ਰੂਪਨਗਰ ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-
ਰਾਜ ਵਿੱਚ ਕਿਸੇ ਨੂੰ ਵੀ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ । ਪੰਜਾਬ ਸਰਕਾਰ ਕਰਫਿਊ ਦੌਰਾਨ ਸਾਰਿਆ ਨੂੰ ਆਟਾ, ਦਾਲ ਅਤੇ ਰਾਸ਼ਨ ਘਰਾਂ ਤੱਕ ਪਹੁੰਚਾਉਣ ਦੇ ਲਈ ਵੱਚਨਬੱਧ ਹੈ। ਤਕਨਿਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਰੁਜ਼ਗਾਰ ਉੱਤਪਤੀ ਤੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੱਤਰਕਾਰਾਂ ਨਾਲ ਵਾਰਤਾ ਦੌਰਾਨ ਇਹ ਜਾਣਕਾਰੀ ਦਿੱਤੀ।
ਇਸ ਮੌਕੇ ਉਨ੍ਹਾਂ ਦੇ ਨਾਲ ਵਧਾਇਕ ਸ਼੍ਰੀ ਅਮਰਜੀਤ ਸਿੰਘ ਸੰਦੋਆ ਅਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਚੌਕਸ ਹੈ ਅਤੇ ਪ੍ਰਸ਼ਾਸ਼ਨ ਦਿਨ ਰਾਤ ਲੋਕਾਂ ਨੂੰ ਘਰਾਂ ਵਿੱਚ ਸਹੂਲਤਾਂ ਮੁਹੱਈਆ ਕਰਾਉਣ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਮਾਰਟ ਕਾਰਡ ਧਾਰਕਾਂ ਨੂੰ 30 ਕਿਲੋ ਆਟਾ ਅਤੇ ਦਾਲ ਘਰਾਂ ਵਿੱਚ ਮੁਹੱਈਆ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਜਿਹੜੇ ਲੋਕ ਦਾ ਨਾਂ ਨੀਲੇ ਕਾਰਡ ਵਿੱਚ ਦਰਜ ਨਹੀਂ ਹੈ ਅਤੇ ਜਿਹੜੇ ਝੁੱਗੀਆਂ- ਝੋਪੜੀਆਂ ਵਿੱਚ ਰਹਿੰਦੇ ਹਨ ਅਤੇ ਦਿਹਾੜੀਦਾਰ ਹਨ। ਉਨ੍ਹਾਂ ਨੂੰ 10 ਕਿਲੋ ਆਟਾ, 2 ਕਿਲੋ ਦਾਲ ਅਤੇ 2 ਕਿਲੋ ਖੰਡ ਦੇ ਪੈਕਟ ਬਣਾ ਕੇ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਨੀਲੇ ਕਾਰਡ ਵਾਲਿਆਂ ਨੂੰ 05 ਕਿਲੋ ਕਣਕ ਪ੍ਰਤੀ ਵਿਅਕਤੀ ਦਿੱਤੀ ਜਾਂਦੀ ਸੀ। ਹੁਣ ਇਸ ਨੂੰ ਦੁਗਣਾ ਕਰ ਕੇ 10 ਕਿਲੋ ਦੇ ਹਿਸਾਬ ਨਾਲ ਤਿੰਨ ਮਹੀਨਿਆਂ ਦਾ ਇਕੱਠਾ ਆਟਾ (30 ਕਿਲੋ ਪ੍ਰਤੀ ਵਿਅਕਤੀ) ਦਿੱਤਾ ਜਾਵੇਗਾ ਅਤੇ ਨਾਲ ਦਾਲ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਹਸਪਤਾਲਾਂ ਵਿੱਚ ਡਾਕਟਰਾਂ ਸਮੇਤ ਸਾਰੇ ਇੰਤਜ਼ਾਮ ਕੀਤੇ ਗਏ ਹਨ।
ਵੱਖਰੇ ਤੌਰ 'ਤੇ ਵਾਰਡ ਅਤੇ ਕਮਰੇ ਵੀ ਤਿਆਰ ਕੀਤੇ ਗਏ ਹਨ। ਜੇ ਕੋਈ ਮਰੀਜ਼ ਆਉਂਦਾ ਹੈ ਤਾਂ ਉਸਨੂੰ ਰੱਖਣ ਦੇ ਲਈ ਸਾਰੇ ਇੰਤਜ਼ਾਮ ਹਨ। ਉਨ੍ਹਾਂ ਨੇ ਕਿਹਾ ਕਿ ਇਸ ਬਿਮਾਰੀ ਨਾਲ ਘਰ ਵਿੱਚ ਰਹਿ ਕੇ ਲੜਿਆ ਜਾ ਸਕਦਾ ਹੈ। ਇਸਦਾ ਇੱਕੋ ਇੱਕ ਹੱਲ ਇਹੀ ਹੈ ਕਿ ਲੋਕ ਆਪਣੇ ਘਰਾਂ ਵਿੱਚ ਰਹਿਣ ਅਤੇ ਘਰੋਂ ਬਾਹਰ ਨਾ ਨਿਕਲਣ ਇਹ ਬਿਮਾਰੀ ਹਵਾ ਰਾਹੀ ਨਹੀਂ ਫੈਲ ਸਕਦੀ ਕੇਵਲ ਇੱਕ ਦੂਜੇ ਦੇ ਸੰਪਰਕ ਦੇ ਨਾਲ ਇਹ ਫੈਲਦੀ ਹੈ। ਇਸ ਲਈ ਲੋਕ ਆਪਣੇ ਘਰਾਂ ਵਿੱਚ ਰਹਿਣ ਅਤੇ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ।ਉਨ੍ਹਾਂ ਨੇ ਕਿਹਾ ਕਿ ਜਿਹੜੇ ਨਵੇਂ ਲੜਕੇ ਡਾਕਟਰੀ ਕਰਕੇ ਨਿਕਲੇ ਹਨ ਉਨ੍ਹਾਂ ਦੇ ਨਾਲ ਵੀ ਰਾਬਤਾ ਕਾਇਮ ਕੀਤਾ ਗਿਆ ਹੈ। ਜਦੋਂ ਵੀ ਜ਼ਰੂਰਤ ਪਵੇਗੀ ਤਾਂ ਉਨ੍ਹਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ ।
ਇਸ ਦੇ ਲਈ ਉਨ੍ਹਾਂ ਨੂੰ ਸੈਲਰੀ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਜ਼ਿਲ੍ਹੇ ਦੇ ਵਿੱਚ ਵੀ 850 ਦੇ ਕਰੀਬ ਡਾਕਟਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਹੈੇ। ਲੋੜ ਪੈਣ ਤੇ ਇਨ੍ਹਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਸਕਦੀਆਂ ਹਨ।ਉਨ੍ਹਾਂ ਨੇ ਕਿਹਾ ਪਸ਼ੂ ਪਾਲਕਾਂ ਦੇ ਲਈ ਫੀਡ ਅਤੇ ਦਵਾਈਆਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਅਤੇ ਰਾਜਪੁਰਾ ਸਮੇਤ ਜਿੱਥੇ ਜਿੱਥੇ ਫੀਡ ਬਣਦੀ ਹੈ ਉਹ ਫੈਕਟਰੀਆਂ ਖੋਲ੍ਹ ਦਿੱਤੀਆਂ ਗਈਆਂ ਹਨ। ਘਰਾਂ ਤੱਕ ਹਰਾ ਚਾਰਾ ਪਹੁੰਚਾਉਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਦੋਧੀਆਂ ਵੱਲੋਂ ਸਵੇਰ ਦੇ ਸਮੇਂ ਘਰਾਂ ਦੇ ਵਿੱਚ ਦੁੱਧ ਦੀ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਕਣਕ ਦੀ ਫਸਲ ਤੇ ਸਪਰੇਅ ਕਰਾਉਣ ਦੀ ਜ਼ਰੂਰਤ ਹੈ ਤਾਂ ਘਰਾਂ ਦੇ ਵਿੱਚ ਹੀ ਉਨ੍ਹਾਂ ਨੂੰ ਇਸ ਦੀ ਸਪਲਾਈ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਦੀ ਸਪਲਾਈ ਦੇ ਲਈ ਵਲੰਟੀਅਰਜ਼ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਏਰੀਏ ਦੇ ਨਜ਼ਦੀਕੀ ਹਰ ਕਰਿਆਨਾ ਸਟੋਰ ਨੂੰ ਵਾਰੀ-ਵਾਰੀ ਘਰਾਂ ਵਿੱਚ ਸਪਲਾਈ ਭੇਜਣ ਲਈ ਕਿਹਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਹਰ ਇੱਕ ਚੀਜ਼ ਦੇ ਰੇਟ ਫਿਕਸ ਕਰ ਦਿੱਤੇ ਗਏ ਹਨ ਘਰਾਂ ਦੇ ਵਿੱਚ ਰੇਹੜੀ ਵਾਲਿਆਂ ਵੱਲੋਂ ਜਾਂ ਕਿਸੇ ਦੁਕਾਨਦਾਰ ਵੱਲੋਂ ਵਾਧੂ ਰੇਟ ਤੇ ਕੋਈ ਸਮਾਨ ਵੇਚਿਆ ਜਾਂਦਾ ਹੈ ਤਾਂ ਪਰਚਾ ਦਰਜ ਕਰ ਕੇ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।ਇਹ ਸਾਰੇ ਰੇਟਾਂ ਦੀ ਲਿਸਟ ਸ਼ੋਸ਼ਲ ਮੀਡੀਆ ਤੇ ਪਾ ਦਿੱਤੇ ਗਏ ਹਨ।
ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਅਧਿਕਾਰੀ ਦਿੱਤੇ ਗਏ ਹਨ ਕਿ ਜੇਕਰ ਕੋਈ ਵੀ ਬਲੈਕਮੇਲਿੰਗ ਕਰੇਗਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਹੋਲ ਸੇਲ ਵਪਾਰੀਆਂ ਨੂੰ ਛੋਟ ਦਿੱਤੀ ਗਈ ਹੈ ਕਿ ਉਹ ਰਾਸ਼ਨ ਅਤੇ ਹੋਰ ਜ਼ਰੂਰੀ ਸਮਾਨ ਦੁਕਾਨਾਂ ਤੇ ਸਪਲਾਈ ਕਰ ਸਕਦੇ ਹਨ। ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਘਰਾਂ ਵਿੱਚ ਰਹਿਣ ਅਤੇ ਜਿਨ੍ਹਾਂ ਹੋ ਕੇ ਇੱਕ ਦੂਜੇ ਦੇ ਸੰਪਰਕ ਵਿੱਚ ਨਾ ਆਉਣ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਆਪਣੇ ਗੰਨਮੈਨ ,ਡਰਾਇਵਰ ਅਤੇ ਹੋਰ ਮੁਲਾਜ਼ਮਾਂ ਨੂੰ ਛੁੱਟੀ ਦਿੱਤੀ ਹੈ ਕਿ ਉਹ ਆਪਣੇ ਘਰਾਂ ਵਿੱਚ ਰਹਿਣ। ਇਸ ਲਈ ਉਹ ਇੱਕਲੇ ਖੁਦ ਗੱਡੀ ਡਰਾਇਵ ਕਰਕੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਹ ਸੋਚ ਹੈ ਕਿ ਰਾਜ ਵਿੱਚ ਕਿਸੇ ਨੂੰ ਵੀ ਭੁੱਖੇ ਨਹੀਂ ਸੋਣ ਦਿੱਤਾ ਜਾਵੇਗਾ ਅਤੇ ਹਰ ਇੱਕ ਦੇ ਘਰ ਵਿੱਚ ਰਾਸ਼ਨ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ਦੇ ਵਿੱਚ ਜਿਨ੍ਹਾਂ ਨੇ ਛੋਟੇ ਕਰਾਇਮ ਕੀਤੇ ਹਨ ਉਨ੍ਹਾਂ ਨੂੰ ਛੱਡਣ ਸਬੰਧੀ ਤਜ਼ਵੀਜ਼ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਉਮੀਦ ਹੈ ਕਿ ਇੱਕ ਦੌ ਦਿਨ ਵਿੱਚ ਇਹ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਐਸ.ਪੀ. ਸ਼੍ਰੀ ਸਵਪਨ ਸ਼ਰਮਾ , ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਅਮਰਦੀਪ ਸਿੰਘ ਗੁਜਰਾਲ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।