You are here

ਮਾਂ ਦਾ ਦੂਜਾ ਰੂਪ ਹੈ-ਮਾਸੀ ✍️ ਪੂਜਾ

ਪਿਆਰੇ-ਪਿਆਰੇ ਰਿਸ਼ਤਿਆਂ ਦੀ ਲੜੀ ਵਿੱਚ ਇੱਕ ਅਤਿ ਪਿਆਰੇ ਰਿਸ਼ਤੇ ਦਾ ਨਾਂ ਹੈ ਮਾਸੀ। ਮਾਂ ਦੀ ਵੱਡੀ ਜਾਂ ਛੋਟੀ ਭੈਣ ਨੂੰ ਮਾਸੀ ਕਹਿੰਦੇ ਹਨ। ਭੈਣ ਦੇ ਘਰ ਬੱਚੇ ਦੇ ਜਨਮ ਤੋਂ ਬਾਅਦ ਜਦੋਂ ਮਾਸੀ ਬਣਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ, ਉਹ ਬੜੇ ਸੁਖ਼ਦ ਪਲਾਂ ਦਾ ਅਹਿਸਾਸ ਹੁੰਦਾ ਹੈ।ਕਰੀਬੀ ਨਾਤਿਆਂ ਵਿਚ ਮਾਸੀ ਦਾ ਰਿਸ਼ਤਾ ਸਭ ਤੋਂ ਪਿਆਰਾ ਤੇ  ਘਰ ਵਿਚ ਸਭ ਤੋਂ ਵੱਧ ਨੇੜਤਾ ਮਾਂ ਦੀ ਹੀ ਮਾਣਦਾ ਹੈ। ਸੋ ਰਵਾਇਤੀ ਤੌਰ ‘ਤੇ ਮਾਂ ਵਾਲੇ ਰਿਸ਼ਤਿਆਂ ਜਿਵੇਂ ਨਾਨਕੇ ਤੇ ਮਸੇਰਿਆਂ ਵਿਚ ਵੀ ਮਾਂ ਜਿਹੀ ਮਮਤਾ ਅਤੇ ਅਪਣੱਤ ਮਾਨਣ ਨੂੰ ਮਿਲਦੀ ਹੈ।
ਉਰਦੂ ਫਾਰਸੀ ਵਿਚ ਮਾਸੀ ਲਈ ਅਰਬੀ ਪਿਛੋਕੜ ਵਾਲਾ ‘ਖ਼ਾਲਾ’ ਸ਼ਬਦ ਹੈ। ਇਕ ਚਹੇਤਾ ਅਖਾਣ ਹੁੰਦਾ ਸੀ ‘ਮਾਂ ਨਾ ਸੂਈ ਮਾਸੀ ਸੂਈ’ ਭਾਵ ਮਾਂ ਤੇ ਮਾਸੀ ਬਰਾਬਰ ਹੁੰਦੀਆਂ ਹਨ, ਕੀ ਹੋਇਆ ਜੇ ਤਕਲੀਫ ਵੇਲੇ ਮਾਂ ਕੋਲ ਨਹੀਂ, ਮਾਸੀ ਤਾਂ ਹੈ, ਹਰ ਮਰਜ਼ ਦੀ ਦਵਾ।
ਮਾਸੀ ਦਾ ਸਿੱਧਾ ਸਾਦਾ ਸੰਧੀ ਛੇਦ ਮਾਂ+ਸੀ ਕਰਦਿਆਂ ਇਹ ਆਮ ਹੀ ਕਿਹਾ ਜਾਂਦਾ ਹੈ ਕਿ ਮਾਸੀ ਉਹ ਹੈ ਜੋ ‘ਮਾਂ ਸੀ ਹੈ।’ ‘ਸੀ’ ਹਿੰਦੀ ਦਾ ਪਿਛੇਤਰ ਹੈ ਜਿਸ ਦੇ ਟਾਕਰੇ ਪੰਜਾਬੀ ਦਾ ਸ਼ਬਦ ਹੈ, ਜਿਹੀ। ਇਸ ਤਰ੍ਹਾਂ ਮਾਂ ਸੀ ਦਾ ਮਤਲਬ ਹੋਇਆ ਜੋ ਮਾਂ ਜਿਹੀ ਹੈ।ਜੇ ਕਿਤੇ ਮਾਸੀ ਕੁਆਰੀ ਹੋਵੇ, ਫਿਰ ਤਾਂ ਕਹਿਣੇ ਹੀ ਕੀ? ਉਹ ਆਪਣੀ ਭੈਣ ਨਾਲੋਂ ਵੀ ਜ਼ਿਆਦਾ ਉਸ ਦੇ ਬੱਚਿਆਂ ਨੂੰ ਉਡੀਕਦੀ ਰਹਿੰਦੀ ਹੈ। ਬੱਚੇ ਵੀ ਮਾਸੀ ਨੂੰ ਮਿਲਣ ਦੇ ਚਾਅ ਵਿੱਚ ਨਾਨਕੇ ਘਰ ਭੱਜੇ ਆਉਂਦੇ ਹਨ। ਮਾਸੀ ਸਾਰਾ ਦਿਨ ਉਨ੍ਹਾਂ ਨਾਲ ਹੱਸਦੀ-ਖੇਡਦੀ ਰਹਿੰਦੀ ਹੈ। ਉਨ੍ਹਾਂ ਦੀਆਂ ਮਨਪਸੰਦ ਚੀਜ਼ਾਂ ਬਣਾ-ਬਣਾ ਕੇ ਖਵਾਉਂਦੀ ਹੈ। ਜੇ ਬੱਚੇ ਜ਼ਿੱਦ ਕਰਕੇ ਕੋਈ ਚੀਜ਼ ਮੰਗਣ ਤਾਂ ਮਾਵਾਂ ਅਕਸਰ ਹੀ ਕਹਿ ਦਿੰਦੀਆਂ ਹਨ, ‘‘ਜਾਹ! ਜਾ ਕੇ ਆਪਣੀ ਮਾਸੀ ਤੋਂ ਲੈ ਆ।’’ਅੱਜ-ਕੱਲ੍ਹ ਤਾਂ ਮਾਸੀ ਦੀ ਥਾਂ ’ਤੇ ਬਹੁਤੇ ਬੱਚੇ ‘ਅੰਟੀ’ ਕਹਿ ਕੇ ਬੁਲਾਉਣ ਲੱਗ ਪਏ ਹਨ, ਜੋ ਚੰਗਾ ਨਹੀਂ ਲੱਗਦਾ ਕਿਉਂਕਿ ਅੰਟੀ ਸ਼ਬਦ ਤਾਂ ਓਪਰਿਆਂ ਲਈ ਵਰਤਿਆ ਜਾਂਦਾ ਹੈ। ਮਾਸੀ ਕਹਿਣ ਨਾਲ ਤਾਂ ਮੂੰਹ ਮਿਠਾਸ ਨਾਲ ਭਰ ਜਾਂਦਾ ਹੈ ਤੇ ਆਪਣੇਪਣ ਦਾ ਅਹਿਸਾਸ ਹੁੰਦਾ ਹੈ।
ਅੱਜ ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਮਾਸੀ ਜਿਹਾ ਪਿਆਰਾ ਤੇ ਮੋਹ ਨਾਲ ਭਿੱਜਿਆ ਰਿਸ਼ਤਾ ਦਿਨ ਪ੍ਰਤੀ ਦਿਨ ਘਟਦਾ ਜਾ ਰਿਹਾ ਹੈ ਕਿਉਂਕਿ ਅੱਜ ਦੋ ਭੈਣਾਂ ਤਾਂ ਦੂਰ ਦੀ ਗੱਲ, ਇੱਕ ਕੁੜੀ ਨੂੰ ਵੀ ਦੁਨੀਆਂ ਦਿਖਾਉਣ ਲਈ ਸੌ ਵਾਰ ਸੋਚਿਆ ਜਾਂਦਾ ਹੈ। ਜੇ ਇਸੇ ਤਰ੍ਹਾਂ ਇਨ੍ਹਾਂ ਧੀਆਂ-ਧਿਆਣੀਆਂ ਨੂੰ ਕੁੱਖ ਵਿੱਚ ਕਤਲ ਕਰਵਾਇਆ ਜਾਂਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਬੱਚੇ- ਬੱਚੀਆਂ ‘ਮਾਸੀ’ ਕਹਿਣ-ਸੁਣਨ ਨੂੰ ਵੀ ਤਰਸ ਜਾਣਗੇ।ਸੋ ਆਓ! ਇਸ ਮੋਹ ਭਰੇ, ਖੰਡ ਨਾਲੋਂ ਮਿੱਠੇ ਰਿਸ਼ਤੇ ਨੂੰ ਬਰਕਰਾਰ ਰੱਖਣ ਲਈ ਅਸੀਂ ਸਾਰੇ ਭਰੂਣ ਹੱਤਿਆ ਵਰਗੀ ਬੀਮਾਰੀ ਨੂੰ ਜੜੋ੍ ਪੁੱਟਣ ਲਈ ਕਦਮ ਚੁੱਕੀਏ। ਮੁੰਡੇ ਤੇ ਕੁੜੀ ਵਿੱਚ ਸਮਝੇ ਜਾਂਦੇ ਫ਼ਰਕ ਨੂੰ ਦਿਲਾਂ ਵਿੱਚੋਂ ਮਿਟਾ ਦੇਈਏ ਤਾਂ ਹੀ ਤਾਂ ਅਸੀਂ ਮਾਸੀ ਦੇ ਮੋਹ-ਪਿਆਰ ਦਾ ਆਨੰਦ ਮਾਣ ਸਕਾਂਗੇ।
ਪੂਜਾ 9815591967