ਲੁਧਿਆਣੇ ਚ ਯੋਗਰਾਜ ਦੀ ਲਲਕਾਰ

ਪੰਜਾਬ ਦੀ ਮਿੱਟੀ ਲਈ ਗੋਲ਼ੀ ਖਾਣ ਨੂੰ ਵੀ ਤਿਆਰ

ਸਾਹਨੇਵਾਲ/ਲੁਧਿਆਣਾ, ਅਕਤੂਬਰ  2020-(ਸਤਪਾਲ ਸਿੰਘ ਦੇਹਰਕਾ/ ਮਨਜਿੰਦਰ ਗਿੱਲ) 

 ਦਿੱਲੀ ਦੇ ਜਰਵਾਣਿਆਂ ਨੇ ਸੋਚੀ ਸਮਝੀ ਚਾਲ ਤਹਿਤ ਪੰਜਾਬ ਦੀ ਸੰਘੀ ਨੂੰ ਹੱਥ ਪਾ ਕੇ ਕਿਸਾਨ, ਮਜ਼ਦੂਰ ਅਤੇ ਵਪਾਰੀ ਵਰਗ ਦੀ ਮੌਤ ਦੇ ਵਾਰੰਟਾਂ 'ਤੇ ਦਸਤਖ਼ਤ ਕਰ ਦਿੱਤੇ ਹਨ। ਇਹ ਸ਼ਬਦ ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਕਨੇਚ ਦੇ ਜੰਮਪਲ ਉੱਘੇ ਅਦਾਕਾਰ ਯੋਗਰਾਜ ਸਿੰਘ ਨੇ ਕਿਸਾਨੀ ਮੁੱਦੇ 'ਤੇ ਪੰਜਾਬ ਅੰਦਰ ਚੱਲ ਰਹੇ ਸੰਘਰਸ਼ ਨੂੰ ਰਫ਼ਤਾਰ ਦੇਣ ਲਈ ਆਪਣੇ ਹੀ ਪਿੰਡ ਕਨੇਚ ਵਿਖੇ ਰੇਲਵੇ ਲਾਈਨਾਂ 'ਤੇ ਰੋਸ ਰੈਲੀ ਨੂੰ ਜਜ਼ਬਾਤੀ ਸ਼ਬਦਾਂ ਨਾਲ ਸੰਬੋਧਨ ਕਰਦਿਆਂ ਸਾਂਝੇ ਕੀਤੇ। ਉਨ੍ਹਾਂ ਸਮੂਹ ਨਿਹੰਗ ਸਿੰਘਾਂ ਤੇ ਡੇਰਿਆਂ ਵਾਲੇ ਬਾਬਿਆਂ ਨੂੰ ਕਿਸਾਨੀ ਨਾਲ ਖੜ੍ਹਨ ਦੀ ਅਪੀਲ ਕਰਦਿਆਂ ਕਿਹਾ ਕਿ ਜੇ ਨਾ ਖੜ੍ਹੇ ਤਾਂ ਪੰਜਾਬ ਮੰਦਹਾਲੀ ਅਤੇ ਭੁੱਖਮਰੀ ਦਾ ਸ਼ਿਕਾਰ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਜਿੱਥੇ ਅੱਜ ਦੇਸ਼ ਦਾ ਨੌਜਵਾਨ ਵਿਦੇਸ਼ਾਂ ਵੱਲ ਰੁਖ਼ ਕਰ ਰਿਹਾ ਹੈ, ਉੱਥੇ ਹੀ ਬਜ਼ੁਰਗ ਵੀ ਵਿਦੇਸ਼ਾਂ ਦੇ ਰਾਹ ਪੈ ਗਏ ਹਨ, ਜਿਸ ਦਾ ਕਾਰਨ ਸਮੇਂ ਦੀਆਂ ਹਾਕਮ ਧਿਰਾਂ ਦੀਆਂ ਗ਼ਲਤ ਨੀਤੀਆਂ ਹਨ। ਜੇ ਕਿਸਾਨੀ ਨਾ ਰਹੀ ਤਾਂ ਪੰਜਾਬ ਦਾ ਹਰ ਵਰਗ ਆਰਥਿਕ ਮੰਦਹਾਲੀ ਨਾਲ ਜੂਝਦਾ ਹੋਇਆ ਗਲਤ ਦਿਸ਼ਾ ਅਖ਼ਤਿਆਰ ਕਰ ਸਕਦਾ ਹੈ। ਉਨ੍ਹਾਂ ਕਿਸਾਨੀ ਅੰਦੋਲਨ ਕਰ ਰਹੇ ਨੌਜਵਾਨਾਂ ਅਤੇ ਆਗੂਆਂ ਨੂੰ ਵੀ ਕਿਹਾ ਕਿ ਸ਼ਾਂਤੀਪੂਰਵਕ ਅੰਦੋਲਨ ਹੀ ਇਸ ਮਸਲੇ ਦਾ ਹੱਲ ਹੈ। ਉਨ੍ਹਾਂ ਲਲਕਾਰਦਿਆਂ ਕਿਹਾ ਕਿ ਪੰਜਾਬ ਦੀ ਮਿੱਟੀ ਲਈ ਮੈਂ ਹਰ ਇਕ ਕੁਰਬਾਨੀ ਕਰਨ ਸਮੇਤ ਆਪਣੇ ਮੱਥੇ ਵਿਚ ਗੋਲ਼ੀ ਖਾਣ ਲਈ ਵੀ ਤਿਆਰ ਹਾਂ। ਪੰਜਾਬ ਦੇ ਪ੍ਰਸਿੱਧ ਕੱਵਾਲ ਸਰਦਾਰ ਅਲੀ ਨੇ ਕਿਹਾ ਕਿ ਕਿਸਾਨ ਭਰਾਵਾਂ ਦੇ ਸੰਘਰਸ਼ ਨੂੰ ਇਨਸਾਨੀ ਸੰਘਰਸ਼ ਐਲਾਨਿਆ ਜਾਵੇ। ਗਾਇਕ ਜਾਂ ਕਲਾਕਾਰ ਇਸ ਸੰਘਰਸ਼ 'ਚ ਸਾਥ ਦੇਣ ਤਾਂ ਕਿ ਉਹ ਗਦਾਰਾਂ ਦੀ ਕਤਾਰ 'ਚ ਨਾ ਖੜ੍ਹਨ। ਇਸ ਦੌਰਾਨ ਲਾਲ ਸਿੰਘ ਮਾਂਗਟ ਨੇ ਵੀ ਕਿਸਾਨ ਭਰਾਵਾਂ ਨੂੰ ਭਰਪੂਰ ਸਮਰਥਨ ਦੇਣ ਦਾ ਅਹਿਦ ਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਲਕੀਤ ਰੌਣੀ, ਸੀਮਾ ਕੌਸ਼ਲ, ਗੁਰਪ੍ਰਰੀਤ ਕੌਰ ਭੰਗੂ, ਪ੍ਰਵੀਨ ਅਖ਼ਤਰ (ਸਾਰੇ ਅਦਾਕਾਰ), ਸਰਪੰਚ ਹਰਪ੍ਰਰੀਤ ਕੌਰ, ਕਰਮਜੀਤ ਸਿੰਘ ਭੈਰੋਮੁੰਨਾ ਆਦਿ ਸਮੂਹ ਗ੍ਰਾਮ ਪੰਚਾਇਤ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।