ਲੁਧਿਆਣਾ , ਨਵੰਬਰ 2020-( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-
ਉਪ-ਮੰਡਲ ਮੈਜਿਸਟ੍ਰੇਟ ਲੁਧਿਆਣਾ(ਪੂਰਬੀ) ਡਾ.ਬਲਜਿੰਦਰ ਸਿੰਘ ਢਿੱਲੋਂ ਵੱਲੋਂ ਅੱਜ ਸਥਾਨਕ ਮੋਹਨਦੇਈ ਓਸਵਾਲ ਹਸਪਤਾਲ(ਐਮ.ਓ.ਐਚ.) ਤੋਂ ਬਾਈਕ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ 10 ਕਿਲੋਮੀਟਰ ਬਾਈਕ ਰੈਲੀ ਵਿੱਚ ਐਮ.ਓ.ਐਚ. ਦੀਆਂ 12 ਮਹਿਲਾ ਸਟਾਫ ਮੈਂਬਰਾਂ ਸਮੇਤ ਐਮਓਐਚ ਦੇ ਕੁੱਲ 45 ਬਾਈਕ ਸਵਾਰਾਂ ਨੇ ਹਿੱਸਾ ਲਿਆ।ਇਹ ਰੈਲੀ ਰਸਤੇ ਵਿੱਚ 4 ਥਾਵਾਂ ਤੇ ਰੁਕੀ ਅਤੇ ਲੋਕਾਂ ਨੂੰ ਮਾਸਕ ਪਹਿਨਣ, ਹੱਥ ਧੋਣ ਅਤੇ 6 ਫੁੱਟ ਦੀ ਦੂਰੀ ਨੂੰ ਕਾਇਮ ਰੱਖਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ, ਤਾਂ ਜੋ ਲੋਕਾਂ ਨੂੰ ਕੋਰੋਨਾ ਦੀ ਲਾਗ ਲੱਗਣ ਤੋ ਬਚਾਇਆ ਜਾ ਸਕੇ। ਇਸ ਰੈਲੀ ਦੀ ਅਗਵਾਈ ਡਾ: ਗੀਤੀ ਪੁਰੀ, ਡਾ: ਪ੍ਰਦੀਪ ਕਪੂਰ ਅਤੇ ਡਾ: ਹਰਦੀਪ ਸਿੰਘ ਨੇ ਕੀਤੀ ਅਤੇ ਇਹ ਰੈਲੀ ਸ਼ੇਰਪੁਰ ਚੌਕ, ਗਿਆਸਪੁਰਾ, ਸਮਰਾਲਾ ਚੌਕ, ਮੋਤੀ ਨਗਰ ਹੁੰਦਿਆਂ ਵਾਪਿਸ ਐਮ.ਓ.ਐਚ.ਆਈ।ਇਸ ਮੌਕੇ ਡਾ: ਬਲਜਿੰਦਰ ਸਿੰਘ ਢਿੱਲੋਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਾਰੀ ਕੋਵਿਡ-19 ਸਬੰਧੀ ਹਦਾਇਤਾਂ ਦੀ ਪਾਲਣਾ ਕਰਦਿਆਂ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਹੱਥਾਂ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਮੋਹਨਦਈ ਓਸਵਾਲ ਹਸਪਤਾਲ ਦੇ ਕੋਵਿਡ-19 ਦੇ ਬਚਾਅ ਸਬੰਧੀ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਕੋਵਿਡ-19 ਦੀ ਦੂਜੀ ਲਹਿਰ ਬਾਰੇ ਜਾਗਰੂਕਤਾ ਫੈਲਾਉਣ ਲਈ ਯਤਨਸ਼ੀਲ ਹੈ ਅਤੇ ਉਨ੍ਹਾਂ ਨੂੰ ਕੋਵਿਡ ਵਿਰੁੱਧ ਲੜਨ ਲਈ ਪੂਰਨ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਹਾਲਾਂਕਿ ਹਰ ਕੋਈ ਸਾਵਧਾਨੀ ਦੇ ਉਪਾਵਾਂ ਬਾਰੇ ਜਾਣਦਾ ਹੈ ਪਰ ਫਿਰ ਵੀ ਪੂਰੀ ਆਬਾਦੀ ਇਨ੍ਹਾਂ ਦਾ ਪਾਲਣ ਨਹੀਂ ਕਰ ਰਹੀ ਹੈ ਅਤੇ ਇਹ ਬਿਮਾਰੀ ਫੈਲਣ ਦਾ ਕਾਰਨ ਹੈ।ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਐਮ.ਓ.ਐਚ. ਦੇ ਸੀ.ਈ.ਓ. ਡਾ.ਸੰਜੀਵ ਕੇ ਉੱਪਲ ਨੇ ਕਿਹਾ ਕਿ ਮਾਸਕ ਹੀ ਵੈਕਸੀਨ ਹੈ ਜਦੋਂ ਤੱਕ ਵੈਕਸੀਨ ਨਹੀਂ ਆਉਂਦੀ। ਉਨ੍ਹਾਂ ਲੋਕਾਂ ਨੂੰ ਬਿਮਾਰੀ ਦੇ ਸੰਭਾਵਿਤ ਫੈਲਣ ਬਾਰੇ ਸੁਚੇਤ ਕਰਦਿਆਂ ਕਿਹਾ ਕਿ ਇਸ ਬਿਮਾਰੀ ਦਾ ਇਲਾਜ਼ ਆਸਾਨ ਨਹੀਂ ਹੈ, ਮਰੀਜ਼ ਨੂੰ ਬਹੁਤ ਸਾਰਾ ਪੈਸਾ ਖਰਚ ਕਰਨਾ ਪੈਂਦਾ ਹੈ ਅਤੇ ਦੇਰੀ ਨਾਲ ਹੋਣ ਵਾਲੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿਰਫ 5 ਰੁਪਏ ਦਾ ਮਾਸਕ ਪਾ ਕੇ ਇਸ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ।ਚੇਅਰਮੈਨ ਜਵਾਹਰ ਲਾਲ ਓਸਵਾਲ ਵੱਲੋਂ ਇਸ ਪ੍ਰੋਜੈਕਟ ਲਈ ਆਪਣੀਆਂ ਸ਼ੁੱਭਕਾਮਨਾਵਾਂ ਪ੍ਰਗਟਾਈਆਂ ਅਤੇ ਐਮ.ਓ.ਐਚ. ਵੱਲੋਂ ਕੋਵਿਡ ਪੋਜ਼ਟਿਵ ਮਰੀਜ਼ਾਂ ਦੇ ਇਲਾਜ਼ ਲਈ ਹਰ ਸੰਭਵ ਸਿਹਤ ਸਹੂਲਤਾਂ ਮੁਹੱਈਆਂ ਕਰਵਾਉਣ ਦਾ ਭਰੋਸਾ ਦਿੱਤਾ।ਐਮਓਐਚ ਦੇ ਮੁੱਖ ਸੰਚਾਲਕ ਯੋਗੇਂਦਰ ਅਵਧਿਆ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਸਬੰਧੀ ਸਾਰੀਆਂ ਸਾਵਧਾਨੀ ਵਰਤਣ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਲੋਕਾਂ ਵੱਲੋਂ ਮਾਸਕ ਪਹਿਨਣ ਦੀ ਇਹ ਛੋਟੀ ਜਿਹੀ ਕੋਸ਼ਿਸ਼ ਹੈ ਜੋ ਸ਼ਹਿਰ ਨੂੰ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਾ ਸਕਦੀ ਹੈ।ਇਸ ਮੌਕੇ ਡਾ: ਬਲਜਿੰਦਰ ਸਿੰਘ ਢਿੱਲੋਂ ਵੱਲੋਂ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਮਾਸਕ ਜਾਰੀ ਕੀਤਾ ਗਿਆ। ਬਾਈਕ ਚਾਲਕਾਂ ਦੀ ਟੀਮ ਵੱਲੋ ਚਾਰ ਵੱਖ-ਵੱਖ ਥਾਂਵਾਂ 'ਤੇ ਰੁੱਕ ਕੇ 500 ਮਾਸਕ ਮੁਫਤ ਵੰਡੇ। ਟੀਮ ਵੱਲੋਂ ਆਮ ਲੋਕਾਂ ਦੇ ਨਾਲ ਰਸਤੇ ਵਿਚ ਛੋਟੀਆਂ ਮੀਟਿੰਗਾਂ ਵੀ ਕੀਤੀਆਂ ਅਤੇ ਕੋਵਿਡ ਦੀ ਰੋਕਥਾਮ ਅਤੇ ਇਲਾਜ ਬਾਰੇ ਉਨ੍ਹਾਂ ਦੇ ਸਵਾਲਾਂ ਦੇ ਜੁਆਬ ਵੀ ਦਿੱਤ।