You are here

32 ਏਕੜ ਜੈਨਪੁਰ ਸਪੋਰਟਸ ਪਾਰਕ ਦੀ ਉਸਾਰੀ ਸਬੰਧੀ ਟੈਂਡਰ ਜਨਵਰੀ 2021 ਤੱਕ ਕਰ ਦਿੱਤੇ ਜਾਣਗੇ ਜਾਰੀ - ਭਾਰਤ ਭੂਸ਼ਣ ਆਸ਼ੂ

ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਮਾਹਰ ਅਗਲੇ ਦੋ ਹਫ਼ਤਿਆਂ 'ਚ ਇਸ ਪ੍ਰਾਜੈਕਟ ਦਾ ਸੌਂਪ ਦੇਣਗੇ ਬਿਲਡਿੰਗ ਡਿਜ਼ਾਇਨ

ਲੁਧਿਆਣਾ ,  ਨਵੰਬਰ 2020-( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਵਸਨੀਕਾਂ ਨੂੰ ਭਰੋਸਾ ਦਿੱਤਾ ਕਿ 32 ਏਕੜ ਜੈਨਪੁਰ ਸਪੋਰਟਸ ਪਾਰਕ ਦੀ ਉਸਾਰੀ ਸਬੰਧੀ ਟੈਂਡਰ ਜਨਵਰੀ 2021 ਤੱਕ ਜਾਰੀ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਏਈਕੌਮ ਦੇ ਮਾਹਰਾਂ ਦੀ ਟੀਮ ਨੂੰ ਕਿਹਾ ਗਿਆ ਹੈ ਕਿ ਇਸ ਮੈਗਾ ਸਪੋਰਟਸ ਪ੍ਰੋਜੈਕਟ ਦਾ ਵਿਸਤ੍ਰਿਤ ਡਿਜ਼ਾਇਨ ਤਿਆਰ ਕਰਨ, ਜਦਕਿ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਮਾਹਰ ਅਗਲੇ ਦੋ ਹਫ਼ਤਿਆਂ ਦੇ ਅੰਦਰ ਇਸ ਪ੍ਰਾਜੈਕਟ ਦਾ ਬਿਲਡਿੰਗ ਡਿਜ਼ਾਇਨ ਸੌਂਪ ਦੇਣਗੇ।ਅੱਜ ਸਥਾਨਕ ਮੇਅਰ ਕੈਂਪ ਦਫ਼ਤਰ ਵਿਖੇ ਇਸ ਪ੍ਰਾਜੈਕਟ ਦੇ ਨਾਲ-ਨਾਲ ਸਾਰੀਆਂ ਮੌਜੂਦਾ ਖੇਡ ਸਹੂਲਤਾਂ ਦੇ ਨਵੀਨੀਕਰਨ ਨਾਲ ਸਬੰਧਤ ਪ੍ਰਾਜੈਕਟਾਂ ਸਬੰਧੀ ਇੱਕ ਸਮੀਖਿਆ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਨਿਗਮ ਕੌਂਸਲਰ ਸ੍ਰੀ ਸੰਨੀ ਭੱਲਾ ਸਮੇਤ ਲੁਧਿਆਣਾ ਦੇ ਪ੍ਰਮੁੱਖ ਖਿਡਾਰੀ ਅਤੇ ਸਾਰੀਆਂ ਖੇਡ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।ਜਿਕਰਯੋਗ ਹੈ ਕਿ ਪਿੰਡ ਜੈਨਪੁਰ ਵਿਖੇ 32 ਏਕੜ ਰਕਬੇ ਵਿਚ ਇਕ ਸਪੋਰਟਸ ਪਾਰਕ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਥੇ ਇਕ ਸਮੇਂ ਕੂੜੇ ਦਾ ਡੰਪ ਹੁੰਦਾ ਸੀ।ਭਾਰਤ ਭੂਸ਼ਣ ਆਸ਼ੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਪੋਰਟਸ ਪਾਰਕ ਵਿੱਚ ਕ੍ਰਿਕਟ, ਫੁੱਟਬਾਲ, ਹਾਕੀ, ਲਾਨ ਟੈਨਿਸ, ਸਵੀਮਿੰਗ ਪੂਲ, ਤੀਰਅੰਦਾਜ਼ੀ ਗਰਾਉਂਡ, 50 ਮੀਟਰ ਇਨਡੋਰ ਸ਼ੂਟਿੰਗ ਰੇਂਜ, ਵਾਲੀਬਾਲ, ਬੈਡਮਿੰਟਨ ਅਤੇ ਟੇਬਲ ਟੈਨਿਸ ਕੋਰਟਸ ਆਦਿ ਦੇ ਨਾਲ 3.5 ਕਿਲੋਮੀਟਰ ਲੰਬਾ ਅਤੇ 15 ਫੁੱਟ ਚੌੜਾ ਸਾਈਕਲਿੰਗ ਦੇ ਨਾਲ-ਨਾਲ ਇਕ ਪੈਦਲ ਚੱਲਣ ਲਈ ਟਰੈਕ ਵੀ ਹੋਵੇਗਾ। ਇਸ ਤੋਂ ਇਲਾਵਾ, ਇਸ ਸਪੋਰਟਸ ਪਾਰਕ ਵਿਚ ਖਿਡਾਰੀਆਂ ਲਈ ਇਕ ਰਿਫਰੈਸ਼ਮੈਂਟ ਲਾਂਜ ਦੇ ਨਾਲ ਕਲੱਬ ਖੇਤਰ, ਬੱਚਿਆਂ ਦਾ ਜ਼ੋਨ, ਯੋਗਾ ਜ਼ੋਨ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਅਧੀਨ ਆ ਰਿਹਾ ਹੈ ਅਤੇ ਕੂੜਾ ਡੰਪ ਵਾਲੀ ਜਗ੍ਹਾ ਨੂੰ ਸਪੋਰਟਸ ਪਾਰਕ ਬਣਾ ਕੇ ਸਰਬੋਤਮ ਵਰਤੋਂ ਲਈ ਤਿਆਰ ਕੀਤਾ ਜਾਵੇਗਾ।ਇਸ ਤੋਂ ਇਲਾਵਾ, ਰੱਖ ਬਾਗ ਨੇੜੇ ਇਕ ਨਵਾਂ ਟੇਬਲ ਟੈਨਿਸ ਕੋਰਟ ਵੀ ਬਣਾਇਆ ਜਾ ਰਿਹਾ ਹੈ, ਜਿਸਦਾ ਖਾਕਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ, ਲੁਧਿਆਣਾ ਬਾਸਕਿਟਬਾਲ ਅਕੈਡਮੀ ਵਿਖੇ ਦੋ ਇੰਡੋਰ ਓਪਨ ਬਾਸਕਿਟਬਾਲ ਕੋਰਟ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਡੀ.ਪੀ.ਆਰ. ਪਹਿਲਾਂ ਹੀ ਤਿਆਰ ਹੋ ਚੁੱਕੀ ਹੈ ਅਤੇ ਜਲਦ ਹੀ ਕੰਮ ਸ਼ੁਰੂ ਹੋਣ ਦੀ ਉਮੀਦ ਹੈ।ਉਨ੍ਹਾਂ ਅੱਗੇ ਕਿਹਾ ਕਿ ਉਹ ਸ਼ਹਿਰ ਦੀਆਂ ਸਾਰੀਆਂ ਮੌਜੂਦਾ ਖੇਡ ਸਹੂਲਤਾਂ ਨੂੰ ਅਪਗ੍ਰੇਡ ਕਰਨ ਲਈ ਵਚਨਬੱਧ ਹਨ ਜਿਨ੍ਹਾਂ ਪ੍ਰਾਜੈਕਟਾਂ ਵਿਚ ਗੁਰੂ ਨਾਨਕ ਸਟੇਡੀਅਮ ਵਿਖੇ ਨਵਾਂ ਐਥਲੈਟਿਕਸ ਸਿੰਥੈਟਿਕ ਟਰੈਕ, ਇਨਡੋਰ ਸਵੀਮਿੰਗ ਪੂਲ, ਸ਼ਾਸਤਰੀ ਹਾਲ ਦਾ ਨਵੀਨੀਕਰਨ, ਐਸਟ੍ਰੋਟਰਫ ਦਾ ਨਵੀਨੀਕਰਨ ਅਤੇ ਪੀਏਯੂ ਵਿਖੇ ਇਕ ਵੇਲਡਰੋਮ (ਸਾਈਕਲਿੰਗ ਟਰੈਕ) ਸ਼ਾਮਲ ਹਨ।ਜੈਨਪੁਰ ਸਪੋਰਟਸ ਪਾਰਕ ਲਈ ਯੋਗਦਾਨ ਪਾਉਣ ਵਾਲੇ ਸਾਰੇ ਭਾਗੀਦਾਰਾਂ ਦੀ ਸ਼ਨੀਵਾਰ ਮੀਟਿੰਗ ਤੈਅ ਕੀਤੀ ਗਈ ਹੈ ਜਿਸ ਵਿੱਚ ਵਿੱਚ ਖੇਡ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ ਲੁਧਿਆਣਾ ਦੇ ਸਾਰੇ ਪ੍ਰਮੁੱਖ ਖਿਡਾਰੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਵਿਚਾਰ ਵਟਾਂਦਰੇ ਕੀਤੇ ਜਾਣਗੇ, ਤਾਂ ਜੋ ਖਿਡਾਰੀ ਆਪਣੇ ਮਹੱਤਵਪੂਰਣ ਸੁਝਾਅ ਦੇ ਸਕਣ ਅਤੇ ਇਹ ਉੱਤਰ ਭਾਰਤ ਦਾ ਸਰਬੋਤਮ ਸਪੋਰਟਸ ਪਾਰਕ ਬਣ ਸਕੇ।

ਉਨ੍ਹਾਂ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਪ੍ਰਾਜੈਕਟ ਪਹਿਲ ਦੇ ਅਧਾਰ ਤੇ ਅਤੇ ਨਿਰਧਾਰਤ ਸਮੇਂ ਸੀਮਾ ਦੇ ਅੰਦਰ ਮੁਕੰਮਲ ਕੀਤੇ ਜਾਣਗੇ।