ਡਿਪਟੀ ਕਮਿਸ਼ਨਰ ਨੇ ਸੁਖਜੀਤ ਆਸ਼ਰਮ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਬੱਚੀਆਂ ਨੂੰ ਖਾਣ-ਪੀਣ ਅਤੇ ਹੋਰ ਸਾਮਾਨ ਦੀ ਕੀਤੀ ਵੰਡ

ਆਰੀਆ ਵਾਤਸਲਿਆ ਆਸ਼ਰਮ ਦਾ ਵੀ ਕੀਤਾ ਨਿਰੀਖਣ

ਕਪੂਰਥਲਾ,ਫ਼ਰਵਰੀ 2020- (ਹਰਜੀਤ ਸਿੰਘ ਵਿਰਕ)-

  ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਮੰਦਬੁੱਧੀ ਤੇ ਬੇਸਹਾਰਾ ਬੱਚੀਆਂ ਲਈ ਬਣੇ ਹੋਮ (ਸੁਖਜੀਤ ਆਸ਼ਰਮ) ਦਾ ਦੌਰਾ ਕਰਕੇ ਉਥੋਂ ਦੇ ਪ੍ਰਬੰਧਾਂ ਅਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ।  ਇਸ ਮੌਕੇ ਉਨਾਂ ਆਸ਼ਰਮ ਦੇ ਵੱਖ-ਵੱਖ ਕਮਰਿਆਂ ਦਾ ਮੁਆਇਨਾ ਕਰਨ ਤੋਂ ਇਲਾਵਾ ਬਾਥਰੂਮਾਂ, ਕਿਚਨ ਅਤੇ ਸਾਫ਼-ਸਫ਼ਾਈ ਦੇ ਪ੍ਰਬੰਧਾਂ ਦਾ ਮੁਆਇਨਾ ਕੀਤਾ ਅਤੇ ਸਟਾਫ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਦੌਰਾਨ ਉਨਾਂ ਆਸ਼ਰਮ ਦੀਆਂ ਬੱਚੀਆਂ ਨਾਲ ਕਾਫੀ ਸਮਾਂ ਬਿਤਾਇਆ ਅਤੇ ਉਨਾਂ ਵੱਲੋਂ ਬਣਾਈਆਂ ਪੇਂਟਿੰਗਜ਼ ਅਤੇ ਉੱਨ ਦਾ ਸਾਮਾਨ ਵੇਖਿਆ। ਇਸ ਤੋਂ ਇਲਾਵਾ ਉਨਾਂ ਬੱਚੀਆਂ ਨੂੰ ਸਮੋਸੇ ਅਤੇ ਖਾਣ-ਪੀਣ ਦੇ ਹੋਰ ਸਾਮਾਨ ਦੀ ਵੰਡ ਕੀਤੀ। ਇਸ ਦੌਰਾਨ ਬੱਚੀਆਂ ਦੀ ਮੰਗ ’ਤੇ ਡਿਪਟੀ ਕਮਿਸ਼ਨਰ ਵੱਲੋਂ ਮੌਕੇ ’ਤੇ ਹੀ ਉਨਾਂ ਨੂੰ ਉੱਨ ਅਤੇ ਸਿਲਾਈਆਂ ਵੀ ਮੰਗਵਾ ਕੇ ਦਿੱਤੀਆਂ ਗਈਆਂ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਹੋਮ ਦੀ ਬਿਹਤਰੀ ਲਈ ਹਰੇਕ ਤਰਾਂ ਦੀ ਮਦਦ ਕੀਤੀ ਜਾਵੇਗੀ ਅਤੇ ਇਥੇ ਰਹਿ ਰਹੀਆਂ ਬੱਚੀਆਂ ਨੂੰ ਕਿਸੇ ਵੀ ਸਹੂਲਤ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਉਨਾਂ ਨੂੰ ਘਰ ਵਰਗਾ ਮਾਹੌਲ ਮੁਹੱਈਆ ਕਰਵਾਉਣ ਵਿਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨਾਂ ਦਾਨੀ ਸੱਜਣਾ ਨੂੰ ਵੀ ਅਪੀਲ ਕੀਤੀ ਕਿ ਉਹ ਹੋਮ ਲਈ ਵੱਧ-ਚੜ ਕੇ ਯੋਗਦਾਨ ਪਾਉਣ। ਇਸ ਤੋਂ ਬਾਅਦ ਉਨਾਂ ਆਰੀਆ ਵਾਤਸਲਿਆ ਆਸ਼ਰਮ ਦਾ ਵੀ ਦੌਰਾ ਕੀਤਾ ਅਤੇ ਉਥੋਂ ਦੇ ਪ੍ਰਬੰਧਾਂ ਅਤੇ ਹੋਰਨਾਂ ਗਤੀਵਿਧੀਆਂ ਸਬੰਧੀ ਆਸ਼ਰਮ ਦੇ ਪ੍ਰਧਾਨ ਸ੍ਰੀ ਕਪੂਰ ਚੰਦ ਗਰਗ ਪਾਸੋਂ ਵਿਸਥਾਰ ਵਿਚ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਨੇਹ ਲਤਾ ਤੇ ਸ. ਦਵਿੰਦਰ ਪਾਲ ਸਿੰਘ ਆਹੂਜਾ ਤੋਂ ਇਲਾਵਾ ਹੋਮ ਦਾ ਸਟਾਫ ਹਾਜ਼ਰ ਸੀ। 

ਕੈਪਸ਼ਨ :ਸੁਖਜੀਤ ਆਸ਼ਰਮ ਵਿਖੇ ਬੱਚੀਆਂ ਵੱਲੋਂ ਬਣਾਈਆਂ ਪੇਂਟਿੰਗਜ਼ ਤੇ ਹੋਰ ਸਾਮਾਨ ਵੇਖਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ