਮਾਰੀ ਹੁਣ ਢਲਾਣ ਵੱਲ ਤੁਰ ਪਈ ਹੈ।ਡਿਪਟੀ ਕਮਿਸ਼ਨਰ ਵੱਲੋਂ ਵਸਨੀਕਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਦੱਸਿਆ ਕਿ ਲੁਧਿਆਣਾ ਵਾਸੀਆਂ ਲਈ ਇੱਕ ਚੰਗੀ ਗੱਲ ਹੈ ਕਿ ਸਰਦ ਰੁੱਤ ਦੀ ਆਮਦ ਜਲਦ ਤੇ ਤਿੱਖੀ ਹੋਈ ਹੈ, ਜਿਸ ਕਾਰਨ ਹੌਜ਼ਰੀ ਦੀ ਮੰਗ ਵੱਧੀ ਹੈ। ਜ਼ਿਕਰਯੋਗ ਹੈ ਕਿ ਹੌਜ਼ਰੀ ਖੇਤਰ ਵਿੱਚ ਲੁਧਿਆਣਾ ਵਿਸ਼ਵ ਪ੍ਰਸਿੱਧ ਹੈ। ਉਨ੍ਹਾਂ ਦੱਸਿਆ ਕਿ ਇੱਕ ਉਦਯੋਗਿਕ ਸ਼ਹਿਰ ਦੀ ਨਬਜ਼ ਜਾਂ ਸਿਹਤ, ਉਤਪਾਦ ਦੀ ਮੰਗ 'ਤੇ ਹੀ ਨਿਰਭਰ ਕਰਦੀ ਹੈ। ਇਸੇ ਤਰ੍ਹਾਂ ਉਨ੍ਹਾਂ ਅੱਗੇ ਦੱਸਿਆ ਕਿ ਕੋਰੋਨਾ ਕਾਲ ਤੋਂ ਉੱਭਰ ਕੇ ਲੋਕਾਂ ਵਿੱਚ ਆਪਣੀ ਸਿਹਤ ਪ੍ਰਤੀ ਸੰਜੀਦਗੀ ਆਈ ਹੈ ਜਿਸ ਦੇ ਤਹਿਤ ਸਾਈਕਲਾਂ ਦੀ ਮੰਗ ਵਿੱਚ ਵੀ ਭਾਰੀ ਇਜਾਫਾ ਦੇਖਣ ਨੂੰ ਮਿਲ ਰਿਹਾ ਹੈ।ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਅਰਥਚਾਰੇ ਦੇ ਨਾਲ-ਨਾਲ ਆਪਣੀ ਸਿਹਤ ਦਾ ਵੀ ਧਿਆਨ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਜਲਦ ਹੀ ਇਸ ਮਹਾਂਮਾਰੀ ਦੀ ਵੈਕਸੀਨ ਆ ਰਹੀ ਹੈ ਜੋਕਿ ਸੱਭ ਤੋਂ ਪਹਿਲਾਂ ਕੋਰੋਨਾ ਵਾਰੀਅਰਜ਼ ਅਤੇ ਬਜੁ਼ਰਗਾਂ ਲਈ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਵੈਕਸੀਨ ਉਪਲੱਬਧ ਨਹੀਂ ਹੁੰਦੀ, ਓਨੀ ਦੇਰ ਮਾਸਕ, ਆਪਸੀ ਵਿੱਥ, ਹੱਥਾਂ ਦੀ ਸਫਾਈ ਨੂੰ ਆਪਣੀ ਰੋਜ਼ਮਰਾ ਜਿੰਦਗੀ ਹਿੱਸਾ ਬਣਾਇਆ ਜਾਵੇ।ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਵਸਨੀਕਾਂ ਨੂੰ ਇੱਕ ਵਾਰ ਫੇਰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਲੱਛਣ ਪਾਏ ਜਾਣ 'ਤੇ ਤੁਰੰਤ ਕੋਵਿਡ ਟੈਸਟ ਕਰਵਾਇਆ ਜਾਵੇ ਤਾਂ ਜੋ ਅਸੀਂ ਆਪਣਾ ਤੇ ਆਪਣਿਆਂ ਦਾ ਬਚਾਅ ਕਰ ਸਕੀਏ।