'ਗਲਾਡਾ ਅਸਟੇਟ' ਦੀਆਂ ਵਪਾਰਕ ਸਾਈਟਾਂ ਲਈ 'ਈ-ਆਕਸ਼ਨ' ਸ਼ੁਰੂ

27 ਮਾਰਚ ਤੱਕ ਹਰ ਕੋਈ ਵਿਅਕਤੀ ਲੈ ਸਕਦਾ ਹੈ ਹਿੱਸਾ,ਕਬਜ਼ਾ 90 ਦਿਨਾਂ ਵਿੱਚ ਦਿੱਤਾ ਜਾਵੇਗਾ-ਮੁੱਖ ਪ੍ਰਸਾਸ਼ਕ

ਲੁਧਿਆਣਾ,ਮਾਰਚ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-  

ਗਲਾਡਾ ਅਸਟੇਟ ਵਿੱਚ ਪੈਂਦੀਆਂ 10 ਵਪਾਰਕ ਸਾਈਟਾਂ (ਐੱਸ. ਸੀ. ਓ.) ਲਈ 'ਈ-ਆਕਸ਼ਨ' ਸ਼ੁਰੂ ਹੋ ਗਈ ਹੈ, ਜਿਸ ਵਿੱਚ 27 ਮਾਰਚ, 2020 ਤੱਕ ਕੋਈ ਵੀ ਵਿਅਕਤੀ ਭਾਗ ਲੈ ਸਕਦਾ ਹੈ। ਗਲਾਡਾ ਦੇ ਮੁੱਖ ਪ੍ਰਸਾਸ਼ਕ ਪਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਫ਼ਲ ਕਾਬਜ਼ਕਾਰਾਂ ਨੂੰ ਕਬਜ਼ਾ 90 ਦਿਨਾਂ ਵਿੱਚ ਦਿਵਾ ਦਿੱਤਾ ਜਾਵੇਗਾ। ਗਿੱਲ ਨੇ ਦੱਸਿਆ ਕਿ ਇਸ ਨਿਲਾਮੀ ਵਿੱਚ 10 ਵਪਾਰਕ ਸਥਾਨਾਂ ਦੀ ਬੋਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਇੱਕ ਖੂੰਜੇ ਵਾਲੇ ਐੱਸ. ਸੀ. ਓ. ਦਾ ਸਾਈਜ਼ 171.81 ਵਰਗ ਗਜ ਹੈ, ਜਦਕਿ ਬਾਕੀ 9 ਸਥਾਨਾਂ ਦਾ ਸਾਈਜ਼ 138 ਵਰਗ ਗਜ਼ ਹੈ। ਉਨਾਂ ਦੱਸਿਆ ਕਿ ਹਰੇਕ ਸਥਾਨ ਲਈ 87 ਹਜ਼ਾਰ ਰੁਪਏ ਪ੍ਰਤੀ ਵਰਗ ਗਜ਼ ਭਾਅ ਰਿਜ਼ਰਵ ਕੀਤਾ ਗਿਆ ਹੈ। ਇੱਕ ਐੱਸ. ਸੀ. ਓ. ਵਿੱਚ ਬੇਸਮੈਂਟ ਦੇ ਨਾਲ-ਨਾਲ ਤਿੰਨ ਮੰਜਿਲਾਂ ਵੀ ਹੋਣਗੀਆਂ। ਬੋਲੀ ਦੇਣ ਲਈ ਯੋਗਤਾ ਫੀਸ 3 ਲੱਖ ਰੁਪਏ ਰੱਖੀ ਗਈ ਹੈ। ਦੱਸਣਯੋਗ ਹੈ ਕਿ ਸ਼ਹਿਰ ਵਿੱਚ ਕਫਾਇਤੀ ਦਰਾਂ 'ਤੇ ਲੋਕਾਂ ਨੂੰ ਸਸਤਾ ਘਰ ਮੁਹੱਈਆ ਕਰਾਉਣ ਦੇ ਮਕਸਦ ਨਾਲ ਗਲਾਡਾ (ਗਰੇਟਰ ਏਰੀਆ ਡਿਵੈੱਲਪਮੈਂਟ ਅਥਾਰਟੀ) ਵੱਲੋਂ ਪਿੰਡ ਦਾਦ ਵਿੱਚ 9.57 ਏਕੜ ਰਕਬੇ 'ਤੇ ਅਸਟੇਟ ਸਥਾਪਤ ਕੀਤੀ ਜਾ ਰਹੀ ਹੈ, ਜਿਸ ਨੂੰ 'ਗਲਾਡਾ ਅਸਟੇਟ' ਦੇ ਨਾਮ ਨਾਲ ਜਾਣਿਆ ਜਾਵੇਗਾ। ਇਹ ਜਗਾ ਸਥਾਨਕ ਪੌਸ਼ ਖੇਤਰਾਂ ਸ਼ਹੀਦ ਭਗਤ ਨਗਰ (ਪੱਖੋਵਾਲ ਸੜਕ), ਭਾਈ ਰਣਧੀਰ ਸਿੰਘ ਨਗਰ ਅਤੇ ਰਾਜਗੁਰੂ ਨਗਰ ਦੇ ਨਾਲ ਪੈਂਦੇ 64 ਫੁੱਟ ਚੌੜੇ ਸੂਆ ਰੋਡ 'ਤੇ ਸਥਿਤ ਹੈ। ਇਸ ਖੇਤਰ ਨੂੰ ਹੋਟਲ ਕੀਜ਼ ਦੇ ਪਿੱਛੇ ਵਾਲੇ ਪਾਸੇ ਤੋਂ ਰਸਤਾ ਜਾਂਦਾ ਹੈ। ਹੋਟਲ ਕੀਜ਼ 200 ਫੁੱਟ ਚੌੜੇ ਦੱਖਣੀ ਬਾਈਪਾਸ 'ਤੇ ਪੈਂਦਾ ਹੈ। ਇਸ ਖੇਤਰ ਦੇ 2 ਕਿਲੋਮੀਟਰ ਦੇ ਘੇਰੇ ਵਿੱਚ ਕਈ ਨਾਮੀਂ ਸਕੂਲ, ਸਿੱਖਿਆ ਅਤੇ ਸਿਹਤ ਸੰਸਥਾਵਾਂ, ਸ਼ਾਪਿੰਗ ਮਾਲਜ਼, ਕਲੱਬ ਅਤੇ ਸਟੇਡੀਅਮ ਆਦਿ ਮੌਜੂਦ ਹਨ। ਇਸ ਅਸਟੇਟ ਦੇ ਮਹੱਤਵਪੂਰਨ ਪੱਖਾਂ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਸਤੀਆਂ ਦਰਾਂ 'ਤੇ ਵਧੀਆ ਘਰ ਮੁਹੱਈਆ ਕਰਾਉਣ ਦਾ ਉਪਰਾਲਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਯੋਜਨਾ ਤਹਿਤ ਇਸ ਅਸਟੇਟ ਵਿੱਚ 100 ਫੀਸਦੀ ਬਿਜਲੀ ਸਪਲਾਈ ਅੰਡਰਗਰਾਂਊਂਡ ਹੋਵੇਗੀ। ਪਾਣੀ ਦੀ ਸਪਲਾਈ 24 ਘੰਟੇ ਮਿਲੇਗੀ। ਇਸ ਅਸਟੇਟ ਨੂੰ ਵਿਕਸਤ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਉਨਾਂ ਕਿਹਾ ਕਿ ਅਸਟੇਟ ਵਿੱਚਲੇ ਦੋ ਤਿਹਾਈ ਘਰਾਂ ਨੂੰ 60 ਫੁੱਟ ਚੌੜੀ ਸੜਕ ਨਾਲ ਜੋੜਿਆ ਜਾਵੇਗਾ। ਸੁਰੱਖਿਆ ਪੱਖੋਂ ਇਸ ਕਲੋਨੀ ਨੂੰ ਕੰਧ ਅਤੇ ਗੇਟ ਨਾਲ ਸੁਰੱਖਿਅਤ ਕੀਤਾ ਜਾਵੇਗਾ। ਸੀਵਰੇਜ ਅੰਡਰਗਰਾਂਊਡ ਅਤੇ ਐੱਸ. ਟੀ. ਪੀ. ਦੀ ਵੀ ਸਹੂਲਤ ਹੋਵੇਗੀ। ਕਮਰਸ਼ੀਅਲ ਮਾਰਕੀਟ (ਐੱਸ. ਸੀ. ਓਜ਼) 80 ਫੁੱਟ ਚੌੜੇ ਸੂਆ ਰੋਡ 'ਤੇ ਹੋਵੇਗੀ, ਜਿਸ ਲਈ ਫੁੱਟਪਾਥ ਅਤੇ ਪਾਰਕਿੰਗ ਸਪੇਸ ਵਧੀਆ ਮਿਲੇਗੀ। ਇਸ ਅਸਟੇਟ ਵਿੱਚ ਆਰਥਿਕ ਪੱਖੋਂ ਪਛੜੇ ਲੋਕਾਂ ਲਈ ਸਸਤੀਆਂ ਦਰਾਂ 'ਤੇ ਪਲਾਟ, ਗਰੀਨ ਪਾਰਕਾਂ, ਖੁੱਲਾਂ ਏਰੀਆ, 24 ਘੰਟੇ ਬਿਜਲੀ ਅਤੇ ਪਾਣੀ ਦੀ ਸਪਲਾਈ ਦੇਣ ਦਾ ਪ੍ਰਸਤਾਵ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਸਹੂਲਤਾਂ ਮਿਲਣਗੀਆਂ। ਉਨਾਂ ਦੱਸਿਆ ਕਿ ਜੋ ਵੀ ਵਿਅਕਤੀ ਬੋਲੀ ਵਿੱਚ ਭਾਗ ਲੈਣਾ ਚਾਹੁੰਦਾ ਹੈ ਤਾਂ ਉਸਨੂੰ 3 ਲੱਖ ਰੁਪਏ ਯੋਗਤਾ ਫੀਸ ਰਾਸ਼ੀ ਗਲਾਡਾ ਦੇ ਅਸਟੇਟ ਅਫ਼ਸਰ ਕੋਲ ਆਨਲਾਈਨ ਜਮਾਂ ਕਰਾਉਣੀ ਪਵੇਗੀ। ਇੱਕ ਤੋਂ ਵਧੇਰੇ ਸਥਾਨਾਂ ਲਈ ਬੋਲੀ ਦੇਣ ਲਈ ਅਲੱਗ ਤੌਰ 'ਤੇ ਫੀਸ ਜਮਾਂ ਕਰਾਉਣੀ ਪਵੇਗੀ। ਸਫ਼ਲ ਬੋਲੀਕਾਰ ਨੂੰ ਬੋਲੀ ਦੀ ਰਾਸ਼ੀ ਦੀ 10 ਫੀਸਦੀ ਅਤੇ 2 ਫੀਸਦੀ ਕੈਂਸਰ ਸੈੱਸ ਮੌਕੇ 'ਤੇ ਜਮਾਂ ਕਰਾਉਣੀ ਪਵੇਗੀ। 15 ਫੀਸਦੀ ਰਾਸ਼ੀ ਅਗਲੇ 30 ਦਿਨਾਂ ਵਿੱਚ ਅਤੇ ਪਹਿਲੀ ਕਿਸ਼ਤ ਅਲਾਟਮੈਂਟ ਪੱਤਰ ਮਿਲਣ ਦੇ 6 ਮਹੀਨੇ ਬਾਅਦ ਜਮ•ਾਂ ਕਰਾਉਣੀ ਪਵੇਗੀ। ਬਕਾਇਆ 75 ਫੀਸਦੀ ਰਾਸ਼ੀ ਅਲਾਟਮੈਂਟ ਪੱਤਰ ਜਾਰੀ ਹੋਣ ਦੇ 60 ਦਿਨਾਂ ਵਿੱਚ ਜਮਾਂ ਕਰਾਉਣ 'ਤੇ ਵਿਆਜ਼ ਤੋਂ ਛੋਟ ਮਿਲੇਗੀ। ਅਜਿਹੇ ਮਾਮਲਿਆਂ 7.5 ਫੀਸਦੀ ਰਿਬੇਟ ਮਿਲੇਗਾ। ਨਹੀਂ ਤਾਂ 75 ਫੀਸਦੀ ਰਾਸ਼ੀ ਛੇ ਮਹੀਨੇ ਦੀਆਂ 8 ਕਿਸ਼ਤਾਂ ਵਿੱਚ ਵੀ ਜਮਾਂ ਕਰਵਾਈ ਜਾ ਸਕਦੀ ਹੈ, ਜਿਸ 'ਤੇ 9.5 ਫੀਸਦੀ ਸਾਲਾਨਾ ਵਿਆਜ਼ ਲੱਗੇਗਾ। ਜੇਕਰ ਸਫ਼ਲ ਬੋਲੀਕਾਰ 15 ਫੀਸਦੀ ਰਾਸ਼ੀ 30 ਦਿਨਾਂ ਵਿੱਚ ਅਦਾ ਨਹੀਂ ਕਰਦਾ ਤਾਂ ਉਸ ਵੱਲੋਂ ਪਹਿਲਾਂ ਹੀ ਅਦਾ ਕੀਤੀ 10 ਫੀਸਦੀ ਰਾਸ਼ੀ ਜ਼ਬਤ ਕਰ ਲਈ ਜਾਵੇਗੀ। ਇਸ ਸੰਬੰਧੀ ਕੋਈ ਦਾਅਵਾ ਵੀ ਨਹੀਂ ਮੰਨਿਆ ਜਾਵੇਗਾ। ਚੈੱਕ ਰਾਹੀਂ ਅਦਾਇਗੀ ਨਹੀਂ ਕੀਤੀ ਜਾ ਸਕੇਗੀ। ਬੋਲੀ ਸੰਬੰਧੀ ਸ਼ਰਤਾਂ ਵੈੱਬਸਾਈਟ https://www.puda.gov.in/  'ਤੇ ਅਪਲੋਡ ਕਰ ਦਿੱਤੀਆਂ ਗਈਆਂ ਹਨ।