ਭਾਈ ਗੁਰਚਰਨ ਸਿੰਘ ਗਰੇਵਾਲ ਨੇ  ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ 

 ਲੁਧਿਆਣਾ ,  ਨਵੰਬਰ 2020-( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-    

 ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਅਸਤੀਫਾ ਦੇਣ ਦਾ ਕਾਰਨ, ਜਥੇਬੰਦੀ 'ਚ ਬਿਹਤਰ ਕੰਮ ਕਰ ਰਹੇ ਆਗੂਆਂ ਨੂੰ ਸੇਵਾ ਦਾ ਮੌਕਾ ਮਿਲੇ, ਦੱਸਿਆ। ਫੈੱਡਰੇਸ਼ਨ ਦੀ ਕਾਰਜਕਾਰਨੀ ਨੂੰ ਭੇਜੇ ਅਸਤੀਫ਼ੇ 'ਚ ਭਾਈ ਗਰੇਵਾਲ ਨੇ ਕਿਹਾ ਕਿ ਗੁਰੂ ਜੀ ਦੀ ਕ੍ਰਿਪਾ ਅਤੇ ਆਪਣੇ ਸਾਥੀਆਂ ਦੇ ਵੱਡੇ ਸਹਿਯੋਗ ਨਾਲ ਪੰਥ ਅਤੇ ਪੰਜਾਬ ਲਈ ਸੇਵਾ ਕਰਨ ਦਾ ਸਮਾਂ ਮਿਲਿਆ। ਗੁਰੂ ਦੇ ਭੈਅ 'ਚ ਰਹਿੰਦਿਆਂ ਤਨ, ਮਨ ਅਤੇ ਧਨ ਨਾਲ ਹਰ ਕੋਸ਼ਿਸ਼ ਕੀਤੀ ਹੈ ਕਿ ਇਕ ਸੇਵਾਦਾਰ ਦੇ ਤੌਰ 'ਤੇ ਸੇਵਾ ਨਿਭਾ ਸਕਾਂ। ਇਸ ਸਫ਼ਰ 'ਚ ਬਹੁਤ ਕੁਝ ਅਜਿਹਾ ਵੀ ਹੋਇਆ ਹੋਵੇਗਾ, ਜੋ ਇਸ ਅਹੁਦੇ ਦੀ ਮਾਣ ਮਰਿਯਾਦਾ ਦੇ ਅਨਕੂਲ ਜਾਂ ਪੂਰਾ ਨਾ ਉਤਰ ਸਕਿਆ ਹੋਵਾਂ, ਉਸ ਲਈ ਮੈਂ ਪੰਥ ਦੀ ਕਚਹਿਰੀ 'ਚ ਦੋ ਹੱਥ ਜੋੜ ਕੇ ਹਾਜ਼ਰ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਨ ਦੀ ਭਾਵਨਾ ਅਤੇ ਅਰਦਾਸ ਹੈ ਕਿ ਆਖਰੀ ਸਾਹ ਤਕ ਪੰਥ ਦੀ ਚੜ੍ਹਦੀ ਕਲਾਂ, ਪੰਜਾਬ ਦੇ ਚੰਗੇ ਭਵਿੱਖ ਅਤੇ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੀ ਚੜ੍ਹਦੀ ਕਲਾਂ ਲਈ ਸੇਵਾਦਾਰ ਬਣ ਕੇ ਸੇਵਾ ਕਰਦਾ ਰਹਾਂ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਹੋਰ ਕਾਬਲ ਸਾਥੀ ਇਸ ਦੀ ਅਗਵਾਈ ਕਰਨ ਤਾਂ ਜੋ ਫੈੱਡਰੇਸ਼ਨ ਆਪਣੇ ਸ਼ਹੀਦ ਭਾਈ ਅਮਰੀਕ ਸਿੰਘ ਦੇ ਸੁਪਨਿਆਂ ਦੀ ਪੂਰਤੀ ਕਰਦੀ ਹੋਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਇਤਿਹਾਸਕ ਸੇਵਾਵਾਂ ਨਿਭਾਉਂਦੀ ਰਹੇ।  

ਇਸ ਸਮੇਂ ਪੰਜ ਮੈਂਬਰੀ ਪ੍ਰਧਾਨਗੀ ਮੰਡਲ ਦਾ ਵੀ ਐਲਾਨ ਕੀਤਾ ਗਿਆ ਹੈ, ਜੋ ਅਗਲੇ ਸਮੇਂ ਅੰਦਰ ਪਾਰਟੀ ਦੀ ਅਗਵਾਈ, ਜਥੇਬੰਦਕ ਫ਼ੈਸਲੇ ਅਤੇ ਸਰਗਰਮੀਆਂ ਨੂੰ ਤਰਤੀਬ ਦੇਵੇਗਾ। ਇਸ ਪ੍ਰਧਾਨਗੀ ਮੰਡਲ 'ਚ ਜਥੇਦਾਰ ਗੁਰਬਖਸ਼ ਸਿੰਘ ਖ਼ਾਲਸਾ ਮੀਤ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਰਮਜੀਤ ਸਿੰਘ ਧਰਮ ਸਿੰਘਵਾਲਾ, ਗੁਰਜੀਤ ਸਿੰਘ ਗੱਗੀ, ਦਿਲਬਾਗ ਸਿੰਘ ਵਿਰਕ ਤੇ ਮਨਪ੍ਰਰੀਤ ਸਿੰਘ ਬੰਟੀ ਨੂੰ ਸ਼ਾਮਲ ਹੈ