ਆਉ ਸਨਮਾਨਿਤ ਕਰੀਏ ✍️ ਸਲੇਮਪੁਰੀ ਦੀ ਚੂੰਢੀ

ਸਲੇਮਪੁਰੀ ਦੀ ਚੂੰਢੀ -

ਆਉ ਸਨਮਾਨਿਤ ਕਰੀਏ!
-ਹਰ ਰੋਜ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਸਮਾਜ ਵਿਚ ਚੰਗੇ ਕੰਮ ਕਰਨ ਵਾਲਿਆਂ ਦਾ ਹੌਸਲਾ ਵਧਾਉਣ ਲਈ ਸਨਮਾਨ ਕਰਦੇ ਰਹਿੰਦੇ ਹਨ।ਸਮਾਜ ਵਿਚ ਕੁਝ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਵੀ ਹਨ, ਜਿਹੜੀਆਂ ਬਹੁਤ ਭਲਾਈ ਦੇ ਕੰਮਾਂ ਵਿਚ ਜੁਟੀਆਂ ਹੋਈਆਂ ਹਨ, ਉਨ੍ਹਾਂ ਦੇ ਪ੍ਰਬੰਧਕਾਂ ਦਾ ਸਨਮਾਨ ਕਰਨਾ ਵੀ ਸਾਡਾ ਫਰਜ ਬਣਦਾ ਹੈ, ਤਾਂ ਜੋ ਉਨ੍ਹਾਂ ਦੇ ਹੌਸਲੇ ਹੋਰ ਬੁਲੰਦ ਕੀਤੇ ਜਾ ਸਕਣ। ਪਿਛਲੇ ਦਿਨੀਂ  ਸੁਭਾਵਿਕੇ ਹੀ ਇਕ ਸਮਾਜ ਸੇਵੀ ਸੰਸਥਾ ਵਲੋਂ ਇੱਕ ਲੜਕੀ ਨੂੰ ਜਾਰੀ ਕੀਤਾ ਗਿਆ 'ਤਜਰਬਾ ਸਰਟੀਫਿਕੇਟ' ਵੇਖਕੇ ਜਦੋਂ ਮੈਂ ਉਸ ਲੜਕੀ ਨੂੰ ਪੁੱਛਿਆ ਕਿ, ਤੂੰ ਉਥੇ ਕੰਮ ਕੀਤਾ ਹੈ ਤਾਂ ਉਸ ਨੇ ਦੱਸਿਆ ਕਿ ਨਹੀਂ, ਮੈਂ ਉਥੇ ਕੰਮ ਨਹੀਂ ਕੀਤਾ, ਕੰਮ ਤਾਂ ਮੈਂ ਕਿਤੇ ਹੋਰ ਕਰਦੀ ਸੀ, ਪਰ ਮੈਂ 12000 ਰੁਪਏ ਦੇ ਕੇ 'ਤਜਰਬਾ ਸਰਟੀਫਿਕੇਟ'    ਲਿਆ  ਹੈ। ਲੜਕੀ ਦੀ ਗੱਲ ਸੁਣ ਕੇ ਮੇਰੇ ਦਿਮਾਗ ਵਿਚ ਆਇਆ ਕਿ 'ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਬੰਧਕਾਂ' ਦਾ ਸਨਮਾਨ ਕਰਨਾ ਵੀ ਬਣਦਾ, ਜਿਹੜੀਆਂ ਕਿਸੇ ਨਾ ਕਿਸੇ ਰੂਪ ਵਿਚ ਸਮਾਜ ਸੇਵਾ ਦੇ ਕੰਮਾਂ ਵਿਚ ਜੁਟੀਆਂ ਹੋਈਆਂ ਹਨ। ਦੂਸਰਾ ਮੇਰੇ ਦਿਮਾਗ ਵਿਚ ਉਨ੍ਹਾਂ ਮਹਾਨ ਸਖਸ਼ੀਅਤਾਂ ਨੂੰ ਸਨਮਾਨਿਤ ਕਰਨ ਬਾਰੇ ਵਿਚਾਰ ਆਇਆ, ਜਿਹੜੀਆਂ ਕੋਈ ਨਾ ਕੋਈ 'ਉਪਾਅ' ਦੱਸਕੇ ਲੋਕਾਂ ਦੇ ਕੰਮ ਸੁਆਰਨ ਵਿਚ ਲੱਗੀਆਂ ਹੋਈਆਂ ਹਨ। ਆਮ ਤੌਰ 'ਤੇ ਕਈ ਵਾਰ ਕਈ ਸਰਕਾਰੀ ਕੰਮ ਬਹੁਤ ਪੇਚੀਦਾ ਹੁੰਦੇ ਹਨ, ਅਜਿਹੇ ਕੰਮ ਕਰਵਾਉਣ ਲਈ ਕਈ ਕਈ ਦਿਨ ਨਹੀਂ ਕਈ ਕਈ ਮਹੀਨੇ ਲੱਗ ਜਾਂਦੇ ਹਨ, ਜਿਸ ਨਾਲ ਬਹੁਤ ਸਮਾਂ ਵਿਅਰਥ ਚਲਿਆ ਜਾਂਦਾ ਹੈ, ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਅਤੇ ਅਜਿਹੇ ਕੰਮ ਜਲਦੀ ਕਰਵਾਉਣ ਲਈ ਕੋਈ 'ਉਪਾਅ ' ਕਰ ਲੈਣਾ ਹੀ ਬਿਹਤਰ ਹੁੰਦਾ ਹੈ। ਕੋਈ 'ਉਪਾਅ' ਪੁੱਛਣ ਲਈ ਕਿਸੇ 'ਪੰਡਿਤ' ਕੋਲ ਨਹੀਂ ਦਫਤਰ ਵਿਚ ਬੈਠੀ ਕਿਸੇ ਸਖਸ਼ੀਅਤ ਨੂੰ ਪੁੱਛ ਲੈਣਾ ਚਾਹੀਦਾ ਹੈ। ਕਈ ਅਜਿਹੇ ਕੰਮ ਹੁੰਦੇ ਹਨ, ਜਿਨ੍ਹਾਂ ਦੀ ਜਲਦੀ ਲੋੜ ਹੁੰਦੀ ਹੈ । ਕਈ ਵਾਰ ਦੇਰੀ ਨਾਲ ਹੋਇਆ ਕੰਮ ਬਹੁਤ ਨੁਕਸਾਨਦਾਇਕ ਹੋ ਨਿਬੜਦਾ ਹੈ। ਵੇਖਿਆ ਗਿਆ ਹੈ ਕਿ ਦਫਤਰਾਂ ਵਿਚ ਬੈਠੀਆਂ ਸਾਰੀਆਂ ਨਹੀਂ, ਕੁਝ ਕੁ ਅਜਿਹੀਆਂ ਸਖਸ਼ੀਅਤਾਂ ਹੁੰਦੀਆਂ ਹਨ, ਜਿਹੜੀਆਂ ਕੰਮ ਦਾ ਭਾਰ ਵੇਖਕੇ 'ਉਪਾਅ'   ਦੱਸਕੇ ਉਸ ਦਾ ਭਲਾ ਕਰ ਦਿੰਦੀਆਂ ਹਨ। ਇਸ ਤਰ੍ਹਾਂ ਦਫਤਰਾਂ ਵਿਚ ਬੈਠੀਆਂ ਮਹਾਨ ਸਖਸ਼ੀਅਤਾਂ ਸਮਾਜ ਦਾ ਭਲਾ ਕਰਨ ਵਿਚ ਲੱਗੀਆਂ ਰਹਿੰਦੀਆਂ ਹਨ। ਕਈ ਦਫਤਰਾਂ ਵਿਚ ਕੁਝ ਅਜਿਹੀਆਂ 'ਰੱਬ' ਰੂਪੀ ਸ਼ਖਸੀਅਤਾਂ ਬੈਠੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਹਰੇਕ ਮਹੀਨੇ 'ਮੱਥਾ' ਟੇਕਣ ਵਿਚ ਹੀ ਲੋਕਾਂ ਦਾ ਭਲਾ ਹੁੰਦਾ ਰਹਿੰਦਾ ਹੈ। ਇਸ ਲਈ "ਤਜਰਬਾ ਸਰਟੀਫਿਕੇਟ" ਦੇਣ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਦਫਤਰਾਂ ਵਿਚ ਬੈਠੀਆਂ 'ਰੱਬ' ਰੂਪੀ ਸਖਸ਼ੀਅਤਾਂ ਜੋ ਕੰਮ ਕਰਵਾਉਣ ਦੇ "ਉਪਾਅ" ਦੱਸਕੇ ਸਮਾਜ ਭਲਾਈ ਦੇ ਕੰਮਾਂ ਵਿਚ ਦਿਨ-ਰਾਤ ਮਿਹਨਤ ਕਰ ਰਹੀਆਂ ਹਨ, ਨੂੰ ਸਮੇਂ ਸਮੇਂ 'ਤੇ ਸਨਮਾਨਿਤ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਮਿਲ ਕੇ ਆਮ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ' ਰੱਬ ' ਰੂਪੀ ਸਖਸ਼ੀਅਤਾਂ ਦੇ ਹੌਸਲੇ ਹੋਰ ਬੁਲੰਦ ਹੋ ਸਕਣ!
-ਸੁਖਦੇਵ ਸਲੇਮਪੁਰੀ
09780620233