You are here

ਜਿਲ੍ਹਾ ਕਚਹਿਰੀਆਂ ਲੁਧਿਆਣਾ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੇ ਅੱਜ ਹੋਰ ਕਰਵਾਏ ਕੋਵਿਡ-19 ਟੈਸਟ

ਸੈਂਪਲਾਂ ਦੇ ਨਤੀਜੇ ਸਬੰਧਤ ਕਰਮਚਾਰੀ ਦੇ ਮੋਬਾਇਲ ਤੇ ਸਿੱਧੇ ਤੌਰ ਵੀ ਭੇਜੇ ਜਾਣਗੇ - ਸਕੱਤਰ
ਲੋਕ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਕਰਨ ਪਾਲਣਾ - ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ
ਲੁਧਿਆਣਾ ,  ਨਵੰਬਰ 2020-( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)- 

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਦੇ ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਗੁਰਬੀਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਜਿਲ੍ਹਾ ਕਚਹਿਰੀਆਂ ਲੁਧਿਆਣਾ ਵਿੱਚ ਕੰਮ ਕਰਦੇ ਕਰਮਚਾਰੀਆਂ ਦੇ ਕੋਵਿਡ-19 ਦੇ ਟੈਸਟ ਕਰਵਾਏ ਜਾ ਰਹੇ ਹਨ ਜਿਸਦੇ ਤਹਿਤ ਸਿਵਲ ਸਰਜਨ ਲੁਧਿਆਣਾ ਵੱਲੋਂ ਭੇਜੀਆਂ ਗਈਆਂ ਡਾਕਟਰਾਂ ਦੀਆਂ ਦੋ ਟੀਮਾਂ ਵੱਲੋਂ ਸੈਂਪਲ ਲਏ ਗਏ।
ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਮੈਡਮ ਪ੍ਰੀਤੀ ਸੁਖੀਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਕਟਰਾਂ ਦੀ ਪਹਿਲੀ ਟੀਮ (ਮੋਬਾਇਲ ਟੀਮ ਨੰ:4) ਵਿੱਚ ਡੈਟਿਸਟ ਡਾ.ਭਗਵੰਤ, ਰੂਰਲ ਫਾਰਮੈਸੀ ਅਫ਼ਸਰ ਮਿਸ ਨਵਜੋਤ ਕੌਰ ਅਤੇ ਕਮਿਊਨਿਟੀ ਹੈਲਥ ਅਫ਼ਸਰ ਤਰਵਿੰਦਰ ਸਿੰਘ ਅਤੇ ਦੂਸਰੀ ਟੀਮ ਵਿੱਚ ਏ.ਐਮ.ਓ. ਡਾ.ਰਮਨਦੀਪ, ਮੈਡੀਕਲ ਅਫਸਰ(ਡੈਂਟਲ) ਡਾ.ਪੂਜਾ, ਰੂਰਲ ਫਾਰਮੈਸੀ ਅਫ਼ਸਰ ਸੰਦੀਪ ਸਿੰਘ, ਅਰਬਨ ਫਾਰਮੈਸੀ ਅਫ਼ਸਰ ਸੰਦੀਪ ਸਿੰਘ, ਏ.ਐਨ.ਐਮ. ਮਿਸ ਰਮਨਦੀਪ ਕੌਰ ਅਤੇ ਸੁਖਵੀਰ ਕੌਰ ਵੱਲੋਂ ਜਿਲ੍ਹਾ ਕਚਹਿਰੀਆਂ ਲੁਧਿਆਣਾ ਵਿਖੇ ਵੱਖ-ਵੱਖ ਨਿਆਂਇਕ ਅਦਾਲਤਾਂ ਵਿੱਚ ਕੰਮ ਕਰ ਰਹੇ 200 ਵੱਖ-ਵੱਖ ਕਰਮਚਾਰੀਆਂ ਦੇ ਕੋਵਿਡ-19 ਦੇ ਟੈਸਟ ਲਈ ਸੈਂਪਲ ਲਏ ਗਏ।ਸਕੱਤਰ ਨੇ ਦੱਸਿਆ ਕਿ ਡਾਕਟਰਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਸੈਂਪਲਾਂ ਦੇ ਨਤੀਜੇ ਸਬੰਧਤ ਕਰਮਚਾਰੀ ਦੇ ਮੋਬਾਇਲ ਤੇ ਸਿੱਧੇ ਤੌਰ ਵੀ ਭੇਜੇ ਜਾਣਗੇ ਅਤੇ ਨਤੀਜਿਆਂ ਦੀਆਂ ਫਿਜੀਕਲ ਰਿਪੋਰਟਾਂ ਵੀ 3-4 ਦਿਨਾਂ ਵਿੱਚ ਸਬੰਧਤ ਕਰਮਚਾਰੀਆਂ ਦੇ ਸਪੁਰਦ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਦੇ ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਗੁਰਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਕਚਹਿਰੀਆਂ ਲੁਧਿਆਣਾ ਵਿੱਚ ਵੱਖ-ਵੱਖ ਨਿਆਂਇਕ ਅਦਾਲਤਾਂ ਵਿੱਚ ਤੈਨਾਤ ਸਾਰੇ ਕਰਮਚਾਰੀਆਂ ਦੇ ਕੋਵਿਡ-19 ਦੇ ਟੈਸਟ ਕਰਵਾਏ ਜਾਣੇ ਹਨ ਤਾਂ ਜੋ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਅਤੇ ਕਰਮਚਾਰੀਆਂ ਦੇ ਨਾਲ-ਨਾਲ ਸਮੂਹ ਨਿਆਂਇਕ ਅਧਿਕਾਰੀ ਸਾਹਿਬਾਨ ਨੂੰ ਇਸ ਮਹਾਂਮਾਰੀ ਤੋਂ ਸੁਰੱਖਿਅਤ ਰੱਖਿਆ ਜਾ ਸਕੇ।ਇਸ ਮੌਕੇ ਮਾਨਯੋਗ ਸੈਸ਼ਨ ਜੱਜ ਸਾਹਿਬ ਵੱਲੋਂ ਸਮੂਹ ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮਹਾਂਮਾਰੀ ਤੋਂ ਆਪਣਾ ਬਚਾਅ ਰੱਖਣ ਅਤੇ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣ ਕਰਨ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਇੱਕ ਦੂਜੇ ਨਾਲ ਹੱਥ ਮਿਲਾਉਣ ਤੋਂ ਗੁਰੇਜ਼ ਕਰਨ ਦੇ ਨਾਲ-ਨਾਲ ਮਾਸਕ ਪਾਉਣਾ ਅਤੇ ਸਮਾਜਿਕ ਦੂਰੀ ਕਾਇਮ ਰੱਖਣਾ ਯਕੀਨੀ ਬਣਾਉਣ ।