ਐਸ.ਸੀ.ਡੀ ਸਰਕਾਰੀ ਕਾਲਜ ਲੜਕੇ ਤੇ ਲੜਕੀਆਂ ਵਿਖੇ ਰਾਜ ਪੱਧਰੀ ਸੈਮੀਨਾਰ ਆਯੋਜਿਤ

ਨੌਜਵਾਨ ਸੂਬਾ ਸਰਕਾਰ ਵੱਲੋਂ ਜਾਰੀ ਵੱਖ-ਵੱਖ ਸਕੀਮਾਂ ਦਾ ਲੈਣ ਲਾਹਾ - ਚੇਅਰਮੈਨ ਸੁਖਬਿੰਦਰ ਸਿੰਘ ਬਿੰਦਰਾ
ਪੰਜਾਬ ਸਰਕਾਰ ਨੌਜਵਾਨਾਂ ਦੇ ਵਿਕਾਸ ਲਈ ਹੈ ਵਚਨਬੱਧ
ਲੁਧਿਆਣਾ ,  ਨਵੰਬਰ 2020-( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)- 

ਨੌਜਵਾਨਾਂ ਲਈ ਅਵਸਰ ਅਤੇ ਲਾਭਕਾਰੀ ਸਕੀਮਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਐਸ.ਸੀ.ਡੀ ਸਰਕਾਰੀ ਕਾਲਜ ਅਤੇ ਸਰਕਾਰੀ ਕਾਲਜ ਲੜਕੀਆਂ ਵਿਖੇ ਰਾਜ ਪੱਧਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸੈਮੀਨਾਰ ਮੌਕੇ ਚੇਅਰਮੈਨ ਸੁਖਬਿੰਦਰ ਸਿੰਘ ਬਿੰਦਰਾ ਦੇ ਨਾਲ ਐਸ.ਸੀ.ਡੀ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਡਾ. ਧਰਮ ਸਿੰਘ ਸੰਘੂ, ਨਿਤਿਨ ਟੰਡਨ ਤੇ ਸ੍ਰੀ ਡਿੰਪਲਾ ਰਾਣਾ ਵੀ ਮੌਜੂਦ ਸਨ।
ਬਿੰਦਰਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਸੈਮੀਨਾਰ ਦਾ ਉਦੇਸ਼ ਨੌਜਵਾਨਾਂ ਵਿੱਚ ਸਰਕਾਰ ਦੀਆਂ ਨੀਤੀਆਂ, ਯੋਜਨਾਵਾਂ ਅਤੇ ਪ੍ਰੋਗਰਾਮਾਂ ਬਾਰੇ ਜਾਗਰੂਕਤਾ ਕਰਨਾ ਤਾਂ ਜੋ ਨੌਜਵਾਨਾਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਉਨ੍ਹਾਂ ਦੇ ਹੱਲ ਲਈ ਯਤਨ ਕੀਤੇ ਜਾ ਸਕਣ।
ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਯੁਵਕ ਸੇਵਾਵਾਂ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਜਿਵੇਂ ਕਿ ਐਨ.ਐਸ.ਐਸ ਕੈਂਪ, ਹਾਈਕਿੰਗ ਟ੍ਰੈਕਿੰਗ ਕੈਂਪ, ਰੈਡ ਰਿਬਨ ਕਲੱਬਾਂ ਵਿੱਚ ਸ਼ਾਮਲ ਹੋਣਾ, ਯੂਥ ਕਲੱਬਾਂ ਵਿੱਚ ਸ਼ਾਮਲ ਹੋਣਾ ਅਤੇ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਘਰ-ਘਰ ਰੁਜ਼ਗਾਰ ਸਕੀਮ ਬਾਰੇ ਵੀ ਜਾਣੂੰ ਕਰਵਾਇਆ। ਸ੍ਰੀ ਬਿੰਦਰਾ ਨੇ ਕਿਹਾ ਪੰਜਾਬ ਯੁਵਾ ਵਿਕਾਸ ਬੋਰਡ ਦੀ ਸਮੁੱਚੀ ਟੀਮ ਯਤਨਸ਼ੀਲ ਹੈ ਤਾਂ ਜੋ ਭਵਿੱਖ ਵਿੱਚ ਵੀ ਨੌਜਵਾਨਾਂ ਨੂੰ ਕਿਸੇ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਏ।ਮੁੱਖ ਮਹਿਮਾਨ ਬਿੰਦਰਾ ਨੇ ਕਿਹਾ ਕਿ ਪੰਜਾਬ ਯੁਵਾ ਵਿਕਾਸ ਬੋਰਡ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਧੀਨ ਗਠਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਯੁਵਾ ਵਿਕਾਸ ਬੋਰਡ ਮਿਸ਼ਨ ਫਤਿਹ ਤਹਿਤ ਆਪਣੀ ਵੱਡਮੁਲੀਆਂ ਸੇਵਾਵਾਂ ਦੇਣ ਵਾਲੇ ਦਿੱਗਜਾਂ ਦਾ ਸਨਮਾਨ ਵੀ ਕਰ ਰਿਹਾ ਹੈ।