ਜਗਰਾਉਂ ਰੇਲਵੇ ਸਟੇਸ਼ਨ ਕਿਸਾਨ ਸ਼ੰਘਰਸ਼ ਪਹੁੰਚਿਆ  266 ਵੇ ਦਿਨ  ਸ਼ਹੀਦਾਂ ਨੂੰ ਕੀਤਾ ਗਿਆ ਸਿਜਦਾ  

ਜਗਰਾਉਂ , 23 ਜੂਨ (ਸਤਪਾਲ ਸਿੰਘ ਦੇਹਡ਼ਕਾ, ਮਨਜਿੰਦਰ ਗਿੱਲ ) 

ਅੱਜ ਦੇ ਦਿਨ ਬੰਗਾਲ ਦੇ ਮਿਦਨਾਪੁਰ ਜਿਲੇ ਦੇ ਪਿੰਡ ਮੋਹਨਪੁਰ ਵਿਖੇ ਜਨਮੇ ਦੇਸ਼ ਭਗਤ ਰਜਿੰਦਰ ਨਾਥ ਲਹਿਰੀ ਦੇ ਜਨਮ ਦਿਨ ਤੇ ਰੇਲ ਪਾਰਕ ਧਰਨੇ ਚ ਧਰਨਾਕਾਰੀਆਂ ਨੇ ਸ਼ਹੀਦ ਨੂੰ ਸਿਜਦਾ ਕੀਤਾ। ਇਸ ਸਮੇਂ ਮੰਚ ਸੰਚਾਲਕ ਮਾਸਟਰ ਧਰਮ ਸਿੰਘ ਸੂਜਾਪੁਰ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ  ਦੇ ਸਾਥੀ ਰਜਿੰਦਰ ਨਾਥ  ਲਹਿਰੀਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਦੇ ਮੈਂਬਰ ਸਨ। ਪਾਰਟੀ ਲਈ ਕਾਕੌਰੀ ਦੇ ਰੇਲਵੇ ਸਟੇਸ਼ਨ ਤੇ ਅੰਗਰੇਜਾਂ ਦਾ ਖਜਾਨਾ ਲੁੱਟਣ ਦੀ ਘਟਨਾ ਚ ਸ਼ਾਮਲ ਸਨ ਜਿਥੇ ਇਕ ਬੰਦਾ ਮਾਰਿਆ ਗਿਆ ਸੀ। ਇਸ ਦੋਸ਼ ਤਹਿਤ ਬਾਅਦ ਚ ਸ਼੍ਰੀ ਲਹਿਰੀ ਨੂੰ ਗੌੰਡਾ ਜੇਲ ਚ ਫਾਂਸੀ ਲਾ ਸ਼ਹੀਦ ਕਰ ਦਿੱਤਾ  ਗਿਆ ਸੀ। ਅਜ 266 ਵੇਂ ਦਿਨ ਚ ਦਾਖਲ ਹੋਏ ਇਸ ਧਰਨੇ ਚ ਝੋਨੇ ਦੀ ਬਿਜਾਈ ਮੌਕੇ ਪਾਵਰਕਾਮ ਵਲੋਂ ਭਾਰੀ ਬਿਜਲੀ ਕੱਟਾਂ ਦਾ ਮੁੱਦਾ ਪੂਰੀ ਤਰਾਂ ਭਖਿਆ ਰਿਹਾ। ਕਿਸਾਨ ਆਗੂਆਂ ਸੁਰਜੀਤ ਸਿੰਘ ਦੋਧਰ,ਕੁਲਵਿੰਦਰ ਸਿੰਘ ਢੋਲਣ,ਜਗਜੀਤ ਸਿੰਘ ਮਲਕ ਨੇ ਦਸਿਆ ਕਿ ਅਜ ਇਸ ਮਸਲੇ ਨੂੰ ਲੈ ਕੇ ਕਿਸਾਨਾਂ ਨੇ ਰਾਏਕੋਟ,ਮੁਲਾਂਪੁਰ,ਜਗਰਾਂਓ, ਲਲਤੋਂ ਕਲਾਂ ਵਿਖੇ ਬਿਜਲੀ ਦਫਤਰਾਂ ਮੂਹਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਚ  ਰੋਸ ਧਰਨੇ ਲਗਾਏ। ਬੁਲਾਰਿਆ ਨੇ ਦਸਿਆ ਕਿ ਕਿਸਾਨਾਂ ਦੀ ਇਕ ਟੰਗ ਕਿਸਾਨ ਮੋਰਚਿਆਂ ਚ ਹੈ ਤੇ ਦੂਜੀ ਖੇਤਾਂ ਚ ਝੋਨੇ ਦੀ ਬਿਜਾਈ ਚ। ਉਨਾਂ ਕਿਹਾ ਕਿ ਪਾਵਰਕਾਮ ਵਲੋਂ ਐਲਾਨੀ ਅੱਠ ਘੰਟੇ ਬਿਜਲੀ ਸਪਲਾਈ ਦੀ ਥਾਂ ਸਿਰਫ ਤਿੰਨ ਚਾਰ ਘੰਟੇ ਬਿਜਲੀ ਮਿਲ ਰਹੀ ਹੈ। ਇਸ ਹਾਲਤ ਹਰ ਪਿੰਡ ਵਿੱਚ ਹਾ ਹਾ ਕਾਰ ਮਚੀ ਹੋਈ ਹੈ। ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿਤੀ ਕਿ ਜੇਕਰ ਇਕ ਦੋ ਦਿਨ ਚ ਹਾਲਤ ਨਾ ਸੁਧਰੀ ਤਾਂ ਬਿਜਲੀ ਦਫਤਰਾਂ ਦੇ ਘਿਰਾਓ ਤੇ ਟ੍ਰੈਫਿਕ ਜਾਮ ਕੀਤੇ ਜਾਣਗੇ।ਬੁਲਾਰਿਆ  ਨੇ ਹੈਰਾਨਗੀ ਪ੍ਰਗਟ ਕੀਤੀ ਕਿ ਕੁਰਸੀ ਦੀ ਕੂਕੜਖੌਹੀ ਚ ਰੁੱਝੀ ਪੰਜਾਬ ਸਰਕਾਰ ਨੂੰ ਨਾ ਕਿਸਾਨਾਂ ਦੀ  ਨਾ ਸਫਾਈ ਕਾਮਿਆਂ ਦੀ ,ਨਾ ਬੇਰੁਜ਼ਗਾਰ ਅਧਿਆਪਕਾਂ ਦੀ ਕੋਈ ਫਿਕਰ ਹੈ। ਇਸ ਸਮੇਂ ਹਰਿਆਣਾ ਸਰਕਾਰ ਵਲੋਂ ਕਿਸਾਨਾਂ ਦੇ ਸਮਰਥਕ ਗੋਲਡਨ ਹੱਟ ਢਾਬੇ ਦੇ ਮਾਲਕ ਰਾਮ ਕੁਮਾਰ ਰਾਣਾ ਦੇ ਢਾਬੇ ਦਾ ਰਸਤਾ ਜਾਣਬੁੱਝ ਕੇ ਖੱਟਰ ਸਰਕਾਰ ਵਲੋਂ ਬੰਦ ਕਰਨ ਦੀ ਸਖਤ ਸ਼ਬਦਾਂ ਚ ਨਿੰਦਾ ਕਰਦਿਆਂ ਇਸ ਨੂੰ ਹਕੂਮਤੀ ਬੁਖਲਾਹਟ ਕਰਾਰ ਦਿੰਦਿਆ ਇਹ ਰਸਤਾ ਤੁਰੰਤ ਖੋਲਣ ਦੀ ਮੰਗ ਕੀਤੀ ਗਈ ਹੈ। ਬੁਲਾਰਿਆਂ ਨੇ ਇਲਾਕੇ ਦੇ ਸਮੂਹ ਕਿਸਾਨਾਂ ਨੂੰ ਪੂਰੀ ਬਿਜਲੀ ਸਪਲਾਈ ਹਾਸਲ ਕਰਨ ਲਈ ਸੰਘਰਸ਼ ਹਿਤ 26 ਜੂਨ ਨੂੰ ਸਵੇਰੇ 11 ਵਜੇ ਰੇਲ ਪਾਰਕ ਜਗਰਾਂਓ ਵਿਖੇ ਪੁੱਜਣ ਦਾ ਸੱਦਾ  ਦਿੱਤਾ ਹੈ।