You are here

  ਚਿਰਾਗ✍️ ਸਲੇਮਪੁਰੀ ਦੀ ਚੂੰਢੀ

 ਚਿਰਾਗ
      
- ਕਹਿੰਦੇ ਹਨ ਕਿ ਚਿਰਾਗ ਥੱਲੇ ਹਮੇਸ਼ਾ ਹਨੇਰਾ ਹੁੰਦਾ ਹੈ, ਜਦ ਕਿ ਉਸ ਦੀ ਰੋਸ਼ਨੀ ਨਾਲ ਆਲਾ - ਦੁਆਲਾ ਰੁਸ਼ਨਾਇਆ ਜਾਂਦਾ ਹੈ। ਇਸ ਵੇਲੇ ਬਿਹਾਰ ਵਿਚ ' ਚਿਰਾਗ  ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਉਹ 'ਖੁਦ' ਦਾ ਜਾਂ ਕਿਸੇ ਆਪਣੇ ਦਾ ਜਾਂ ਫਿਰ ਆਪਣੇ ਵਿਰੋਧੀਆਂ ਦਾ ਘਰ ਰੁਸ਼ਨਾਏਗਾ।  ਬਿਹਾਰ ਵਿਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਦੇਸ਼ ਦੀ ਹੁਕਮਰਾਨ ਪਾਰਟੀ ਭਾਜਪਾ ਦਾ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਕਾਫੀ ਪਿਆਰ ਹੈ। ਭਾਜਪਾ ਅਤੇ ਨਿਤੀਸ਼ ਕੁਮਾਰ ਮਿਲਕੇ ਦੁਬਾਰਾ ਤੋਂ ਬਿਹਾਰ ਵਿਚ ਸਰਕਾਰ ਬਣਾਉਣ ਦੇ ਰੌਂਅ ਵਿਚ ਹਨ ਜਦ ਕਿ ਦੂਜੇ ਪਾਸੇ ਸਵਰਗੀ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨਾਲ ਵੀ ਭਾਜਪਾ ਦੀ ਨੇੜਤਾ ਕਿਸੇ ਤੋਂ ਲੁਕੀ ਛੁਪੀ ਨਹੀਂ ਹੈ, ਪਰ ਉਸ ਦਾ ਬੇਟਾ ਚਿਰਾਗ ਬਿਹਾਰ ਵਿਚ ਨਿਤੀਸ਼ ਕੁਮਾਰ ਦੇ ਖਿਲਾਫ ਮੈਦਾਨ ਵਿਚ ਹੈ। ਚਿਰਾਗ ਦਾ ਕਹਿਣਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸ਼ੀਰਵਾਦ ਨਾਲ ਚੋਣਾਂ ਲੜ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਸਵਰਗੀ ਪਿਤਾ ਪਾਸਵਾਨ ਦਾ  ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਾਲ ਨਹੁੰ ਮਾਸ ਦਾ ਰਿਸ਼ਤਾ ਰਿਹਾ ਹੈ, ਜਿਸ ਨੂੰ ਮੈਂ ਹੁਣ  ਬਰਕਰਾਰ ਰੱਖਿਆ ਹੈ। ਚਿਰਾਗ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਨਾਲ ਰਿਸ਼ਤੇ ਨੂੰ ਕਾਇਮ ਰੱਖਣ ਲਈ ਇਸ ਕਰਕੇ ਉਸ ਨੇ ਕੇਵਲ ਆਪਣੇ ਉਮੀਦਵਾਰ ਨਿਤੀਸ਼ ਕੁਮਾਰ ਵਲੋਂ ਖੜ੍ਹੇ ਕੀਤੇ ਉਮੀਦਵਾਰਾਂ ਦੇ ਵਿਰੁੱਧ ਮੈਦਾਨ ਵਿਚ ਉਤਾਰੇ ਹਨ ਜਦਕਿ ਜਿਥੇ ਜਿਥੇ ਭਾਜਪਾ ਦੇ ਉਮੀਦਵਾਰ ਹਨ, ਉਥੇ ਉਨ੍ਹਾਂ ਦੇ ਹੱਕ ਵਿਚ ਪ੍ਰਚਾਰ ਕਰਨ ਅਤੇ ਵੋਟਾਂ ਪਵਾਉਣ ਲਈ ਐਲਾਨ ਕੀਤਾ ਹੈ। ਭਾਜਪਾ ਜੋ ਆਪਣੇ ਆਪ ਨੂੰ ਬਹੁਤ ਤੇਜ ਤਰਾਰ ਸਿਆਸੀ ਪਾਰਟੀ ਸਮਝਦੀ ਹੈ, ਨੇ ਬਿਹਾਰ ਵਿਚ ਦੋਵੇਂ ਹੱਥਾਂ ਵਿੱਚ ਲੱਡੂ ਰੱਖ ਲਏ ਹਨ। ਭਾਜਪਾ ਇਸ ਗੱਲ ਨੂੰ ਲੈ ਕੇ ਬਿਹਾਰ ਵਿਚ ਆਪਣੇ ਪੈਰ ਜਮਾਉਣ ਲੱਗੀ ਹੈ ਕਿ ਭਾਵੇਂ ਨਿਤੀਸ਼ ਕੁਮਾਰ ਦੀ ਜਿੱਤ ਹੋਵੇ ਜਾਂ ਫਿਰ ਚਿਰਾਗ ਦੀ ਜਿੱਤ ਹੋਵੇ, ਦੋਵੇਂ ਉਸ ਦੇ ਪੈਰ ਦੇ ਬਟੇਰੇ ਹਨ। ਹਾਲਾਂਕਿ ਚਿਰਾਗ ਅਤੇ ਨਿਤੀਸ਼ ਕੁਮਾਰ  ਵੀ ਇਸ ਗੱਲ ਨੂੰ ਲੈ ਕੇ ਭਲੀ ਭਾਂਤ ਜਾਣੂੰ ਹਨ ਕਿ ਭਾਜਪਾ ਉਨ੍ਹਾਂ ਨੂੰ ਖਤਮ ਕਰ ਰਹੀ ਹੈ, ਪਰ ਉਨ੍ਹਾਂ ਦੋਵਾਂ ਦਾ ਭਾਜਪਾ ਨਾਲ ਜੁੜੇ ਰਹਿਣ ਦੀ ਗੱਲ, ' ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਾਲੀ ਬਣ ਚੁੱਕੀ ਹੈ, ਕਿਉਂਕਿ ਦੋਵੇਂ ਨੇਤਾ ਭਾਜਪਾ ਦੀ ਅੰਦਰੂਨੀ ਨੀਤੀ ਨੂੰ ਸਮਝ ਚੁੱਕੇ ਜਾਣ ਦੇ ਬਾਵਜੂਦ ਵੀ ਭਾਜਪਾ ਦਾ ਖਹਿੜਾ ਨਾ ਛੱਡਣ ਲਈ ਮਜਬੂਰ ਹਨ। ਭਾਜਪਾ ਜਿਥੇ ਨਿਤੀਸ਼ ਕੁਮਾਰ ਦਾ ਚਿਰਾਗ ਗੁੱਲ ਕਰਨ ਵਿਚ ਲੱਗੀ ਹੋਈ ਹੈ ਉਥੇ ਉਹ ਚਿਰਾਗ ਪਾਸਵਾਨ ਦਾ ਚਿਰਾਗ ਬੁਝਾਕੇ ਆਪਣੇ ਘਰ ਵਿਚ ਚਿਰਾਗ ਬਾਲ ਕੇ ਰੌਸ਼ਨੀ ਕਰਨ ਲਈ ਵਿਉਂਤਬੰਦੀ ਕਰ ਰਹੀ ਹੈ। ਭਾਜਪਾ ਬਿਹਾਰ ਵਿਚ ਆਪਣਾ ਚਿਰਾਗ ਬਾਲ ਕੇ ਆਪਣੇ ਆਪ ਨੂੰ ਰੁਸ਼ਨਾਉਣ ਲਈ ਹਰ ਤਰ੍ਹਾਂ ਦੇ ਹੱਥ ਕੰਡੇ ਵਰਤ ਰਹੀ ਹੈ। ਬਿਹਾਰ ਵਿਚ ਕਿਸ ਦੀ ਸਰਕਾਰ ਬਣੇਗੀ, ਇਹ ਤਾਂ ਨਤੀਜਾ ਹੀ ਦੱਸੇਗਾ ਪਰ ਇਸ ਵੇਲੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀਆਂ ਰੈਲੀਆਂ ਵਿਚ ਲੋਕ ਗੰਢੇ ਮਾਰ ਰਹੇ ਹਨ, ਜਿਸ ਕਰਕੇ ਗੰਢਿਆਂ  ਅਤੇ ਤੇਜਸਵੀ ਯਾਦਵ ਦੇ ਇਕੱਠਾਂ ਦੀ ਕੁੜੱਤਣ ਭਾਜਪਾ ਦੀਆਂ ਅੱਖਾਂ ਵਿਚ ਜਾ ਕੇ ਰੜਕਣ ਲੱਗ ਪਈ ਹੈ। 
- ਸੁਖਦੇਵ ਸਲੇਮਪੁਰੀ
09780620233
4 ਨਵੰਬਰ, 2020